ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ 26 ਸਾਲ ਬਾਅਦ ਹੋਈ ਉਮਰ ਕੈਦ

8ਮੋਹਾਲੀ 26 ਸਤੰਬਰ (ਪ.ਬ.) ਲਗਭਗ 27 ਸਾਲ ਪਹਿਲਾਂ ਪੰਜਾਬ ਪੁਲਸ ਵਲੋਂ ਬਿਆਸ ਖੇਤਰ ਦੇ ਇਕ ਨਾਬਾਲਗ ਨੌਜਵਾਨ ਨੂੰ ਪੁਲਸ ਮੁਕਾਬਲੇ ਵਿਚ ਮਾਰਨ ਵਾਲੇ ਕੇਸ ਵਿਚ ਅੱਜ ਸੀ. ਬੀ. ਆਈ. ਦੀ ਅਦਾਲਤ ਨੇ ਉਸ ਵੇਲੇ ਦੇ ਬਿਆਸ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਤੇ ਇਕ ਹੈੱਡ ਕਾਂਸਟੇਬਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਸੀ. ਬੀ. ਆਈ. ਦੇ ਜੱਜ ਐੱਨ. ਐੱਸ. ਗਿੱਲ ਦੀ ਅਦਾਲਤ ਵੱਲੋਂ ਸੁਣਾਏ ਗਏ ਇਸ ਫੈਸਲੇ ਵਿਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਜਦੋਂਕਿ ਤਿੰਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕੇਸ ਦੀ ਸ਼ਿਕਾਇਤਕਰਤਾ ਬਲਵਿੰਦਰ ਕੌਰ ਨਿਵਾਸੀ ਪਿੰਡ ਪੱਲਾ (ਅੰਮ੍ਰਿਤਸਰ) ਵੱਲੋਂ ਵਕੀਲ ਐਡਵੋਕੇਟ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 14 ਸਤੰਬਰ 1992 ਨੂੰ ਲਗਭਗ 15 ਸਾਲ ਦੇ ਹਰਪਾਲ ਸਿੰਘ ਨਿਵਾਸੀ ਪਿੰਡ ਪੱਲਾ (ਅੰਮ੍ਰਿਤਸਰ) ਨੂੰ ਬਿਆਸ ਪੁਲਸ ਨੇ ਘਰ 'ਚੋਂ ਚੁੱਕ ਲਿਆ ਸੀ। ਉਸ ਤੋਂ ਬਾਅਦ 17 ਅਤੇ 18 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਸ ਨੂੰ ਨਿੱਝਰ ਪਿੰਡ ਵਿਚ ਹੋਏ ਪੁਲਸ ਮੁਕਾਬਲੇ ਵਿਚ ਮਰਿਆ ਹੋਇਆ ਵਿਖਾ ਦਿੱਤਾ ਗਿਆ। ਪੁਲਸ ਨੇ ਉਸ ਦੀ ਲਾਸ਼ ਤਕ ਪਰਿਵਾਰ ਨੂੰ ਨਹੀਂ ਦਿੱਤੀ ਅਤੇ ਉਸ ਨੂੰ ਅਣਪਛਾਤੀ ਲਾਸ਼ ਐਲਾਨ ਕਰ ਕੇ ਸਸਕਾਰ ਕਰ ਦਿੱਤਾ। ਆਪਣੇ ਇਕਲੌਤੇ ਪੁੱਤਰ ਦੀ ਭਾਲ ਵਿਚ ਭਟਕਦੀ ਹੋਈ ਉਸ ਦੀ ਵਿਧਵਾ ਮਾਤਾ ਬਲਵਿੰਦਰ ਕੌਰ ਨੇ ਪਤਾ ਲਗਾਉਣਾ ਸ਼ੁਰੂ ਕੀਤਾ। ਉਨ੍ਹੀਂ ਦਿਨੀਂ ਵੱਡੀ ਗਿਣਤੀ ਵਿਚ ਲਾਸ਼ਾਂ ਪੁਲਸ ਨੇ ਅਣਪਛਾਤੀਆਂ ਐਲਾਨ ਕੇ ਸਸਕਾਰ ਕਰ ਦਿੱਤੇ ਸਨ। ਇਹ ਮਾਮਲਾ ਸੁਪਰੀਮ ਕੋਰਟ ਤਕ ਗਿਆ ਤਾਂ ਸੁਪਰੀਮ ਕੋਰਟ ਨੇ 1996 ਵਿਚ ਕੇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਸੀ । ਸੀ. ਬੀ. ਆਈ. ਨੇ ਇਸ ਸਬੰਧੀ ਆਈ. ਪੀ. ਸੀ. ਦੀ ਧਾਰਾ 302, 364, 218, 34 ਅਤੇ 120ਬੀ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਕੇਸ 'ਚ ਕੁੱਲ 8 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ ਅਤੇ ਕੇਸ ਵਿਚ ਕੁੱਲ 21 ਲੋਕਾਂ ਨੂੰ ਗਵਾਹ ਬਣਾਇਆ ਗਿਆ ਸੀ । ਉਸ ਉਪਰੰਤ 10 ਅਗਸਤ 1999 ਨੂੰ ਸੀ. ਬੀ. ਆਈ. ਦੀ ਅਦਾਲਤ ਵਲੋਂ ਮੁਲਜ਼ਮਾਂ ਖਿਲਾਫ ਇਲਜ਼ਾਮ ਤੈਅ ਕੀਤੇ ਗਏ ਸਨ। ਇਲਜ਼ਾਮ ਤੈਅ ਹੋਣ ਦੇ ਕਰੀਬ 20 ਸਾਲ ਬਾਅਦ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਅਦਾਲਤ ਵਿਚ ਸਰਕਾਰੀ ਵਕੀਲ ਵਜੋਂ ਕੇਸ ਦੀ ਪੈਰਵਾਈ ਗੁਰਵਿੰਦਰਜੀਤ ਸਿੰਘ ਕਰ ਰਹੇ ਸਨ ।
ਜਾਣਕਾਰੀ ਮੁਤਾਬਕ ਪੁਲਸ ਨੇ ਸਟੋਰੀ ਬਣਾਈ ਸੀ ਕਿ 17 ਅਤੇ 18 ਸਤੰਬਰ 1992 ਦੀ ਰਾਤ ਨੂੰ ਪੁਲਸ ਪਾਰਟੀ ਗਸ਼ਤ 'ਤੇ ਸੀ। ਪਿੰਡ ਨਿੱਝਰ ਦੇ ਨਜ਼ਦੀਕ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਨੇ ਪੁਲਸ ਨੂੰ ਵੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ । ਪੁਲਸ ਵਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿਚ ਇਕ ਦੀ ਮੌਤ ਹੋ ਗਈ ਸੀ ਜਦੋਂਕਿ ਦੂਜਾ ਫਰਾਰ ਹੋ ਗਿਆ ਸੀ ਪਰ ਪੁਲਸ ਅਦਾਲਤ ਵਿਚ ਚੱਲੀ ਕਾਰਵਾਈ ਦੌਰਾਨ ਪੁਲਸ ਉਸ ਸਮੇਂ ਮੁਕਾਬਲੇ ਦੌਰਾਨ ਚਲੇ ਹੋਏ ਕਾਰਤੂਸ ਆਦਿ ਦਾ ਰਿਕਾਰਡ ਪੇਸ਼ ਨਹੀਂ ਕਰ ਸਕੀ ।
ਅਦਾਲਤ ਵਲੋਂ ਸਤੰਬਰ 1992 ਵਿਚ ਉਸ ਸਮੇਂ ਬਿਆਸ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਰਘੁਬੀਰ ਸਿੰਘ ਨਿਵਾਸੀ ਗੜਸ਼ੰਕਰ (ਹੁਸ਼ਿਆਰਪੁਰ) ਤੇ ਹੈੱਡ ਕਾਂਸਟੇਬਲ ਦਾਰਾ ਸਿੰਘ ਨੂੰ ਧਾਰਾ 302 ਵਿਚ ਉਮਰ ਕੈਦ, ਧਾਰਾ 364 ਵਿਚ 10 ਸਾਲ ਕੈਦ ਅਤੇ ਧਾਰਾ 218 ਵਿਚ ਦੋ ਸਾਲ ਕੈਦ ਦੀ ਸਜਾ ਸੁਣਾਈ ਹੈ ।
ਮੁਲਜ਼ਮ ਵਲੋਂ ਵਕੀਲ ਐਡਵੋਕੇਟ ਕੁੰਦਨ ਸਿੰਘ ਨਾਗਰਾ ਅਤੇ ਅਤੇ ਐਡਵੋਕੇਟ ਦੀਪਕ ਸੂਦ ਨੇ ਦੱਸਿਆ ਕਿ ਅਦਾਲਤ ਨੇ ਇਸ ਕੇਸ ਦੇ ਜਨ੍ਹਾਂ ਤਿੰਨ ਮੁਲਜ਼ਮਾਂ ਨੂੰ ਕੇਸ ਵਿਚੋਂ ਬਰੀ ਕੀਤਾ ਹੈ ਉਨ੍ਹਾਂ ਵਿਚ ਜਸਵੀਰ ਸਿੰਘ, ਨਿਰਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਦੇ ਨਾਮ ਸ਼ਾਮਲ ਹਨ ।
ਇਸ ਕੇਸ ਦੇ ਤਿੰਨ ਮੁਲਜ਼ਮਾਂ ਪੁਲਸ ਦੇ ਸਬ-ਇੰਸਪੈਕਟਰ ਰਾਮ ਲੁਭਾਇਆ, ਹੈੱਡ ਕਾਂਸਟੇਬਲ ਹੀਰਾ ਸਿੰਘ ਅਤੇ ਕਾਂਸਟੇਬਲ ਸਵਿੰਦਰਪਾਲ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ।

Unusual
Punjab Police
Court Case

International