ਸੌਦਾ ਸਾਧ ਨੂੰ ਮਾਫ਼ੀ ਦੇਣ ਤੋਂ 10 ਦਿਨ ਬਾਅਦ ਮੀਡੀਆ ਸਾਹਮਣੇ ਆਏ ਗਿਆਨੀ ਗੁਰਮੁੱਖ ਸਿੰਘ

ਅੰਦਰੂਨੀ ਭੇਦ ਦੱਸਣ ਲਈ ਮੰਗਿਆ ਤਿੰਨ ਦਿਨ ਦਾ ਸਮਾਂ, ਤਲਵੰਡੀ ਸਾਬੋ ਨੂੰ ਰਵਾਨਾ

ਅੰਮਿ੍ਰਤਸਰ 5 ਅਕਤੂਬਰ (ਨਰਿੰਦਰਪਾਲ ਸਿੰਘ) ਡੇਰਾ ਮੁਖੀ ਨੂੰ ਪੰਜ ਸਿੰਘ ਸਾਹਿਬਾਨ ਦੁਆਰਾ ਮੁਆਫੀ ਦਿੱਤੇ ਜਾਣ ਦੇ 10 ਦਿਨ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਹੈ ਕਿ ਉਹ ਸਮੁੱਚੇ ਪ੍ਰਕਰਣ ਸਬੰਧੀ ਬਹੁਤ ਜਲਦੀ ਖੁਲਾਸਾ ਕਰਨਗੇ। ਕਾਫੀ ਦਬਾਅ ਹੇਠ ਮਹਿਸੂਸ ਕੀਤੇ ਗਏ ਜਥੇਦਾਰ ਸਾਹਿਬ 24ਸਤੰਬਰ ਦੇ ਫੈਸਲੇ ਨੂੰ ਲੈਕੇ ਸ਼ੋਸ਼ਲ ਮੀਡੀਆ ਵਿੱਚ ਜਥੇਦਾਰ ਸਾਹਿਬਾਨ ਖਿਲਾਫ ਸਖਤ ਟਿਪਣੀਆਂ ਅਤੇ ਇਸ ਮਾਮਲੇ ਵਿੱਚ ਉਨਾਂ ਨੂੰ ਹੀ ਨਿਸ਼ਾਨਾ ਬਣਾਏ ਜਾਣ ਤੋਂ ਕਾਫੀ ਖਫਾ ਨਜਰ ਆਏ।ਉਹ ਦੇਰ ਸ਼ਾਮ ਆਪਣੀ ਧਰਮ ਸੁਪਤਨੀ ਸਹਿਤ ਤਲਵੰਡੀ ਸਾਬੋ ਲਈ ਰਵਾਨਾ ਹੋ ਗਏ। ਇਹ ਵੀ ਕਨਸੌਅ ਸੀ ਕਿ ਉਨਾਂ ਦੀ  ਤਲਵੰਡੀ ਸਾਬੋ ਤੀਕ ਅਗਵਾਈ  ਲਈ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਮੋਹਨ ਸਿੰਘ ਬੰਗੀ ਰਸਤੇ ਵਿੱਚ ਉਨਾਂ ਦਾ ਇੰਤਜਾਰ ਕਰ ਰਹੇ ਹਨ। ਬਾਅਦ ਦੁਪਿਹਰ ਗਿਆਨੀ ਗੁਰਮੁੱਖ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜਮਾਂ ਦੀ ਗਤੀਵਿਧੀ ਨੂੰ ਵੇਖਦਿਆਂ ਮੀਡੀਆਨੇ ਗਿਆਨੀ ਜੀ ਦੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਰਿਹਾਇਸ਼ ਦੇ ਬਾਹਰ ਡੇਰੇ ਲਗਾ ਲਏ। ਆਖਿਰ ਇੱਕ ਘੰਟੇ ਦੀ ਇੰਤਜਾਰ ਬਾਅਦ ਮੀਡੀਆ ਨੂੰ ਬੁਲਾਕੇ ਆਪਣੇ ਨਿਵਾਸ ਅਸਥਾਨ ਤੇ ਗਿਆਨੀ ਗੁਰਮੁੱਖ ਸਿੰਘ ਨੇ ਪੱਤਰਕਾਰਾਂ ਨਾਲ ਗਹਿਰਾ ਰੋਸ ਜਾਹਿਰ ਕੀਤਾ ਕਿ ਆਖਿਰ ਉਨਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਤੇ ਜਥੇਦਾਰ ਜੀ ਦਾ ਮੀਡੀਆ ਤੇ ਸੋਸ਼ਲ ਮੀਡੀਆ ਪ੍ਰਤੀ ਰੋਸ ਕੋਈ ਅੱਧਾ ਘੰਟਾ ਜਾਰੀ ਰਿਹਾ।

ਜਥੇਦਾਰ ਜੀ ਨੇ ਪੱਤਰਕਾਰਾਂ ਨੂੰ ਹੀ  ਕਿਹਾ ਕਿ ਵਟਸ-ਅੱਪ ਅਤੇ ਫੇਸ ਬੁੱਕ ’ਤੇ ਉਨਾਂ (ਗੁਰਮੁੱਖ ਸਿੰਘ) ਖਿਲਾਫ ਟਿਪਣੀਆਂ ਕਰਨ ਵਾਲਿਆਂ ਨੂੰ ਲੱਭ ਕੇ ਲਿਆਉਣ ,’ਜਿਥੋਂ ਮਰਜੀ ਪੰਜ ਪਿਆਰੇ ਲੈ ਆਣ,ਮੈਂ ਲੱਗੇ ਦੋਸ਼ਾਂ ਦਾ ਸਪਸ਼ਟੀਕਰਨ ਦੇਵਾਂਗਾ’। ਪੱਤਰਕਾਰਾਂ ਨੂੰ ਕਈ ਅੱਧੇ ਘੰਟਾ ਤੋਂ ਵੱਧ ਸਮਾਂ ਤਾਂ ਇਸ ਸਵਾਲ ਦਾ ਜਵਾਬ ਲੈਣਵਿੱਚ ਹੀ ਲੱਗ ਗਿਆ ਕਿ ’ਕੀ ਉਹ ਪੰਜ ਸਿੰਘ ਸਾਹਿਬਾਨ ਦੁਆਰਾ ਡੇਰਾ ਸਿਰਸਾ ਮੁੱਖੀ ਨੂੰ ਮੁਆਫ ਕਰਨ ਦੇ 24 ਸਤੰਬਰ ਦੇ ਫੈਸਲੇ ਤੇ ਦਿ੍ਰੜਤਾ ਨਾਲ ਖੜੇ ਹਨ?ਕੀ ਉਹ  ਉਸ  ਫੈਸਲੇ ਨਾਲ ਸਹਿਮਤ ਹਨ ਜਿਸ ਨਾਲ ਸਿੱਖ ਕੌਮ ਦੋ ਵੱਖ ਵੱਖ ਧੜਿਆਂ ਵਿੱਚ ਵੰਡੀ ਗਈ ਹੈ?ਕਾਫੀ ਮੁਸ਼ੱਕਤ ਬਾਅਦ ਗਿਆਨੀ ਗੁਰੱਮੁਖ ਸਿੰਘ ਇਹ ਹੀ ਕਹਿ ਸਕੇ ਕਿ ਉਹ ਇਸ ਸਮੁੱਚੇ ਮਾਮਲੇ ਵਿੱਚ ਤਿੰਨ ਦਿਨ ਬਾਅਦ  ਅਹਿਮ ਖੁਲਾਸਾ ਕਰਨਗੇ ।ਬਾਰ ਬਾਰ ਪੁੱਛੇ ਜਾਣ ਤੇ ਕਿ ਆਖਿਰ ਇਸ ਮੁਆਫੀ ਮਾਮਲੇ ਵਿੱਚ ਉਨਾਂ ਨੂੰ ਹੀ ਕਿਉਂ ਨਿਸ਼ਾਨਾਂ ਬਣਾਇਆ ਗਿਆ ਹੈ ,ਕੀ ਇਸ ਪਿੱਛੇ ਕੋਈ ਸਾਜਿਸ਼ ਕੰਮ ਕਰਦੀ ਹੈ ਤਾਂ ਉਨਾਂ ਕਿਹਾ’ਤੁਸੀਂ ਕਹਿ ਸਕਦੇ ਹੋ’। 24 ਸਤੰਬਰ ਦੇ ਵਿਵਾਦਤ ਫੈਸਲੇ ਬਾਅਦ ਗਿਆਨੀ ਗੁਰਮੁੱਖ ਸਿੰਘ ਦੇ ਪ੍ਰੀਵਾਰਕ ਜੀਆਂ ਦਰਮਿਆਨ ਵਧੇ ਵਖਰੇਵਿਆਂ ਨੂੰ ਨਕਾਰਦਿਆਂ ਉਨਾਂ ਕਿਹਾ ਕਿ ਇਹ ਸਭ ਤਾਂ ਹਰ ਪ੍ਰੀਵਾਰ ਵਿੱਚ ਵਾਪਰਦਾ ਹੈ ਤੇ ਉਨਾਂ ਦੇ ਇਹ ਪ੍ਰੀਵਾਰਕ ਵਖਰੇਵੇਂ ਤਾਂ ਡੇਢ ਸਾਲ ਤੋਂ ਹਨ। ਜਦੋਂ ਇਹ ਪੁੱਿਛਆ ਗਿਆ ਕਿ ਤੁਹਾਨੂੰ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਐਲਾਨੇ ਜਾਣ ਮੌਕੇ ਸਭਤੋਂ ਪਹਿਲਾਂ ਤੁਹਾਡੇ ਇਹ ਕਰੀਬੀ ਰਿਸ਼ਤੇਦਾਰ ਹੀ ਅੱਗੇ ਆਏ ਸਨ ਤਾਂ ਗਿਆਨੀ ਜੀ ਮੌਜੂਦਾ ਵਖਰੇਵੇਂ ਲਈ ਮੀਡੀਆ ਦੇ ਦੋਸ਼ ਕੱਢਦੇ  ਨਜਰ ਆਏ। ਕਈ ਪੁੱਛੇ ਗਏ ਸਵਾਲਾਂ ਦਾ ਜਵਾਬ ਤਾਂ ਗਿਆਨੀ ਗੁਰਮੁੱਖ ਸਿੰਘ ਰੋਸ ਵਜੋਂ ਇਹੀ ਦਿੰਦੇ ਰਹੇ ਕਿ ’ਹੁਣ ਸਰਬੱਤ ਖਾਲਸਾ ਸੱਦਿਆ ਜਾ ਰਿਹਾ ਹੈ,ਸਵਾਲਾਂ  ਦੇ  ਜਵਾਬ ਤਾਂ ਸ੍ਰੀ ਅਕਾਲ ਤਖਤ  ਸਾਹਿਬ ਹੀ ਦੇ ਸਕਦੇ ਹਨ,ਕੁਝ ਸਮਾਂ ਹੋਰ ਉਡੀਕੋ ਸੱਚ ਝੂਠ ਦਾ ਨਿਬੇੜਾ ਤਾਂ ਕਲਗੀਧਰ ਪਾਤਸ਼ਾਹ ਕਰਨਗੇ’।ਲੇਕਿਨ ਉਨਾਂ ਇਹ ਵੀ ਦੁਹਰਾਇਆ ਕਿ ਉਨਾਂ ਦਾ ਕਿਧਰੇ ਵੀ ਸਿਆਸਤ ਨਾਲ ਕੋਈ ਲੈਣ ਦੇਣ ਨਹੀ ,ਉਹ ਸੇਵਾ ਕਰਕੇ ਇਸ ਮੁਕਾਮ ਤੀਕ ਪੁਜੇ ਹਨ ਤੇ ਕੌਮ ਦੇ ਸੇਵਾਦਾਰ ਹਨ।

International