1984 ਕਤਲੇਆਮ : ਅਦਾਲਤ ਨੇ ਕਿਹਾ, ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਵਾਏ ਸੀ.ਬੀ.ਆਈ

ਨਵੀਂ ਦਿੱਲੀ 3 ਅਗਸਤ (ਏਜੰਸੀਆਂ) : ਦਿੱਲੀ ਦੀ ਇਕ ਅਦਾਲਤ ਨੇ ਅੱਜ ਸੀ.ਬੀ.ਆਈ. ਨੂੰ ਕਿਹਾ ਕਿ ਉਹ ਵਿਵਾਦਪੂਰਣ ਹਥਿਆਰ ਡੀਲਰ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਅਭਿਸ਼ੇਕ ਵਰਮਾ ਦਾ ਲਾਈ-ਡਿਟੈਕਟਰ ਟੈਸਟ (ਝੂਠ ਫੜਨ ਵਾਲੀ ਜਾਂਚ) ਰੋਹਿਣੀ ਸਥਿਤੀ ਸਰਕਾਰੀ ਫਾਰੇਸਿਕ ਵਿਗਿਆਨ ਪ੍ਰਯੋਗਸ਼ਾਲਾ (ਐੱਫ.ਐੱਸ.ਐੱਲ.) ‘ਚ ਕਰਵਾਏ। ਅਦਾਲਤ ਨੇ ਇਹ ਹੁਕਮ ਉਸ ਸਮੇਂ ਦਿੱਤਾ, ਜਦੋਂ ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਨੇ ਉਸ ਨੂੰ ਉਨਾਂ ਥਾਂਵਾਂ ਬਾਰੇ ਦੱਸਿਆ ਜਿੱਥੇ ਲਾਈ-ਡਿਟੈਕਟਰ ਟੈਸਟ ਦੀਆਂ ਸੁਵਿਧਾਵਾਂ ਉਪਲੱਬਧ ਹਨ। ਜਾਂਚ ਅਧਿਕਾਰੀ ਨੇ ਕਿਹਾ ਕਿ ਐਫ.ਐਸ.ਐਲ. ਰੋਹਿਣੀ ‘ਚ ਲਾਈ-ਡਿਟੈਕਟਰ ਟੈਸਟ ਦੀਆਂ ਸੁਵਿਧਾਵਾਂ ਉਪਲੱਬਧ ਹਨ, ਜਦਕਿ ਐਸ., ਏਮਜ਼ ਅਤੇ ਸਫਦਰਜੰਗ ਹਸਪਤਾਲ ‘ਚ ਲੋੜਵੰਦ ਚੀਜ਼ਾਂ ਉਪਲੱਬਧ ਨਹੀਂ ਹਨ।

ਸੀ.ਬੀ.ਆਈ. ਵਲੋਂ 3 ਵਾਰ ਕਲੀਨ ਚਿੱਟ ਪ੍ਰਾਪਤ ਕਰ ਚੁਕੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ ਲਾਈ-ਡਿਟੈਕਟਰ ਟੈਸਟ ਕਰਾਉਣ ਤੋਂ ਮਨਾ ਕਰ ਦਿੱਤਾ ਸੀ ਪਰ ਵਰਮਾ ਨੇ ਇਹ ਕਹਿੰਦੇ ਹੋਏ ਸਹਿਮਤੀ ਦੇ ਦਿੱਤੀ ਹੈ ਕਿ ਉਹ ਟੈਸਟ ਕਰਾਉਣ ਲਈ ਤਿਆਰ ਹੈ, ਬਸ਼ਰਤੇ ਉਸ ਨੂੰ 2400 ਘੰਟੇ ਸੁਰੱਖਿਆ ਮੁਹੱਈਆ ਕਰਾਈ ਜਾਵੇ ਕਿਉਂਕਿ ਉਸ ਦੀ ਜਾਨ ਨੂੰ ਖਤਰਾ ਹੈ। ਮੁੱਖ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਸ਼ਿਵਾਲੀ ਸ਼ਰਮਾ ਨੇ ਸੀ.ਬੀ.ਆਈ. ਨੂੰ ਨਿਰਦੇਸ਼ ਦਿੱਤਾ ਕਿ ਟੈਸਟ ਦੀ ਤਾਰੀਕ ਤੈਅ ਕਰਨ ਤੋਂ 3 ਦਿਨ ਪਹਿਲਾਂ ਵਰਮਾਂ ਨੂੰ ਲਿਖਤ ਨੋਟਿਸ ਦਿੱਤਾ ਜਾਵੇ ਅਤੇ ਉਸ ਦੇ ਵਕੀਲ ਨੂੰ ਕਿਹਾ ਗਿਆ ਕਿ ਉਹ ਤਾਰੀਕ ‘ਚ ਵਾਰ-ਵਾਰ ਬਦਲਾਵ ਨਾ ਕਰੇ।

ਅਦਾਲਤ ਨੇ ਕਿਹਾ ਕਿ ਕਹਿਣ ਦੀ ਲੋੜ ਨਹੀਂ ਹੈ ਕਿ ਸਾਰੀਆਂ ਨਿਰਧਾਰਿਤ ਰਸਮਾਂ ਦਾ ਪਾਲਣ ਕੀਤਾ ਜਾਣਾ ਹੈ। ਟੈਸਟ ਹੋ ਜਾਣ ਤੋਂ ਬਾਅਦ ਜਾਂਚ ਅਧਿਕਾਰੀ ਅਦਾਲਤ ‘ਚ ਰਿਪੋਰਟ ਦਰਜ ਕਰਨਗੇ। ਜੱਜ ਨੇ ਇਹ ਵੀ ਕਿਹਾ ਕਿ ਟੈਸਟ ਹੋ ਜਾਣ ਤੋਂ ਬਾਅਦ ਜਾਂਚ ਅਧਿਕਾਰੀ ਸੰਬੰਧਿਤ ਪੁਲਸ ਨੂੰ ਸੂਚਿਤ ਕਰਨਗੇ ਕਿ ਵਰਮਾ ਦੀ ਜਾਨ ਦੇ ਖਤਰੇ ਨੂੰ ਫਿਰ ਤੋਂ ਆਂਕਿਆ ਜਾਵੇ। ਟੈਸਟ ਹੋਣ ਤੱਕ ਵਰਮਾ ਨੂੰ 2400 ਘੰਟੇ ਦੀ ਸੁਰੱਖਿਆ ਮੁਹੱਈਆ ਕਰਾਈ ਜਾਵੇਗੀ। ਅਦਾਲਤ ਨੇ ਵਰਮਾ ਵਲੋਂ ਪੇਸ਼ ਹੋਏ ਮਨਿੰਦਰ ਸਿੰਘ ਨੂੰ ਟੈਸਟ ਦੌਰਾਨ ਮੌਜੂਦ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਮੁੱਖ ਮਾਮਲੇ ਦੇ ਬਾਰੇ ਦੰਗਾ ਪੀੜਤਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ.ਐੱਸ. ਫੁਲਕਾ ਨੇ ਕਿਹਾ ਕਿ ਜਾਂਚ ਅਧਿਕਾਰੀ ਨੂੰ ਨਿਰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ 80 ਸਾਲ ਤੋਂ ਜ਼ਿਆਦਾ ਉਮਰ ਦੇ ਗਵਾਹਾਂ ਦੇ ਬਿਆਨ ਕਿਸੇ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕਰੇ। ਇਸ ‘ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਤੈਅ ਕਰਨਾ ਜਾਂਚ ਏਜੰਸੀ ਦਾ ਮੁੱਖ ਅਧਿਕਾਰ ਹੈ ਕਿ ਉਹ ਗਵਾਹਾਂ ਦੇ ਬਿਆਨ ਕਦੋਂ ਦਰਜ ਕਰਨਾ ਚਾਹੁੰਦੀ ਹੈ।

ਫਿਲਹਾਲ ਫੁਲਕਾ ਨੇ ਇਸ ਦਲੀਲ ਦਾ ਵਿਰੋਧ ਕੀਤਾ। ਅਦਾਲਤ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਬਾਅਦ ‘ਚ ਸੁਣਵਾਈ ਕਰੇਗੀ। ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਟਾਈਟਲਰ ਦੀ ਸਹਿਮਤੀ ਦੀ ਕਮੀ ‘ਚ ਉਸ ਦਾ ਲਾਈ ਡਿਟੈਕਟਰ ਟੈਸਟ ਨਹੀਂ ਕਰਾਇਆ ਜਾ ਸਕਦਾ। ਟਾਈਟਲਰ ਅਤੇ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਾਉਣ ਲਈ ਇਜਾਜ਼ਤ ਮੰਗਣ ਦਾ ਕਦਮ ਸੀ.ਬੀ.ਆਈ. ਨੇ ਉਦੋ ਚੁੱਕਿਆ ਜਦੋਂ ਅਦਾਲਤ ਨੇ 4 ਦਸੰਬਰ 2015 ਦੇ ਆਪਣੇ ਆਦੇਸ਼ ‘ਚ ਕਿਹਾ ਕਿ ਅਜਿਹੀ ਜਾਂਚ ਕਰਾਈ ਜਾ ਸਕਦੀ ਹੈ। ਇਹ ਮਾਮਲਾ ਇਕ ਨਵੰਬਰ 1984 ਨੂੰ ਉਤਰ-ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ‘ਚ ਹੋਏ ਦੰਗਿਆਂ ਨਾਲ ਜੁੜਿਆ ਹੈ, ਜਿਸ ‘ਚ 3 ਲੋਕ ਮਾਰੇ ਗਏ ਸਨ। ਇਹ ਘਟਨਾ ਤੱਤਕਾਲੀਨ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਇਕ ਦਿਨ ਬਾਅਦ ਹੋਈ ਸੀ।

Unusual
1984 Anti-Sikh riots
CBI
Court Case