ਮੰਡੀ ’ਚ ਮੀਂਹ ਕਾਰਨ ਮੱਕੀ ਦੀ 10 ਹਜ਼ਾਰ ਬੋਰੀ ਦਾ ਹੋਇਆ ਨੁਕਸਾਨ-ਮੰੂਗੀ ਦੀ ਫ਼ਸਲ ਵੀ ਹੋਈ ਪ੍ਰਭਾਵਿਤ

ਮੰਡੀ ’ਚ ਕੱਚੇ ਫੜਾਂ ਤੇ ਸੈੱਡਾਂ ਦਾ ਬੁਰਾ ਹਾਲ

ਜਗਰਾਉਂ, 17 ਜੂਨ (ਚਰਨਜੀਤ ਸਿੰਘ ਸਰਨਾ/ਰਜਨੀਸ਼ ਬਾਂਸਲ)-ਏਸ਼ੀਆ ਦੀ ਦੂਸਰੀ ਸਭ ਤੋਂ ਵੱਡੀ ਅਨਾਜ਼ ’ਚ ਮੀਂਹ ਕਾਰਨ ਖੁੱਲੇ ਅਸਮਾਨ ਹੇਠਾਂ ਪਈ ਮੱਕੀ ਦੀ 10 ਹਜ਼ਾਰ ਦੇ ਕਰੀਬ ਬੋਰੀ ਦੇ ਨੁਕਸਾਨ ਹੋਣ ਦਾ ਪਤਾ ਲੱਗਾ। ਇਸ ਤੋਂ ਇਲਾਵਾ ਮੂੰਗੀ ਦੀ ਫ਼ਸਲ ਵੀ ਪ੍ਰਭਾਵਿਤ ਹੋਈ ਹੈ। ਪੰਜਾਬ ਦਾ ਕਿਸਾਨ ਪਹਿਲਾ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਤੇ ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਕਿਉਂਕਿ ਉਹ ਆਪਣਾ ਕਰਜ਼ਾ ਨਹੀਂ ਮੋੜ ਸਕਦਾ, ਜਿਸ ਦਾ ਮੁੱਖ ਕਾਰਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਵੀ ਕਹਿ ਜਾ ਸਕਦਾ ਹੈ ਜਾਂ ਮੀਂਹ ਕਾਰਨ ਫ਼ਸਲਾਂ ਦਾ ਨੁਕਸਾਨ ਹੋੋਣਾ। ਕਈ ਵਾਰ ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਖੇਤਾਂ ’ਚ ਹੀ ਖ਼ਰਾਬ ਹੋ ਜਾਂਦੀ ਹੈ ਤੇ ਕਈ ਵਾਰ ਮੰਡੀਆਂ ’ਚ ਲਿਆਉਣ ਦੇ ਬਾਵਜੂਦ ਖ਼ਰਾਬ ਹੋ ਜਾਂਦਾ ਹੈ, ਜਿਸ ਦਾ ਕਾਰਨ ਮੰਡੀ ਬੋਰਡ ਵੱਲੋਂ ਮੰਡੀਆਂ ’ਚ ਪੁਖਤਾ ਪ੍ਰਬੰਧ ਨਾ ਕਰਨਾ ਹੈ। ਅੱਜ ਪਏ ਮੀਂਹ ਕਾਰਨ ਜਗਰਾਉਂ ਦੀ ਅਨਾਜ ’ਚ 10 ਹਜ਼ਾਰ ਦੇ ਕਰੀਬ ਮੱਕੀ ਦੀਆਂ ਬੋਰੀਆਂ ਖ਼ਰਾਬ ਹੋ ਚੁੱਕੀਆਂ ਹਨ ਤੇ ਮੂੰਗੀ ਦੀ ਫ਼ਸਲ ਵੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਮੰਡੀ ’ਚ ਖੁੱਲੇ ਅਸਮਾਨ ਹੇਠਾਂ ਖਿੱਲਰੀ ਪਈ ਮੱਕੀ ਵੀ ਨੁਕਸਾਨ ਜਾ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਾਜ ਖ੍ਰੀਦ ਐਸੋਸੀਏਸ਼ਨ ਪ੍ਰਧਾਨ ਘਨੱਈਆ ਲਾਲ ਬਾਂਕਾ ਨੇ ਦੱਸਿਆ ਕਿ ਜਗਰਾਉਂ ਦੀ ਮੰਡੀ ਦਾ ਬਹੁਤ ਬੁਰਾ ਹਾਲ ਹੈ, ਕਿਉਂਕਿ ਇੱਥੇ ਨਾ ਤਾਂ ਸੈੱਡ ਸਹੀ ਹਨ ਤੇ ਨਾ ਹੀ ਫੜ ਪੱਕੇ ਹਨ, ਜਿਸ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਉਨਾਂ ਦੱਸਿਆ ਕਿ ਅੱਜ ਜਦੋਂ ਤੇਜ਼ ਹਨੇਰੀ ਆਈ ਤਾਂ ਮੱਕੀ ’ਤੇ ਪਈਆਂ ਤਰਪਾਲਾਂ ਉਡ ਗਈ ਤੇ ਮੀਂਹ ਕਾਰਨ 10 ਹਜ਼ਾਰ ਦੇ ਕਰੀਬ ਬੋਰੀਆਂ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਮੰਡੀ ’ਚ ਖੁੱਲੀ ਪਈ ਮੱਕੀ ਵੀ ਨੁਕਸਾਨੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਇਹ ਮੰਡੀ ਵਪਾਰੀਆਂ ਵਾਸਤੇ ਨਹੀਂ ਬਣੀ, ਜਿੱਥੇ ਕੋਈ ਪ੍ਰਬੰਧ ਨਹੀਂ, ਜਿਸ ਕਾਰਨ ਕਿਸਾਨਾਂ ਸਮੇਤ ਵਪਾਰੀਆਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਮੰਡੀ ’ਚ ਮੱਕੀ ਦੀ ਫ਼ਸਲ ਬਹੁਤ ਜ਼ਿਆਦਾ ਆਉਣ ਕਾਰਨ ਸਾਰੀ ਮੰਡੀ ਫ਼ਸਲ ਨਾਲ ਭਰੀ ਪਈ ਹੈ। ਇਸ ਸਬੰਧੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਨੇ ਦੋ-ਤਿੰਨ ਦਿਨ ਪਹਿਲਾ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਤੁਸੀ ਥੋੜੇ ਦਿਨ ਰੁਕ ਕੇ ਆਪਣੀ ਫ਼ਸਲ ਲਿਆਓ, ਕਿਉਂਕਿ ਮੰਡੀ ’ਚ ਫ਼ਸਲ ਰੱਖਣ ਦੀ ਕੋਈ ਥਾਂ ਨਹੀਂ ਸੀ ਪਰ ਕਿਸਾਨਾਂ ਨੇ ਅਪੀਲ ਦੇ ਧਿਆਨ ਨਾ ਦਿੱਤਾ ਤੇ ਫ਼ਸਲ ਦਾ ਨੁਕਸਾਨ ਕਰਵਾ ਲਿਆ।

Unusual
Weather
Grain Market
Rain