ਪੰਜਾਬ 'ਚ ਕਰੋਨਾ ਕਾਰਨ 2 ਹੋਰ ਮੌਤਾਂ

ਅੰਮ੍ਰਿਤਸਰ 'ਚ ਢਾਈ ਮਹੀਨਿਆਂ ਦੀ ਬੱਚੀ ਦੀ ਕਰੋਨਾ ਨੇ ਲਈ ਜਾਨ ਅਤੇ 2 ਨਵੇਂ ਕੇਸ ਆਏ, ਹੁਸ਼ਿਆਰਪੁਰ 'ਚ 7 ਨਵੇਂ ਮਰੀਜ਼ ਆਏ, ਗੁਰਦਾਸਪੁਰ 'ਚ 4 ਗਰਭਵਰਤੀ ਔਰਤਾਂ ਕਰੋਨਾ ਪੌਜ਼ੇਟਿਵ, ਜਲੰਧਰ 'ਚ 1 ਨਵਾਂ ਕੇਸ ਆਇਆ, ਪਠਾਨਕੋਟ 'ਚ ਵੀ 2 ਨਵੇਂ ਕੇਸ ਆਏ, ਸਮਰਾਲਾ 'ਚ ਵੀ 1 ਬਜ਼ੁਰਗ ਔਰਤ ਕਰੋਨਾ ਪੌਜ਼ੇਟਿਵ ਆਈ

ਲੁਧਿਆਣਾ, 21 ਮਈ (ਪੱਤਰ-ਪ੍ਰੇਰਕਾਂ ਰਾਹੀਂ) : ਅੰਮ੍ਰਿਤਸਰ ਵਿਚ ਕਰੋਨਾ ਵਾਇਰਸ ਕਰਕੇ ਇਕ ਢਾਈ ਮਹੀਨਿਆਂ ਦੀ ਬੱਚੀ ਦੀ ਮੌਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਇਹ ਬੱਚੀ ਗੁਰੂ ਨਾਨਕ ਹਸਪਤਾਲ ਵਿਚ ਇਲਾਜ ਲਈ ਦਾਖਲ ਸੀ। ਬੱਚੇ ਨੂੰ ਖੰਘ, ਜੁਕਾਮ ਤੇ ਨਿਮੋਨੀਆ ਦੀ ਸ਼ਿਕਾਇਤ ਸੀ ਅਤੇ ਇਸ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿਸ ਦੀ ਅੱਜ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਬੱਚੀ ਦੀ ਰਿਪੋਰਟ ਵਿਚ ਉਸ ਦੇ ਕਰੋਨਾ ਵਾਇਰਸ ਦੇ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਇਹ ਜਾਣਕਾਰੀ ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਵੱਲੋਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਜ਼ਿਲੇ ਵਿਚ ਕੱਲ ਈਸ਼ਵਰ ਨਗਰ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਸਿਹਤ ਵਿਭਾਗ ਦੀ ਟੀਮ ਨੇ ਉਸ ਦਾ ਘਾਹ ਮੰਡੀ ਸ਼ਮਸਾਨ ਘਾਟ ਵਿਚ ਪੂਰੀ ਸਾਵਧਾਨੀ ਨਾਲ ਸੰਸਕਾਰ ਕਰਵਾਇਆ। ਜਲੰਧਰ ਜ਼ਿਲੇ ਵਿਚ ਕਰੋਨਾ ਵਾਇਰਸ ਕਰਕੇ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇ ਤੋਂ ਬਾਅਦ ਸੂਬੇ 'ਚ ਮੌਤਾਂ ਦੀ ਕੁਲ ਗਿਣਤੀ 42 ਹੋ ਗਈ ਹੈ। ਦੱਸਣਯੋਗ ਹੈ ਕਿ ਅੱਜ ਵੀਰਵਾਰ ਅੰਮ੍ਰਿਤਸਰ ਵਿਚ ਇਕ 15 ਸਾਲਾ ਲੜਕੇ ਦੀ ਰਿਪੋਰਟ ਕਰੋਨਾ ਪੌਜ਼ੇਟਿਵ ਆਈ ਹੈ।

ਇਸ ਤੋਂ ਇਲਾਵਾ ਇਕ 60 ਸਾਲਾ ਕਟਰਾ ਦੁਲੋ ਦੇ ਵਿਅਕਤੀ ਦੀ ਰਿਪੋਰਟ ਵਿਚ ਵੀ ਕਰੋਨਾ ਵਾਇਰਸ ਦੇ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਵਿਅਕਤੀ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਪੌਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਇਆ ਦੱਸਿਆ ਜਾ ਰਿਹਾ ਹੈ। ਕਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਹੁਸ਼ਿਆਰਪੁਰ 'ਚ 7 ਨਵੇਂ ਕਰੋਨਾ ਪੌਜ਼ੇਟਿਵ ਕੇਸ ਸਾਹਮਣੇ ਅਤੇ ਹਨ, ਜਿਨ੍ਹਾਂ ਚੋਂ ਟਾਂਡਾ ਤੋਂ 5 ਵਿਅਕਤੀਆਂ ਦੇ ਕਰੋਨਾ ਵਾਇਰਸ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਵਿਚ ਲਖਵਿੰਦਰ ਸਿੰਘ ਦੀ ਬੀਤੇ ਦਿਨੀਂ ਕਰੋਨਾ ਵਾਇਰਸ ਕਾਰਨ ਮੌਤ ਹੋਈ ਸੀ। ਇਸ ਤੋਂ ਬਾਅਦ ਲਖਵਿੰਦਰ ਸਿੰਘ ਦੇ ਸੰਪਰਕ ਵਿਚ ਰਹਿਣ ਵਾਲੇ ਉਸ ਦੇ ਅੱਠ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਕੋਰੋਨਾ ਟੈਸਟ ਲਈ ਭੇਜੇ ਗਏ ਸਨ, ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਇੱਕ ਮਰੀਜ਼ ਮਹਾਂਰਾਸ਼ਟਰ ਤੋਂ ਵਾਪਿਸ ਆÂਆ ਹੈ ਤੇ ਇੱਕ ਦਸੂਹਾ ਸਬ-ਡਵੀਜ਼ਨ ਦੇ ਪਿੰਡ ਦਾਤਾ ਦਾ ਹੈ। ਇਨ੍ਹਾਂ ਨਵੇਂ ਸੱਤ ਮਾਮਲਿਆਂ ਦੇ ਆਉਣ ਨਾਲ ਹੁਣ ਹੁਸ਼ਿਆਰਪੁਰ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 103 ਹੋ ਗਈ ਹੈ। ਇਕੱਠੇ ਸੱਤ ਵਿਅਕਤੀਆਂ ਦੀ ਰਿਪੋਰਟ ਪੌਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਗੁਰਦਾਸਪੁਰ 'ਚ ਅੱਜ 4 ਹੋਰ ਕਰੋਨਾ ਪੌਜ਼ੇਟਿਵ ਕੇਸ ਆ ਜਾਣ ਨਾਲ ਇਲਾਕੇ 'ਚ ਮੁੜ ਤੋਂ ਚਿੰਤਾ ਵਾਲੇ ਹਾਲਾਤ ਬਣ ਗਏ ਹਨ। ਸਭ ਤੋਂ ਜ਼ਿਆਦਾ ਚਿੰਤਾ ਇਹ ਹੈ ਕਿ ਅੱਜ ਪੌਜ਼ੇਟਿਵ ਆਏ ਚਾਰ ਕੇਸਾਂ 'ਚ ਸਾਰੀਆਂ ਹੀ ਹਾਈ ਰਿਸਕ ਗਰਭਵਤੀ ਮਹਿਲਾਵਾਂ ਹਨ। ਇਕੋ ਵੇਲ੍ਹੇ ਚਾਰ ਗਰਭਵਤੀ ਮਹਿਲਾਵਾਂ ਦੇ ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਦੀ ਸ਼ਾਇਦ ਇਹ ਪੰਜਾਬ ਦੀ ਪਹਿਲੀ ਘਟਨਾ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਕਰਫ਼ਿਊ ਖੋਲ੍ਹਣ ਤੋਂ ਬਾਅਦ ਜ਼ਿਲ੍ਹੇ 'ਚ ਨਵੇਂ ਸਿਰਿਓਂ ਐਕਟਿਵ ਕੇਸਾਂ ਦੀ ਗਿਣਤੀ 7 ਪਹੁੰਚ ਗਈ ਹੈ। ਅੱਜ ਜੋ ਚਾਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਇਹ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਨਾਲ ਸਬੰਧਿਤ ਹਨ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇੰਨਾਂ ਮਹਿਲਾਵਾਂ ਦੇ 19 ਮਈ ਨੂੰ ਪੂਲ ਟੈਸਟ ਕੀਤੇ ਗਏ ਸਨ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇੰਨ੍ਹਾਂ ਵਿਚੋਂ 2 ਮਹਿਲਾਵਾਂ ਦੀ ਡਲਿਵਰੀ ਹੋ ਚੁਕੀ ਹੈ ਤੇ ਬੱਚਿਆਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਪੀੜਤ ਮਹਿਲਾਵਾਂ ਵਿਚ ਇਕ ਮਹਿਲਾ ਬਸੰਤ ਨਗਰ ਬਟਾਲਾ, ਦੂਸਰੀ ਕਾਦੀਆਂ ਦੇ ਪਿੰਡ ਡਾਲਾ, ਤੀਸਰੀ ਢਡਿਆਲਾ ਨਜ਼ਾਰਾ ਅਤੇ ਚੌਥੀ ਧੰਦੋਈ ਪਿੰਡ ਦੀ ਵਸਨੀਕ ਹੈ। ਇੰਨਾ ਨੂੰ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਕੁਲ 130 ਪਾਜ਼ੇਟਿਵ ਮਰੀਜ਼ ਪਾਏ ਗਏ ਸਨ, ਜਿੰਨਾ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ। 122 ਠੀਕ ਹੋ ਚੁੱਕੇ ਹਨ ਅਤੇ ਹੁਣ 7 ਐਕਟਿਵ ਕੇਸ ਹਨ।

ਅੱਜ ਜਲੰਧਰ ਵਿਚ ਕਰੋਨਾਵਾਇਰਸ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 218 ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵੀ ਜ਼ਿਲੇ ਵਿਚ ਕਰੋਨਾ ਦੇ ਤਿੰਨ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਚ ਇਕ ਆਰਪੀਐਫ ਦਾ ਜਵਾਨ ਅਤੇ ਇਕ ਐਨਆਰਆਈ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਤੋਂ ਦੋ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਪਠਾਨਕੋਟ ਵਿਖੇ ਦਸ ਦਿਨਾਂ ਤੋਂ ਬਾਅਦ ਅੱਜ ਦੋ ਕਰੋਨਾ ਪੌਜ਼ੇਟਿਵ ਮਰੀਜ਼ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਦੋਵੇਂ ਕੇਸਾਂ 'ਚ ਅਰੂਣ ਕੁਮਾਰ ਨਾਂ ਦਾ ਇਕ ਵਿਅਕਤੀ ਪਿਛਲੇ ਹਫ਼ਤੇ ਹੀ ਦੁਬਈ ਤੋਂ ਪਰਤਿਆ ਹੈ। ਜਦਕਿ ਇਕ ਪਠਾਨਕੋਟ ਦੇ ਹਰੀ ਨਗਰ ਵਾਸੀ ਰਜਿੰਦਰ ਕੁਮਾਰ 43 ਸਾਲ ਦਾ ਹੈ। ਹਸਪਤਾਲ ਦੇ ਸੂਤਰਾਂ ਮੁਤਾਬਿਕ ਇਨ੍ਹਾਂ ਦੋਵਾਂ ਨੂੰ ਬਧਾਨੀ ਵਿਖੇ ਬਣਾਏ ਚਿੰਤਪੁਰਨੀ ਆਈਸੋਲੇਸ਼ਨ ਹਸਪਤਾਲ 'ਚ ਇਲਾਜ ਲਈ ਰਖਿਆ ਜਾਵੇਗਾ। ਇਸ ਤੋਂ ਇਲਾਵਾ ਲੁਧਿਆਣਾ ਦੇ ਸਮਮਰਾਲਾ 'ਚ ਵੀ ਇੱਕ 62 ਸਾਲਾ ਬਜ਼ੁਰਗ ਔਰਤ ਦੀ ਰਿਪੋਰਟ ਕਰੋਨਾ ਪੌਜ਼ੇਟਿਵ ਆਈ ਹੈ, ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ।

ਜਿਕਰਯੋਗ ਹੈ ਕਿ ਇਹ ਔਰਤ ਨੇੜਲੇ ਪਿੰਡ ਰਸੂਲੜਾ ਵਿਖੇ ਇੱਕ ਵਿਆਹ ਸਮਾਗਮ 'ਚ ਵੀ ਸ਼ਾਮਿਲ ਹੋਈ ਸੀ ਅਤੇ ਇਸ ਤੋਂ ਬਾਅਦ ਪਿੰਡ ਬੇਰਕਲਾਂ 'ਚ ਕਿਸੇ ਭੋਗ ਸਮਾਗਮ 'ਚ ਵੀ ਸ਼ਾਮਿਲ ਹੋ ਕੇ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਵੱਡੀ ਸਫਲਤਾ ਦਾ ਐਲਾਨ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਐਲਾਨ ਕੀਤਾ ਕਿ ਸੂਬੇ ਦਾ ਰਿਕਵਰੀ ਰੇਟ 89 ਫੀਸਦ ਨੂੰ ਛੂਹ ਗਿਆ ਹੈ ਜਦੋਂਕਿ ਰਾਜ ਵਿੱਚ ਹੁਣੇ ਸਿਰਫ 211 ਐਕਟਿਵ ਕਰੋਨਾ ਕੇਸ ਹਨ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕੇਸਾਂ ਦੀ ਦੁਗਣੀ ਦਰ 100 ਦਿਨਾਂ ਤੱਕ ਸੁਧਾਰੀ ਹੈ। ਉਨ੍ਹਾਂ ਨੇ ਰਾਸ਼ਟਰੀ ਤੇ ਰਾਜ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ 14 ਦਿਨਾਂ ਦੀ ਦੁਗਣੀ ਮਿਆਦ ਦੇ ਮੁਕਾਬਲੇ, ਪੰਜਾਬ ਦੀ ਦਰ 100 ਦਿਨ ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜ ਦੇ ਸਿਹਤ ਅਧਿਕਾਰੀਆਂ ਨੇ 152 ਹੋਰ ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ। ਇਸ ਦੇ ਨਾਲ, ਰਾਜ ਵਿੱਚ ਸਿਹਤਯਾਬ ਹੋਏ ਲੋਕਾਂ ਦੀ ਕੁੱਲ ਸੰਖਿਆ 1794 ਤੱਕ ਪਹੁੰਚ ਗਈ ਸੀ। ਇਸ ਵਕਤ ਕਰੋਨਾ ਮਰੀਜ਼ਾਂ ਦੀ ਗਿਣਤੀ ਸੂਬੇ ਭਰ 'ਚ 2100 ਨੂੰ ਪਾਰ ਕਰ ਗਈ ਹੈ ਅਤੇ 42 ਲੋਕਾਂ ਦੀ ਮੌਤ ਹੋ ਚੁੱਕੀ ਹੈ।

Unusual
PUNJAB
Corona
COVID-19

International