ਪਾਕਿ ਦੀ ਪਹਿਲੀ ਸਿੱਖ ਪੱਤਰਕਾਰ ਕੁੜੀ ਮਨਮੀਤ ਕੌਰ ਦਾ ਨਾਂ ਵਿਸ਼ਵ ਦੇ ਪਹਿਲੇ 100 ਪ੍ਰਭਾਵੀ ਸਿੱਖਾਂ 'ਚ ਸ਼ਾਮਲ

ਬਿੰਦਰ ਸਿੰਘ ਖੁੱਡੀ ਕਲਾਂ
ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਕੁੜੀ ਮਨਮੀਤ ਕੌਰ ਨੂੰ ਆਪਣਾ ਨਾਂ ਵਿਸ਼ਵ ਦੇ ਸੌ ਪ੍ਰਭਾਵੀ ਸਿੱਖਾਂ ਦੀ ਸੂਚੀ 'ਚ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਹੋਇਆ ਹੈ।ਸਮੁੱਚੇ ਵਿਸ਼ਵ 'ਚ ਸਰਵੇ ਕਰਵਾ ਕੇ ਪ੍ਰਭਾਵੀ ਸਿੱਖ ਸਖਸ਼ੀਅਤਾਂ ਦੀ ਸੂਚੀ ਤਿਆਰ ਕਰਵਾਉਣ ਵਾਲੀ ਬਰਤਾਨੀਆ ਆਧਾਰਿਤ ਗਲੋਬਲ ਸਿੱਖ ਆਰਗੇਨਾਈਜ਼ੇਸਨ ਵੱਲੋਂ ਮਨਮੀਤ ਕੌਰ ਦਾ ਨਾਂ ਉਸ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਵੇਖਦਿਆਂ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਹੈ।ਸੂਚੀ 'ਚ ਸ਼ੁਮਾਰ ਸਾਰੀਆਂ ਸਖਸ਼ੀਅਤਾਂ ਨੂੰ ਆਰਗੇਨਾਈਜੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ।ਪਾਕਿਸਤਾਨ 'ਚ ਪੱਤਰਕਾਰੀ ਕਰਨਾ ਉਹ ਵੀ ਘੱਟ ਗਿਣਤੀ ਦੀ ਪਹਿਚਾਣ ਨੂੰ ਕਾਇਮ ਰੱਖਦਿਆਂ ਆਪਣੇ ਆਪ 'ਚ ਬਹੁਤ ਹੀ ਚੁਣੌਤੀ ਭਰਪੂਰ ਕਾਰਜ਼ ਹੈ।ਪਾਕਿ 'ਚ ਪੱਤਰਕਾਰੀ 'ਤੇ ਅਣ ਐਲਾਨੀਆਂ ਪਾਬੰਦੀਆਂ ਦੌਰਾਨ ਮਨਮੀਤ ਕੌਰ ਵੱਲੋਂ ਆਪਣੇ ਸੁਪਨਿਆਂ ਨੂੰ ਪਰਵਾਜ਼ ਦੇਣਾ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।ਚੌਵੀ ਵਰ੍ਹਿਆਂ ਦੀ ਇਹ ਮੁਟਿਆਰ ਪੇਸ਼ਾਵਰ ਦੀ ਰਹਿਣ ਵਾਲੀ ਹੈ।ਪੱਤਰਕਾਰੀ ਦੇ ਨਾਲ ਨਾਲ ਮਨਮੀਤ ਸਮਾਜ ਸੇਵਾ ਕਾਰਜਾਂ 'ਚ ਵੀ ਮੋਹਰੀ ਰਹਿੰਦੀ ਹੈ।

ਨਿਧੜਕ ਪੱਤਰਕਾਰੀ ਦਾ ਸਿਰਨਾਵਾਂ ਮਨਮੀਤ ਕੌਰ ਵੱਲੋਂ ਪਾਕਿ 'ਚ ਘੱਟ ਗਿਣਤੀਆਂ ਦੀਆਂ ਚੁਣੌਤੀਆਂ ਨੂੰ ਬੇਬਾਕੀ ਨਾਲ ਉਭਾਰਨ 'ਤੇ ਉਸ ਨੂੰ ਕਈ ਵਾਰ ਮਾਣ ਸਨਮਾਨ ਮਿਲ ਚੁੱਕੇ ਹਨ। ਬਤੌਰ ਸਿੱਖ ਪੱਤਰਕਾਰ ਸਿੱਖੀ ਦੇ ਮਾਣਮੱਤੇ ਇਤਿਹਾਸ ਨੂੰ ਉਭਾਰਨ ਵਾਲੀ ਮਨਮੀਤ ਕੌਰ ਨੇ ਸ਼ੋਸਲ ਸਾਇੰਸ ਵਿਸ਼ਿਆਂ 'ਚ ਗਰੈਜੂਏਸ਼ਨ ਕਰਨ ਉਪਰੰਤ ਪੇਸ਼ਾਵਰ ਦੇ ਜਿਨਾਹ ਕਾਲਜ ਆਫ ਵੋਮੈਨ ਤੋਂ ਪੋਸਟ ਗਰੈਜੂਏਟ ਦੀ ਡਿਗਰੀ ਹਾਸਿਲ ਕੀਤੀ।ਮਨਮੀਤ ਦਾ ਕਹਿਣਾ ਹੈ ਕਿ ਪਾਕਿਸਤਾਨੀ ਸਿੱਖਾਂ ਦੀ ਸਾਖਰਤਾ ਦਰ ਬਹੁਤ ਜਿਆਦਾ ਘੱਟ ਹੈ ਅਤੇ ਉਸਨੇ ਔਰਤਾਂ ਦੀ ਜਿੰਦਗੀ ਦੇ ਹਾਲਤਾਂ ਅਤੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਹੀ ਪੱਤਰਕਾਰੀ ਦੇ ਚੁਣੌਤੀਆਂ ਭਰਪੂਰ ਖੇਤਰ 'ਚ ਕਦਮ ਰੱਖਿਆ ਹੈ।ਮਨਮੀਤ ਦੀ ਭੈਣ ਬੈਂਕ ਵਿੱਚ ਨੌਕਰੀ ਕਰਦੀ ਹੈ।ਮਨਮੀਤ ਦਾ ਕਹਿਣਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣਾ ਚਾਹੁੰਦੀ ਹੈ ਅਤੇ ਬਤੌਰ ਪੱਤਰਕਾਰ ਇੱਥੋਂ ਦੀ ਧਾਰਮਿਕ ਕਵਰੇਜ਼ ਕਰਨਾ ਉਸ ਦੀ ਜਿੰਦਗੀ ਦਾ ਸੁਪਨਾ ਹੈ।

                ਮਨਮੀਤ ਦਾ ਕਹਿਣਾ ਹੈ ਕਿ ਸਿੱਖ ਹੋਣਾ ਉਸ ਲਈ ਬੜੇ ਗੌਰਵ ਵਾਲੀ ਗੱਲ ਹੈ।ਇਸਲਾਮਿਕ ਮੁਲਕ 'ਚ ਸਿੱਖੀ ਪਹਿਚਾਣ 'ਚ ਵਿਚਰਦਿਆਂ ਉਸ ਨੁੰ ਕਦੇ ਵੀ ਕੋਈ ਮੁਸ਼ਕਿਲ ਪੇਸ਼ ਨਹੀ ਆਈ।ਉਸਦਾ ਕਹਿਣਾ ਹੈ ਕਿ ਸਾਡਾ ਪਾਲਣ ਪੋਸ਼ਣ ਹੀ ਸਾਡੇ ਮਾਪਿਆਂ ਨੇ ਚੁਣੌਤੀਆਂ ਕਬੂਲਣ ਦੀ ਸਿੱਖਿਆ ਦਿੰਦਿਆਂ ਕੀਤਾ ਹੈ।ਉਸਦਾ ਕਹਿਣਾ ਹੈ ਕਿ ਮੈਂ ਕੁੜੀਆਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਕੋਈ ਵੀ ਅਜਿਹਾ ਖੇਤਰ ਨਹੀਂ ਜਿਸ ਵਿੱਚ ਕੁੜੀਆਂ ਕਾਮਯਾਬੀ ਹਾਸਿਲ ਨਹੀਂ ਕਰ ਸਕਦੀਆਂ।Àਸਦਾ ਕਹਿਣਾ ਹੈ ਕਿ ਜਿੰਦਗੀ 'ਚ ਚੁਣੌਤੀ ਤੋਂ ਘਬਰਾਉਣ ਵਾਲੇ ਇਨਸਾਨ ਕਦੇ ਵੀ ਉੱਚੀਆਂ ਉਡਾਣਾਂ ਨਹੀ ਭਰ ਸਕਦੇ।

Unusual
Sikhs
pakistan

International