ਕੇਜਰੀਵਾਲ 16 ਫਰਵਰੀ ਨੂੰ ਰਾਮਲੀਲਾ ਮੈਦਾਨ 'ਚ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਮੰਤਰੀ ਮੰਡਲ 'ਚ ਨਹੀਂ ਹੋਵੇਗੀ ਕੋਈ ਤਬਦੀਲੀ

ਨਵੀਂ ਦਿੱਲੀ 12 ਫ਼ਰਵਰੀ (ਏਜੰਸੀਆਂ) : ਆਮ ਆਦਮੀ ਪਾਰਟੀ ਦੇ ਨੇਤਾ ਰਮਨੀਵਾਸ ਗੋਇਲ ਨੇ ਪੁਸ਼ਟੀ ਕੀਤੀ ਹੈ ਕਿ 16 ਫਰਵਰੀ ਨੂੰ ਕੇਜਰੀਵਾਲ ਤੀਜੀ ਵਾਰ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਜਰੀਵਾਲ ਦੇ ਨਾਲ ਉਨ੍ਹਾਂ ਦੀ ਨਵੀਂ ਸਰਕਾਰ ਦੇ ਮੰਤਰੀ ਵੀ ਉਸੇ ਦਿਨ ਸਹੁੰ ਚੁੱਕਣਗੇ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਬੈਠਕ 'ਚ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਦੇ ਸਮਰਥਨ 'ਚ ਪ੍ਰਸਤਾਅ ਰੱਖੀਆ, ਜਿਸ ਦੇ ਸਮਰਥਨ ਵਿਚ ਸਾਰੇ ਵਿਧਾਇਕ ਸਹਿਮਤ ਹੋਏ। ਦਿੱਲੀ ਚੋਣ ਇੰਚਾਰਜ ਸੰਜੇ ਸਿੰਘ ਅਤੇ ਪੰਕਜ ਗੁਪਤਾ ਇਸ ਮੀਟਿੰਗ ਦੇ ਨਿਰੀਖਕ ਸੀ।

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸ 'ਤੇ ਵਿਧਾਇਕਾਂ ਨੇ ਇੱਕ ਵੋਟ ਨਾਲ ਸਹਿਮਤੀ ਜਤਾਈ। ਕੇਜਰੀਵਾਲ ਦੇ ਮੰਤਰੀ ਮੰਡਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਯਾਨੀ ਪਿਛਲੀ ਸਰਕਾਰ 'ਚ ਜੋ ਮੰਤਰੀ ਸੀ, ਇਸ ਵਾਰ ਵੀ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ। ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ। 16 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਲੈਣਗੇ।ਸੂਤਰਾਂ ਮੁਤਾਬਕ ਅਰਵਿੰਦ ਕੇਜਰੀਵਾਲ ਸਣੇ ਉਨ੍ਹਾਂ ਦੇ ਸੱਤ ਮੰਤਰੀ ਸਹੁੰ ਚੁੱਕਣਗੇ। ਅਰਵਿੰਦ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਦਿੱਲੀ ਵਿੱਚ ਸਹੁੰ ਚੁੱਕਣਗੇ।

ਦਿੱਲੀ 'ਚ ਆਮ ਆਦਮੀ ਪਾਰਟੀ ਦੇ ਕਾਫ਼ਲੇ 'ਤੇ ਗੋਲੀਬਾਰੀ, ਇੱਕ ਵਰਕਰ ਦੀ ਮੌਤ

ਨਵੀਂ ਦਿੱਲੀ 12 ਫ਼ਰਵਰੀ (ਏਜੰਸੀਆਂ): ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਮਹਿਰੌਲੀ ਦੇ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ 'ਤੇ ਗੋਲੀਬਾਰੀ ਹੋ ਗਈ ਹੈ; ਜਿਸ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਕਾਰਕੁੰਨ ਦੀ ਮੌਤ ਹੋ ਗਈ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਗੋਲੀਬਾਰੀ ਦੀ ਇਹ ਵਾਰਦਾਤ ਉਦੋਂ ਵਾਪਰੀ, ਜਦੋਂ ਨਰੇਸ਼ ਯਾਦਵ ਚੋਣ ਜਿੱਤਣ ਤੋਂ ਬਾਅਦ ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਘਟਨਾ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਿਸ ਹੁਣ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੀ ਭਾਲ਼ ਕਰ ਰਹੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਇੱਥੇ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਨਰੇਸ਼ ਯਾਦਵ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 62,301 ਵੋਟਾਂ ਮਿਲੀਆਂ; ਜਦ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਕੁਸੁਮ ਖੱਤਰੀ ਨੂੰ 44,085 ਵੋਟਾਂ ਪਈਆਂ।

ਕਾਂਗਰਸ ਦੇ ਉਮੀਦਵਾਰ ਏਏ ਮਹੇਂਦਰ ਚੌਧਰੀ ਨੂੰ ਸਿਰਫ਼ 6,936 ਵੋਟਾਂ ਹੀ ਮਿਲ ਸਕੀਆਂ ਤੇ ਉਹ ਚੌਥੇ ਨੰਬਰ ਉੱਤੇ ਰਹੇ। ਵਿਧਾਇਕ ਦੇ ਕਾਫ਼ਲੇ 'ਤੇ ਹਮਲੇ ਦੀ ਖ਼ਬਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਮਹਿਰੌਲੀ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ ਉੱਤੇ ਸਰੇਆਮ ਹਮਲਾ ਕੀਤਾ ਗਿਆ ਹੈ। ਉੱਥੇ ਅਸ਼ੋਕ ਮਾਨ ਦੀ ਹੱਤਿਆ ਹੋਈ ਹੈ। ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਵੱਡੇ ਉਮੀਦਵਾਰਾਂ ਨੂੰ ਜਿੱਤ  ਹਾਸਲ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਾਰੇ ਮੰਤਰੀ ਚੋਣ ਜਿੱਤ ਗਏ ਹਨ। ਭਾਜਪਾ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਬਿਜੇਂਦਰ ਗੁਪਤਾ ਨੇ ਵੀ ਰੋਹਿਣੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਤੇ ਡਿਪਟੀ ਸਪੀਕਰ ਰਾਖੀ ਬਿਡਲਾਨ ਵੀ ਚੋਣ ਜਿੱਤ ਗਏ ਹਨ। ਵੀਆਈਪੀ ਸੀਟਾਂ ਦੇ ਮਾਮਲੇ 'ਚ ਦਿੱਲੀ ਵਿੱਚ ਕੋਈ ਵੱਡਾ ਉਲਟ–ਫੇਰ ਨਹੀਂ ਹੋਇਆ।

Unusual
Aam Aadmi Party
Arvind Kejriwal
Politics
New Delhi

International