ਦੂਜੇ ਗੇੜ 'ਚ 12 ਸੂਬਿਆਂ ਦੀਆਂ 95 ਲੋਕ ਸਭਾ ਸੀਟਾਂ ਲਈ ਪਈਆਂ 61.12% ਵੋਟਾਂ

ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ : ਚੋਣ ਅਧਿਕਾਰੀ

ਨਵੀਂ ਦਿੱਲੀ 18 ਅਪ੍ਰੈਲ (ਏਜੰਸੀਆਂ) : ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੇਸ਼ ਵਿੱਚ ਦੂਜੇ ਗੇੜ ਦੀ ਵੋਟਿੰਗ ਕੁੱਲ ਮਿਲਾ ਕੇ ਅਮਨ–ਚੈਨ ਨਾਲ ਨਿੱਬੜ ਗਈ ਹੈ। ਸ਼ਾਮੀਂ 5 ਵਜੇ 61.12% ਵੋਟਾਂ ਭੁਗਤ ਚੁੱਕੀਆਂ ਸਨ। ਸ੍ਰੀ ਅਰੋੜਾ ਨੇ ਸਾਰੇ ਚੋਣ ਕਰਮਚਾਰੀਆਂ/ਅਧਿਕਾਰੀਆਂ ਤੇ ਆਮ ਜਨਤਾ ਨੂੰ ਚੋਣ ਪ੍ਰਕਿਰਿਆ ਸਾਫ਼–ਸੁਥਰੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁਬਾਰਕਾਂ ਦਿੱਤੀਆਂ।ਸ਼ਾਮੀਂ ਪੰਜ ਵਜੇ ਤੱਕ ਆਸਾਮ ਵਿੱਚ 73.32%, ਬਿਹਾਰ ਵਿੱਚ 58.14%, ਛੱਤੀਸਗੜ੍ਹ ਵਿੱਚ 68.70%, ਜੰਮੂ–ਕਸ਼ਮੀਰ ਵਿੱਚ 43.3% ਵੋਟਾਂ ਪੈ ਚੁੱਕੀਆਂ ਸਨ।

ਇੰਝ ਹੀ ਕਰਨਾਟਕ ਵਿੱਚ ਅੱਜ ਦੂਜੇ ਗੇੜ ਦੌਰਾਨ 61.80%, ਮਹਾਰਾਸ਼ਟਰ ਵਿੱਚ 55.37%, ਮਨੀਪੁਰ 'ਚ 74.69%, ਓੜੀਸ਼ਾ ਵਿੱਚ 57.41 ਫ਼ੀ ਸਦੀ, ਪੁੱਡੂਚੇਰੀ ਵਿੱਚ 72.40%, ਤਾਮਿਲ ਨਾਡੂ 'ਚ 61.52%, ਉੱਤਰ ਪ੍ਰਦੇਸ਼ ਵਿੱਚ 58.12% ਅਤੇ ਪੱਛਮੀ ਬੰਗਾਲ ਵਿੱਚ 75.27 ਫ਼ੀ ਸਦੀ ਵੋਟਾਂ ਪਈਆਂ ਸਨ। ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ਦੁਬਾਰਾ ਵੋਟਿੰਗ ਹੋਵੇਗੀ।

ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਕਈ ਥਾਈਂ ਹਿੰਸਾ

ਲੋਕ ਸਭਾ ਚੋਣਾਂ 2019 ਦੇ ਦੂਜੇ ਗੇੜ ਦੌਰਾਨ ਪੱਛਮੀ ਬੰਗਾਲ ਦੇ ਤਿੰਨ ਸੰਸਦੀ ਹਲਕਿਆਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਲ। ਇਸ ਦੌਰਾਨ ਅੱਜ ਕਈ ਥਾਵਾਂ ਤੋਂ ਹਿੰਸਾ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਸੀਪੀਆਈ(ਐੱਮ) ਦੇ ਉਮੀਦਵਾਰ ਤੇ ਮੌਜੂਦਾ ਐੱਮਪੀ ਮੁਹੰਮਦ ਸਲੀਮ ਦੀ ਕਾਰ ਉੱਤੇ ਅੱਜ ਇਸਲਾਮਪੁਰ ਵਿਖੇ ਹਮਲਾ ਕੀਤਾ ਗਿਆ। ਰਾਏਗੰਜ ਸੀਟ ਲਈ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸ੍ਰੀਮਤੀ ਦੀਪਾ ਦਾਸਮੁਨਸ਼ੀ ਨਾਲ ਹੈ। ਸ੍ਰੀ ਸਲੀਮ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਕਾਰ ਉੱਤੇ ਹਮਲਾ ਹੋਇਆ, ਤਦ ਪੁਲਿਸ ਤੱਕ ਪਹੁੰਚ ਕੀਤੀ ਗਈ ਪਰ ਉਸ ਨੇ ਕੁਝ ਨਹੀਂ ਕੀਤਾ। ਇਸ ਹਮਲੇ ਲਈ ਉਨ੍ਹਾਂ ਦੀ ਪਾਰਟੀ ਸੀਪੀਆਈ(ਐੱਮ) ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਉੱਤੇ ਦੋਸ਼ ਲਾਇਆ ਹੈ।ਦੀਪਾ ਦਾਸਮੁਨਸ਼ੀ ਸਾਲ 2009 ਤੋਂ 2014 ਤੱਕ ਰਾਏਗੰਜ ਸੀਟ ਤੋਂ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ਦੇ ਪਤੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਿਯਰੰਜਨ ਦਾਸਮੁਨਸ਼ੀ 1999 ਤੋਂ ਲੈ ਕੇ 2009 ਤੱਕ ਇਸੇ ਹਲਕੇ ਤੋਂ ਐੱਮਪੀ ਰਹੇ ਸਨ।

ਪੋਲਿੰਗ ਬੂਥਾਂ 'ਤੇ ਈ ਵੀ ਐਮ ਮਸ਼ੀਨ ਹੋਈ ਖ਼ਰਾਬ , ਵੋਟਿੰਗ ਪ੍ਰਕਿਰਿਆ ਹੋਈ ਪ੍ਰਭਾਵਿਤ

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਵੋਟਾਂ ਪੈ ਰਹੀਆਂ ਹਨ। ਅੱਜ 95 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਕਿਉਂਕਿ ਤ੍ਰਿਪੁਰਾ ਸੀਟ 'ਤੇ ਦੁਬਾਰਾ ਵੋਟਿੰਗ ਹੋਵੇਗੀ। ਇਸ ਦੌਰਾਨ ਉੜੀਸਾ ਦੇ ਬੋਲਾਂਗੀਰ 'ਚ ਪੋਲਿੰਗ ਬੂਥ ਨੰਬਰ 261 ਅਤੇ 263 'ਤੇ ਈ.ਵੀ.ਐਮ ਮਸ਼ੀਨ ਖ਼ਰਾਬ ਹੋ ਗਈ ਹੈ। ਜਿਸ ਕਰਕੇ ਈ.ਵੀ.ਐਮ ਦੇ ਖ਼ਰਾਬ ਹੋਣ ਕਾਰਨ ਵੋਟਿੰਗ ਪ੍ਰਕਿਰਿਆ ਕੁੱਝ ਸਮੇਂ ਲਈ ਰੁਕ ਦਿੱਤੀ ਗਈ ਸੀ ਅਤੇ ਹੁਣ ਮੁੜ ਵੋਟਿੰਗ ਸ਼ੁਰੂ ਕੀਤੀ ਗਈ ਹੈ।ਇਸ ਤੋਂ ਇਲਾਵਾ ਓਡੀਸ਼ਾ ਦੇ 35 ਵਿਧਾਨ ਸਭਾ ਖੇਤਰ 'ਚ ਵੀ ਵੋਟਿੰਗ ਹੋ ਰਹੀ ਹੈ।

ਅੱਜ ਹੋਣ ਵਾਲੀਆਂ ਸੀਟਾਂ ਵਿਚ ਉਤਰ ਪ੍ਰਦੇਸ਼ ਦੀਆਂ 8, ਬਿਹਾਰ 'ਚ 5, ਤਮਿਲਨਾਡੂ 38, ਕਰਨਾਟਕ 14, ਮਹਾਰਾਸ਼ਟਰ 10, ਉੜੀਸਾ 5, ਅਸਾਮ 5, ਪੱਛਮੀ ਬੰਗਾਲ 3, ਛੱਤੀਸਗੜ੍ਹ 3, ਜੰਮੂ ਕਸ਼ਮੀਰ 2, ਮਣੀਪੁਰ 1 ਅਤੇ ਪੁਡੁਚੇਰੀ 1 ਸੀਟ ਸ਼ਾਮਲ ਹੈ। ਅੱਜ ਦੂਜੇ ਪੜਾਅ ਵਿਚ ਕਈ ਦਿਗਜ਼ ਆਗੂਆਂ ਦੀ ਕਿਸਮਤ ਦਾਅ ਉਤੇ ਲੱਗੀ ਹੈ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਐਚ.ਡੀ.ਦੇਵੇਗੋੜਾ, ਭਾਜਪਾ ਆਗੂ ਹੇਮਾ ਮਾਲਿਨੀ, ਡੀਐਮਕੇ ਆਗੂ ਦਿਆਨਿਧੀ ਮਾਰਨ, ਕਾਂਗਰਸ ਦੇ ਰਾਜ ਬੱਬਰ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਤੋਂ ਇਲਾਵਾ ਅਨੇਕਾਂ ਪ੍ਰਮੁੱਖ ਉਮੀਦਵਾਰ ਆਪਣੀ ਕਿਸ਼ਮਤ ਅਜਮਾ ਰਹੇ ਹਨ। ਅੱਜ ਹੋਣ ਵਾਲੀਆਂ ਦੂਜੇ ਪੜਾਅ ਦੀਆਂ ਚੋਣਾਂ ਵਿਚ 1596 ਉਮੀਦਵਾਰ ਮੈਦਾਨ ਵਿਚ ਹਨ, ਜਿਸ ਵਿਚ 15।5 ਕਰੋੜ ਵੋਟਰ ਹਨ ਅਤੇ 1।8 ਲੱਖ ਬੂਥ ਕੇਂਦਰ ਬਣਾਏ ਗਏ ਹਨ।

Unusual
Uttar Pardesh
Election 2019
West Bengal
EVM

International