ਅਦਾਲਤ ਨੇ ਟਰੰਪ ਨੂੰ ਦਿੱਤਾ ਝਟਕਾ, 24000 ਸ਼ਰਨਾਰਥੀਆਂ ਨੂੰ ਮਿਲੇਗੀ ਅਮਰੀਕਾ ’ਚ ਪਨਾਹ

ਲਾਸ ਏਂਜਲਸ  7 ਸਤੰਬਰ (ਏਜੰਸੀਆਂ) ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਸਮੂਹ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਯਾਤਰਾ ਪਾਬੰਦੀ ਦੇ ਫੈਸਲੇ ਨੂੰ ਨਵਾਂ ਝਟਕਾ ਦਿੰਦੇ ਹੋਏ ਫੈਸਲਾ ਸੁਣਾਇਆ ਕਿ ਕੁਝ ਸ਼ਰਣਾਰਥੀਆਂ ਨੂੰ ਦੇਸ਼ ਵਿਚ ਆਉਣ ਦੀ ਆਗਿਆ ਦਿੱਤੀ ਜਾਵੇ। ਸਾਨ ਫਰਾਂਸਿਸਕੋ ਵਿਚ ਯੂ. ਐਸ ਨਾਇੰਥ ਸਰਕਿਟ ਆਫ ਅਪੀਲਸ ਨੇ ਆਪਣੇ ਨਵੇਂ ਫੈਸਲੇ ਵਿਚ ਹਵਾਈ ਦੀ ਅਦਾਲਤ ਦੇ ਫ਼ੈਸਲੇ ਨੂੰ ਵੀਰਵਾਰ ਨੂੰ ਬਰਕਰਾਰ ਰੱਖਿਆ । ਹਵਾਈ ਦੀ ਅਦਾਲਤ  ਦੇ ਫੈਸਲੇ ਖਿਲਾਫ ਪ੍ਰਸ਼ਾਸਨ ਨੇ ਅਪੀਲ ਕੀਤੀ ਸੀ । ਨਵੇਂ ਫੈਸਲੇ ਵਿਚ ਕਿਹਾ ਗਿਆ ਹੈ ਕਿ ਪਾਬੰਦੀ ਤੋਂ ਉਨਾਂ ‘‘ਸ਼ਰਣਾਰਥੀਆਂ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਹੈ, ਜਿਨਾਂ ਕੋਲ ਅਮਰੀਕਾ ਵਿਚ ਕਿਸੇ ਏਜੰਸੀ ਤੋਂ ਰਸਮੀ ਭਰੋਸਾ ਹੈ ਕਿ ਏਜੰਸੀ ਉਸ ਸ਼ਰਨਾਰਥੀ ਦੇ ਸਵਾਗਤ ਅਤੇ ਰੋਜ਼ਗਾਰ ਸੇਵਾਵਾਂ ਦਾ ਪ੍ਰਬੰਧ ਕਰੇਗੀ ਜਾਂ ਅਜਿਹਾ ਯਕੀਨੀ ਕਰੇਗੀ‘‘ ।

ਇਸ ਤੋਂ ਕਰੀਬ 24000 ਸ਼ਰਣਾਰਥੀਆਂ ਦੇ ਪਰਵੇਸ਼ ਦਾ ਰਸਤਾ ਸਾਫ਼ ਹੋਵੇਗਾ ਜਿਨਾਂ ਦੇ ਸ਼ਰਨ ਸਬੰਧੀ ਅਪੀਲ ਪਹਿਲਾਂ ਦੀ ਮੰਜੂਰ ਕੀਤੀ ਜਾ ਚੁੱਕੀ ਹੈ । ਸਾਨ ਫਰਾਂਸਿਸਕੋ ਵਿਚ 3 ਜੱਜਾਂ ਦੇ ਪੈਨਲ ਨੇ ਪੁਸ਼ਟੀ ਕੀਤੀ ਕਿ ਪਾਬੰਦੀ 6 ਮੁੱਖ ਮੁਸਲਮਾਨ ਦੇਸ਼ਾਂ ਵਿਚ ਰਹਿ ਰਹੇ ਅਤੇ ਅਮਰੀਕਾ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਇੱਛਾ ਰੱਖਣ ਵਾਲੇ ਦਾਦਾ-ਦਾਦੀ, ਨਾਨਾ-ਨਾਨੀ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਉੱਤੇ ਲਾਗੂ ਨਹੀਂ ਹੋ ਸਕਦਾ । ਨਿਆਂ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਕਿਹਾ , ‘‘ਅਸੀਂ ਦੇਸ਼ ਦੀ ਰੱਖਿਆ ਦੇ ਕਾਰਜਕਾਰੀ ਸ਼ਾਖਾ ਦੇ ਕਰਤੱਵ ਦੇ ਤਹਿਤ ਸੁਪਰੀਮ ਕੋਰਟ ਵਾਪਸ ਜਾਵਾਂਗੇ ।‘‘ ਸੁਪਰੀਮ ਕੋਰਟ ਅਕਤੂਬਰ ਵਿਚ ਯਾਤਰਾ ਪਾਬੰਦੀ ਉੱਤੇ ਪੁਨਰਵਿਚਾਰ ਕਰੇਗਾ ਅਤੇ ਇਸ ਦੇ ਸੰਵਿਧਾਨਕ ਹੋਣ ਦਾ ਅਧਿਐਨ ਕਰੇਗਾ।

Donald Trump
Unusual
USA