ਕਰਤਾਰਪੁਰ ਕੌਰੀਡੋਰ: ਭਾਰਤ ਵਾਲੇ ਪਾਸੇ 25 ਫੀਸਦੀ ਕੰਮ ਅਧੂਰਾ, ਹੁਣ ਸਿਰਫ਼ 15 ਦਿਨ ਬਚੇ

ਡੇਰਾ ਬਾਬਾ ਨਾਨਕ 16 ਅਕਤੂਬਰ  (ਏਜੰਸੀਆਂ) ਕੇਂਦਰ ਨੇ ਪੰਜਾਬ ਸਰਕਾਰ ਉੱਪਰ ਕਰਤਾਰਪੁਰ ਕੌਰੀਡੋਰ ਵਿੱਚ ਸਹਿਯੋਗ ਨਾ ਦੇਣ ਦੇ ਅਸਿੱਧੇ ਢੰਗ ਨਾਲ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਕਰਤਾਰਪੁਰ ਕੌਰੀਡੋਰ ਦੇ ਨਿਰਮਾਣ ਦੌਰਾਨ ਕੁਝ ਦਿਨ ਮਾਈਨਿੰਗ ਬੈਨ ਹੋਣ ਕਾਰਨ ਸਮੱਸਿਆ ਆਈ ਤੇ ਮਿੱਟੀ ਨਹੀਂ ਮਿਲੀ। ਇਸ ਕਾਰਨ ਕੰਮ ਪ੍ਰਭਾਵਿਤ ਹੋਇਆ। ਯਾਦ ਰਹੇ ਸਿਰਫ 15 ਦਿਨ ਬਾਕੀ ਹਨ ਤੇ ਅਜੇ 25 ਫੀਸਦੀ ਕੰਮ ਅਧੂਰਾ ਪਿਆ ਹੈ। ਇਹ ਗੱਲ ਕੰਸਟਰਕਸ਼ਨ ਕੰਪਨੀ ਦੇ ਉਪ ਚੇਅਰਮੈਨ ਸ਼ੈਲੇਂਦਰ ਬੱਜਰੀ ਨੇ ਚੇਅਰਮੈਨ ਲੈਂਡ ਪੋਰਟ ਅਥਰਟੀ ਆਫ ਇੰਡੀਆ ਗੋਬਿੰਦ ਮੋਹਨ ਦੀ ਹਾਜ਼ਰੀ ਵਿੱਚ ਕਹੀ।

ਕੰਪਨੀ ਦੇ ਉਪ ਚੇਅਰਮੈਨ ਨੇ ਕਿਹਾ ਕਿ ਕਰਤਾਰਪੁਰ ਕੌਰੀਡੋਰ ਦਾ 18 ਮਹੀਨਿਆਂ ਵਿੱਚ ਹੋਣ ਵਾਲਾ ਕੰਮ ਉਹ ਪੰਜ ਮਹੀਨਿਆਂ ਵਿੱਚ ਕਰ ਰਹੇ ਸਨ। ਉਨ੍ਹਾਂ ਲਈ ਹਰ ਦਿਨ ਮਹੱਤਵਪੂਰਨ ਸੀ ਕਿਉਂਕਿ ਬਾਰਸ਼ ਕਾਰਨ ਪਹਿਲਾਂ ਹੀ ਕੰਮ ਵਿੱਚ ਕਾਫੀ ਵਿਘਨ ਪਿਆ ਸੀ। ਇਸ ਬਾਰੇ ਜਦੋਂ ਚੇਅਰਮੈਨ ਲੈਂਡ ਪੋਰਟ ਅਥਾਰਟੀ ਗੋਬਿੰਦ ਮੋਹਨ ਦੀ ਪ੍ਰਤੀਕ੍ਰਿਆ ਜਾਣਨੀ ਚਾਹੀ ਕਿ ਕੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਕੀਤਾ ਤਾਂ ਉਨ੍ਹਾਂ ਗੱਲ ਨੂੰ ਸੰਭਾਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਇਹ ਕੁਝ ਦਿਨ ਦੀ ਸਮੱਸਿਆ ਸੀ ਜਿਸ ਨੂੰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰ ਲਿਆ ਗਿਆ ਸੀ।

ਦੂਜੇ ਪਾਸੇ ਪੰਜਾਬ ਸਰਕਾਰ ਹਮੇਸ਼ਾ ਤੋਂ ਕਹਿੰਦੀ ਆਈ ਹੈ ਕਿ ਕਰਤਾਰਪੁਰ ਕੌਰੀਡੋਰ ਦੇ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਨੇ ਕਿਹਾ ਕਿ ਬਹੁਤ ਸਾਰਾ ਮਟੀਰੀਅਲ ਦਿੱਲੀ ਤੇ ਹੋਰ ਥਾਵਾਂ ਤੋਂ ਇੱਥੇ ਲਿਆਉਣਾ ਪਿਆ ਪਰ ਫਿਰ ਵੀ ਅਸੀਂ ਆਪਣੇ ਕੰਮ ਨੂੰ ਸਮੇਂ 'ਤੇ ਪੂਰਾ ਕਰ ਲਵਾਂਗੇ। ਜੇਕਰ ਅਸੀਂ ਡੇਢ ਸਾਲ ਦਾ ਕੰਮ ਸਾਢੇ ਚਾਰ ਮਹੀਨਿਆਂ ਵਿੱਚ ਕਰ ਸਕਦੇ ਹਾਂ ਤਾਂ 15 ਦਿਨਾਂ ਵਿੱਚ ਰਹਿੰਦਾ 25 ਫ਼ੀਸਦੀ ਕੰਮ ਵੀ ਪੂਰਾ ਕਰ ਲਵਾਂਗੇ।

Unusual
Kartarpur Corridor
Punjab Government
Center Government
Sikhs

International