19 ਮਈ ਨੂੰ ਪੰਜਾਬੀ ਕੀ ਕਰਨ...?

ਜਸਪਾਲ ਸਿੰਘ ਹੇਰਾਂ
ਚੋਣਾਂ ਸਿਰ ਤੇ ਆ ਗਈਆਂ ਹਨ। 19 ਮਈ ਨੂੰ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਹਨ, ਹੁਣ ਤੋਂ 24 ਕੁ ਘੰਟਿਆਂ ਬਾਅਦ ਚੋਣ ਪ੍ਰਚਾਰ ਦਾ ਸ਼ੋਰ ਠੱਪ ਹੋ ਜਾਵੇਗਾ। ਇਸ ਵਾਰ ਪੰਜਾਬ 'ਚ ਚੋਣ ਬੁਖ਼ਾਰ ਲੋਕਾਂ ਦੇ ਸਿਰਾਂ ਨੂੰ ਨਹੀਂ ਚੜ੍ਹਿਆ। ਉਹ ਠੰਡੇ-ਠਾਰ ਹਨ। ਕਾਰਣ ਕਈ ਹੋ ਸਕਦੇ ਹਨ। ਪੰਜਾਬ ਮਰ ਰਿਹਾ ਹੈ, ਪ੍ਰੰਤੂ ਚੋਣਾਂ 'ਚ ਮਰ ਰਹੇ, ਪੰਜਾਬ ਦੀ ਕੋਈ ਬਾਤ ਨਹੀਂ ਪੁੱਛ ਰਿਹਾ। ਗੁਰੂ ਸਾਹਿਬ ਦੀ ਬੇਅਦਬੀ ਦੀ ਕੋਈ ਗੱਲ੍ਹ ਨਹੀਂ ਕਰ ਰਿਹਾ। ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਦੋਸ਼ੀ ਦਲ ਦਨਾਉਂਦੇ ਫ਼ਿਰ ਹਨ, ਆਮ ਸਿੱਖ ਕਚੀਚੀਆਂ ਵੱਟ ਕੇ ਆਪਣੀ ਦੇਹੀ ਨੂੰ ਹੀ ਗੁੱਸੇ, ਕ੍ਰੋਧ ਨਾਲ ਸਾੜ ਕੇ ਫ਼ਿਰ ਨਿੱਸਲ ਜਿਹਾ ਹੋ ਕੇ ਬੈਠੇ ਜਾਂਦਾ ਹੈ। ਉਸਨੂੰ ਲੱਗਦਾ ਹੈ ਬੇਅਦਬੀ ਕਰਨ ਵਾਲੇ, ਕਰਵਾਉਣ ਵਾਲੇ, ਗੁਟਕੇ ਦੀ ਸਹੁੰ ਖਾਣ ਵਾਲੇ ਸਾਰੇ ਇੱਕੋ ਹਨ। ਕਿਸੇ ਨੇ ਕੌਮ ਦੇ ਸੀਨੇ ਠੰਡ ਨਹੀਂ ਪਾਉਣੀ। ਉਹ ਪਹਿਲੀ ਗੱਲ੍ਹ ਤਾਂ ਬਾਹਰ ਹੀ ਨਹੀਂ ਨਿਕਲਦਾ, ਜੇ ਨਿਕਲਦਾ ਹੈ ਤਾਂ ਆਪਣਾ ਗੁੱਸਾ ਕਾਲੀਆਂ ਝੰਡੀਆਂ ਵਿਖਾਕੇ ਸਾਂਤ ਕਰ ਲੈਂਦਾ ਹੈ ਤੇ ਸ਼ਾਂਤ ਹੋ ਕੇ ਬੈਠ ਜਾਂਦਾ ਹੈ। ਪੰਜਾਬ ਅੱਜ ਵੀ ਨਸ਼ੇ ਦੇ ਵੱਗਦੇ ਛੇਵੇਂ ਦਰਿਆ 'ਚ ਰੁੜਦਾ ਜਾ ਰਿਹਾ ਹੈ। ਪ੍ਰੰਤੂ ਮੌਤ ਦੇ ਸੌਦਾਗਰ ਅੱਜ ਵੀ ਨਸ਼ਾ ਧੜੱਲੇ ਨਾਲ ਵੇਚ-ਵੰਡ ਰਹੇ ਹਨ। ਕੋਈ ਪੁੱਛਣ ਵਾਲਾ ਨਹੀਂ। ਮਹੀਨਾ ਜ਼ਰੂਰ ਪਹਿਲਾ ਨਾਲੋ ਵੱਧ ਗਿਆ ਹੈ। ਜਿਸ ਕਾਰਣ ਨਸ਼ੇ ਦਾ ਭਾਅ ਅਸਮਾਨੀ ਪੁੱਜ ਗਿਆ ਹੈ। ਨਸ਼ੇੜੀਆਂ ਨੂੰ ਇਸ ਨਾਲ ਕੀ ਫ਼ਰਕ ਪੈਦਾ? ਉਨ੍ਹਾਂ ਨੇ ਤਾਂ ਮਾਂ-ਬਾਪ ਦੀ ਸੰਘੀ ਘੁੱਟਕੇ ਪੈਸੇ ਜਾਂ ਘਰ ਦਾ ਸਮਾਨ ਵੇਚਕੇ ਜਾਂ ਫ਼ਿਰ ਮਾਂ-ਬਾਪ ਨੂੰ ਕਤਲ ਕਰਕੇ ਪੈਸੇ ਲਿਆਉਣੇ ਹਨ। ਚੱਕੀ 'ਚ ਤਾਂ ਮਾਂ-ਬਾਪ ਪੀਸੇ ਜਾ ਰਹੇ ਹਨ। ਹੋਰ ਕਿਸੇ ਨੂੰ ਕੀ? ਬੇਰਜ਼ੁਗਾਰੀ ਦਾ ਸੱਤਵਾਂ ਦਰਿਆਂ, ਛੇਵੇਂ ਨੂੰ ਮਾਤ ਪਾ ਰਿਹਾ ਹੈ। ਪੰਜਾਬ ਖ਼ਾਲੀ ਹੋਣ ਲੱਗਾ ਹੋਇਆ ਹੈ। ਜਿਹੜਾ ਦੇਖੋਂ ਆਈਲੈਟਸ ਕਰਕੇ ਵਿਦੇਸ਼ੀ ਉਡਾਰੀ ਮਾਰਨ ਦੀ ਕਾਹਲ 'ਚ ਹੈ।

4 ਲੱਖ ਤੋਂ ਉਪਰ ਪੰਜਾਬ ਦੇ ਬੱਚੇ ਹਰ ਵਰ੍ਹੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਹਨ। ਸਿਖਿਆ, ਸਿਹਤ ਦੀ ਤਾਂ ਗੱਲ੍ਹ ਹੀ ਕੀ ਕਰਨੀ ਹੈ? ਜਿਧਰ ਮਰਜ਼ੀ ਨਜ਼ਰ ਮਾਰ ਲਵੋ, ਪੰਜਾਬੀਆਂ ਦੀਆਂ ਚੀਕਾਂ ਹੀ ਚੀਕਾਂ ਸੁਣਾਈ ਦੇ ਰਹੀਆਂ ਹਨ। ਪ੍ਰੰਤੂ ਉਨ੍ਹਾਂ ਦੇ ਜਖ਼ਮਾਂ ਤੇ ਮੱਲ੍ਹਮ ਲਾਉਣ ਵਾਲਾ ਕੋਈ ਨਹੀਂ। ਸਿਆਸੀ ਧਿਰਾਂ, ਗੰਭੀਰ ਮੁੱਦਿਆਂ ਨੂੰ ਨਜ਼ਰ ਅੰਦਾਜ ਕਰਕੇ, ਵੱਡੇ-ਵੱਡੇ ਲੀਡਰਾਂ ਨੂੰ ਪੰਜਾਬ ਸੱਦਕੇ, ਇੱਕ ਦੂਜੇ ਤੇ ਦੂਸ਼ਣਬਾਜ਼ੀ ਦੇ ਗੋਲੇ ਦਾਗਣ ਲੱਗੀਆਂ ਹੋਈਆਂ ਹਨ। ਕਦੇ ਇਕੱਲਾ ਮੋਦੀ ਜ਼ੁਮਲੇਬਾਜ਼ ਸੀ, ਹੁਣ ਹਰ ਛੋਟਾ-ਵੱਡਾ ਲੀਡਰ ਜ਼ੁਮਲੇਬਾਜ਼ੀ ਦੀ ਪੀ.ਐਚ.ਡੀ ਕਰੀ ਫਿਰਦਾ ਹੈ। 21ਵੀਂ ਸਦੀ ਦਾ ਦੂਜਾ ਦਹਾਕਾ ਲੰਘਣ ਵਾਲਾ ਹੈ, ਸ਼ੋਸਲ ਮੀਡੀਏ ਨੇ ਵੋਟਰ ਨੂੰ ਖ਼ਾਸਾ ਜਾਗਰੂਕ ਕਰ ਦਿੱਤਾ ਹੈ। ਉਹ ਸਮਝ ਰਿਹਾ ਹੈ ਕਿ ਕਿਸੇ ਵੀ ਧਿਰ ਦੀ ਝੋਲੀ ਦਾਣੇ ਨਹੀਂ ਹਨ। ਸਿਰਫ਼ ਫੋਕੇ ਭਾਸ਼ਣਾਂ ਨਾਲ ਗੁੰਮਰਾਹ ਕਰਨ ਦੀ ਖੇਡ ਖੇਡੀ ਜਾ ਰਹੇ ਹਨ। ਪੰਜਾਬ ਦਾ ਵੋਟਰ ਸਥਾਪਿਤ ਧਿਰਾਂ ਮੋਦੀ-ਬਾਦਲਕਿਆਂ ਤੇ ਰਾਹੁਲਕਿਆਂ ਤੋਂ ਖ਼ਾਸਾ ਦੁੱਖੀ ਹੈ। ਤੀਜੀ ਧਿਰ ਵੀ ਖੱਖੜੀਆਂ -ਕਰੇਲੇ ਹੋਈ ਫ਼ਿਰਦੀ ਹੈ। ਆਪ ਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੋਇਆ ਹੈ। ਤੀਜੀ ਧਿਰ ਦੇ ਜੇ ਕਿਸੇ ਉਮੀਦਵਾਰ ਨੂੰ ਵੋਟਾਂ ਪੈਣੀਆਂ ਹਨ ਤਾਂ ਉਸਦੇ ਮੂੰਹ ਜਾਂ ਉਸਦੀ ਕਾਰਗੁਜ਼ਾਰੀ ਨੂੰ । ਵੈਸੇ ਪੰਜਾਬ 'ਚ ਤੀਜੀ ਧਿਰ ਦੀ ਕੋਈ ਪ੍ਰਭਾਵੀ ਹੋਂਦ ਨਹੀਂ ਹੈ। ਵੈਟੀਲੇਟਰ ਤੇ ਪਏ ਮਰੀਜ਼ ਦੀ ਜਾਨ ਸਲਾਮਤੀ ਦੀ ਅਰਦਾਸ ਤੋਂ ਬਿਨ੍ਹਾਂ ਹੋਰ ਕੁਝ ਸੁਝਦਾ ਨਹੀ। ਪ੍ਰੰਤੂ ਇਸੇ ਲਾਸ਼ ਨੂੰ ਚੂੰਡਣ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ। ਅਜਿਹੀ ਘਿਨਾਉਣ ਪਾਪ ਨੂੰ ਆਮ ਆਦਮੀ ਤਾਂ ਅੱਖੀ ਵੇਖ ਨਹੀਂ ਸਕਦਾ।

ਇਸ ਲਈ ਉਹ ਦਰਵਾਜ਼ੇ ਬੰਦ ਕਰਕੇ, ਘਰ 'ਚ ਬੰਦ ਹੋ ਗਿਆ ਹੈ। ਅਜਿਹੇ ਹਾਲਾਤਾਂ 'ਚ ਇਹ ਸਾਫ਼ ਹੈ ਕਿ 19 ਮਈ ਨੂੰ  ਪੋਲਿੰਗ ਘੱਟ ਰਹੇਗੀ। ਲੋਕਾਂ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ ਬਹੁਤ ਠੰਡਾ ਹੈ। ਪਾਰਟੀਆਂ ਨਾਲ ਬੱਝੇ ਵੋਟਰਾਂ ਤੋਂ ਇਲਾਵਾ ਦੂਜੇ ਵੋਟਰ ਦਾ ਪੋਲਿੰਗ ਬੂਥਾਂ ਤੇ ਪੁੱਜਣਾ ਸ਼ੱਕੀ ਹੈ। ਅਜਿਹੇ ਸਮੇਂ ਅਸੀਂ ਪੰਜਾਬ ਦੇ ਵੋਟਰਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਨਿਰਾਸ਼ਤਾ 'ਚ ਚੁੱਪ ਹੋ ਕੇ ਬੈਠਣ ਦੀ ਥਾਂ ਕੋਈ ਠੋਸ ਫੈਸਲਾ ਜ਼ਰੂਰ ਲੈਣ। ਜੇ ਮੋਦੀਕੇ-ਬਾਦਲਕੇ ਜਾਂ ਰਾਹੁਲਕੇ ਪੰਜਾਬ 'ਚ ਚੋਣਾਂ ਜਿੱਤਦੇ ਹਨ ਤਾਂ ਇਹ ਲੋਕਤੰਤਰ ਲਈ ਬੇਹੱਦ ਮਨਹੂਸ ਰਹੇਗਾ ਅਤੇ ਫ਼ਿਰ ਪੰਜਾਬ ਦੇ ਮਾਸ ਨੂੰ ਚੂੰਡਣ ਤੋਂ ਕੋਈ ਬਚਾ ਨਹੀਂ ਸਕੇਗਾ। ਫੈਸਲਾ ਵੋਟਰ ਬਾਦਸ਼ਾਹ ਦਾ ਹੈ। ਉਹ ਕੀ ਚਾਹੁੰਦਾ ਹੈ, ਪੰਜਾਬ ਦੀ ਰਾਖ਼ੀ ਜਾਂ ਤਬਾਹੀ। ਫੈਸਲਾ ਤੁਹਾਡੇ ਹੱਥ 'ਚ ਹੈ। ਪਰ ਮਰ ਰਹੇ ਪੰਜਾਬ ਵੱਲ ਸਮੁੱਚੇ ਵਿਸ਼ਵ ਦਾ ਧਿਆਨ ਖਿੱਚਣ ਲਈ ਜੇ ਕੋਈ ਫੈਸਲਾ ਜਾਗਰੂਕ ਵੋਟਰ ਕਰਦੇ ਹਨ ਤਾਂ ਅਸੀਂ ਉਸਦਾ ਸੁਆਗਤ ਜ਼ਰੂਰ ਕਰਾਂਗੇ।

Editorial
Jaspal Singh Heran

International