3 ਬੱਚਿਆਂ ਦੀ ਸੜਕ ਪਾਰ ਕਰਨ ਦੌਰਾਨ ਹੋਈ ਦਰਦਨਾਕ ਮੌਤ

ਖਰੜ 9 ਜੁਲਾਈ ( ਜਗਵਿੰਦਰ ਸਿੰਘ ) ਕੁਰਾਲੀ- ਖਰੜ ਨੈਸ਼ਨਲ ਹਾਈਵੇ (21) ਤੇ ਸੜਕ ਪਾਰ ਕਰਨ ਦੌਰਾਨ ਹੋਏ ਸੜਕ ਹਾਦਸੇ ਚ 3 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਬੱਚੇ ਆਪਣੇ ਮਾਤਾ ਪਿਤਾ ਸਮੇਤ ਘਰੋਂ ਨਿਰੰਕਾਰੀ ਭਵਨ ਮੂੰਡੀ ਖਰੜ ਵਿਖੇ ਸਤਸੰਗ ਸੁਣਨ ਜਾਣ ਲਈ ਨਿਕਲੇ ਸਨ ਜਿਨਾਂ ਨੰੂ ਅਣਪਛਾਤੇ ਵਾਹਨ ਨੇ ਆਪਣੀ ਚਪੇਟ ਚ ਲੈ ਲਿਆ।ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਦੀਪ ਕਮਲ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਨਿਖਿਲ (10) ਪੁੱਤਰ ਸਿਮਰਜੀਤ, ਰੀਤੂ (12) ਪੁੱਤਰੀ ਗੁਰਪ੍ਰੀਤ ਅਤੇ ਮਨਵੀਰ (7) ਪੁੱਤਰ ਗੁਰਪ੍ਰੀਤ ਵਾਸੀ ਭੁੱਖੜੀ ਆਪਣੇ ਮਾਤਾ ਪਿਤਾ ਨਾਲ ਨਿਰੰਕਾਰੀ ਭਵਨ ਮੂੰਡੀ ਖਰੜ ਵਿੱਚ ਸਤਸੰਗ ਸੁਣਨ ਜਾ ਰਹੇ ਸਨ।

ਇਨਾਂ ਸਾਰੇ ਬੱਚਿਆਂ ਨੇ ਆਪਸ ਵਿੱਚ ਹੱਥ ਫੜੇ ਹੋਏ ਸਨ ਤੇ ਇਨਾਂ ਦੇ ਮਾਤਾ ਪਿਤਾ ਥੋੜਾ ਪਿਛੇ ਰਹਿ ਗਏ ਸਨ ।ਬੱਚਿਆਂ ਨੇ ਸਤਸੰਗ ਘਰ ਜਾਣ ਤੋਂ ਪਹਿਲਾਂ ਸੜਕ ਪਾਰ ਕਰਕੇ ਕਿਸੇ ਹੋਰ ਨਜਦੀਕੀ ਜਾਣਕਾਰ ਦੇ ਘਰ ਜਾਣਾ ਸੀ ।ਜਦੋਂ ਬੱਚੇ ਜੀ.ਬੀ.ਪੀ ਨੇੜੇ ਸੜਕ ਪਾਰ ਕਰਨ ਲੱਗੇ ਤਾਂ ਕੁਰਾਲੀ ਸਾਈਡ ਤੋਂ ਆ ਰਹੀ ਇੱਕ ਤੇਜ ਰਫਤਾਰ ਕਾਰ ਨੇ ਤਿੰਨਾਂ ਬੱਚਿਆਂ ਨੰੂ ਆਪਣੀ ਚਪੇਟ ਚ ਲੈ ਲਿਆ। ਜਿਸ ਕਾਰਨ ਇੱਕ ਬੱਚੇ ਦੀ ਤੁਰੰਤ ਮੌਕੇ ਤੇ ਮੌਤ ਹੋ ਗਈ ਤੇ ਬਾਕੀਆਂ ਨੇ ਸਿਵਲ ਹਸਪਤਾਲ ਖਰੜ ਪਹੂੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ ।ਤਿੰਨਾਂ ਬੱਚਿਆਂ ਨੰੂ ਸਿਵਲ ਹਸਪਤਾਲ ਖਰੜ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨਾਂ ਨੰੂ ਮਿ੍ਰਤਕ ਐਲਾਨ ਦਿੱਤਾ। ਡੀ.ਐਸ.ਪੀ ਅਨੂਸਾਰ ਪੁਲਿਸ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਅਣਪਛਾਤੇ ਵਾਹਨ ਚਾਲਕ ਦੀ ਤਲਾਸ਼ ਵਿੱਚ ਜੁੱਟ ਗਈ ਹੈ।

accident
Death