ਅਕਾਲੀ ਦਲ ਦੀਆਂ ਟਿਕਟਾਂ 10 ਲੱਖ ‘ਚ ਵਿਕੀਆਂ ?

ਗੁਰਦਾਸਪੁਰ 21 ਫਰਵਰੀ (ਪ.ਬ.) ਮਿਊਂਸਪਲ ਚੋਣ ਵਿੱਚ ਅਕਾਲੀ ਦਲ ਦੀਆਂ ਟਿਕਟਾਂ 10-10 ਲੱਖ ਵਿੱਚ ਵਿਕੀਆਂ? ਇਸ ਸਵਾਲ ਅਕਾਲੀਆਂ ਵੱਲੋਂ ਹੀ ਖੜਾ ਕੀਤਾ ਗਿਆ ਹੈ। ਅਸਲ ਵਿੱਚ ਇੱਕ ਅਕਾਲੀ ਉਮੀਦਵਾਰ ਨੇ ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਤੇ ਸੰਸਦੀ ਸਕੱਤਰ ‘ਤੇ ਟਿਕਟਾਂ ਲਈ ਪੈਸੇ ਮੰਗਣ ਦੇ ਇਲਜ਼ਾਮ ਲਾਏ ਹਨ। ਅਕਾਲੀ ਦਲ ਦੇ ਲੀਡਰ ਨੇ ਆਡੀਓ ਸੀਡੀ ਜਾਰੀ ਕਰਕੇ ਇਲਜ਼ਾਮ ਲਾਇਆ ਹੈ ਕੇ ਸੰਸਦੀ ਸਕੱਤਰ ਦੇਸ਼ ਰਾਜ ਧੁੱਗਾ ਨੇ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਪਾਰਟੀ ਦੀ ਟਿਕਟ ਦੇਣ ਲਈ 10 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਇਸ ਦੀ ਪੇਸ਼ਗੀ ਰਕਮ ਤਿੰਨ ਲੱਖ ਰੁਪਏ ਲਈ ਵੀ ਹੈ। ਉਧਰ, ਸੰਸਦੀ ਸਕੱਤਰ ਦਾ ਕਹਿਣਾ ਹੈ ਕਿ ਇਹ ਟਿਕਟਾਂ ਦਾ ਲੈਣ-ਦੇਣ ਨਹੀਂ ਸੀ ਸਗੋਂ ਵਪਾਰਕ ਲੈਣ-ਦੇਣ ਸੀ। ਅਕਾਲੀ ਵਰਕਰਾਂ ਨੇ ਇਲਜ਼ਾਮ ਲਾਇਆ ਹੈ ਕਿ ਪਹਿਲਾਂ ਤਾਂ ਦੇਸ਼ ਰਾਜ ਧੁੱਗਾ ਨੇ ਉਨਾਂ ਨੂੰ ਨਗਰ ਨਿਗਮ ਦੀ ਚੋਣ ਲਈ ਟਿਕਟ ਹੀ ਨਹੀਂ ਦਿੱਤੀ ਤੇ ਬਾਅਦ ਵਿੱਚ ਆਖਰੀ ਮੌਕੇ ਜਿਨਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ, ਉਨਾਂ ਦੇ ਕਾਗਜ਼ ਵਾਪਸ ਲੈਣ ਦੇ ਇਵਜ਼ ਵਿੱਚ 10 ਲੱਖ ਰੁਪਏ ਵੀ ਲਏ। ਕੁੱਲ 11 ਟਿਕਟਾਂ ਵਿੱਚੋਂ 4 ਅਕਾਲੀ ਉਮੀਦਵਾਰਾਂ ਦੇ ਕਾਗਜ਼ ਵਾਪਸ ਲਏ ਗਏ। ਇਹ ਇਲਜ਼ਾਮ ਅਕਾਲੀ ਲੀਡਰ ਗੌਰਵ ਭੱਲਾ ਨੇ ਲਾਏ ਹਨ। ਉਨਾਂ ਦਾ ਕਹਿਣਾ ਹੈ ਕਿ ਸੰਸਦੀ ਸਕੱਤਰ ਦਬਾਅ ਪਾ ਰਹੇ ਹਨ ਕਿ ਸੌਦੇ ਦੇ ਬਾਕੀ ਸੱਤ ਲੱਖ ਰੁਪਏ ਦਿੱਤੇ ਜਾਣ। ਉਧਰ, ਸੰਸਦੀ ਸਕੱਤਰ ਦਾ ਕਹਿਣਾ ਹੈ ਕਿ ਉਨਾਂ ਨੇ ਤਿੰਨ ਲੱਖ ਰੁਪਏ ਲਏ ਹਨ ਤੇ ਸੱਤ ਲੱਖ ਰੁਪਏ ਹੋਰ ਲੈਣ ਲਈ ਫੋਨ ਵੀ ਕੀਤਾ ਸੀ ਪਰ ਇਹ ਟਿਕਟਾਂ ਦਾ ਸੌਦਾ ਨਹੀਂ ਸਗੋਂ ਵਪਾਰਕ ਲੈਣ-ਦੇਣ ਹੈ। ਇਸ ਦੇ ਨਾਲ ਹੀ ਸਾਬਕਾ ਅਕਾਲੀ ਮੰਤਰੀ ਬਲਬੀਰ ਸਿੰਘ ਬਾਠ ਨੇ ਕਿਹਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਵੀ ਧੁੱਗਾ ‘ਤੇ ਅਜਿਹੇ ਇਲਜ਼ਾਮ ਲੱਗੇ ਸਨ। ਉਨਾਂ ਕਿਹਾ ਕਿ ਇਸ ਬਾਰੇ ਹਾਈਕਮਾਨ ਨੂੰ ਜਾਣੂ ਕਰਵਾਇਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

International