ਥਾਣੇ ’ਚ ਵਿਕਦਾ ਚਿੱਟਾ, ਮੁਨਸ਼ੀ ਸਮੇਤ 3 ਕੋਲੋਂ ਕਰੋੜਾਂ ਦੀ ਹੈਰੋਇਨ ਫੜੀ

ਲੁਧਿਆਣਾ, 11 ਅਗਸਤ : ਨਸ਼ਿਆਂ ਨੂੰ ਕਾਬੂ ਕਰਨ ਲਈ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਨੇ ਹੌਲਦਾਰ ਸਮੇਤ ਤਿੰਨ ਵਿਅਕਤੀਆਂ ਨੂੰ 785 ਗ੍ਰਾਮ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਮੁਲਾਜ਼ਮ ਥਾਣਾ ਸਦਰ ਖੰਨਾ ਦਾ ਹੈੱਡ ਮੁਨਸ਼ੀ ਹੈ ਅਤੇ ਦੋ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨਾਂ ਤੋਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ।

ਐਸਟੀਐੱਫ ਦੇ ਆਈਜੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਅਮਨਦੀਪ ਸਿੰਘ ਉਰਫ਼ ਮੋਲੀ ਅਤੇ ਵਿਕਾਸ ਕੁਮਾਰ ਉਰਫ ਲਾਰਾ ਨੂੰ ਚੰਡੀਗੜ ਰੋਡ ਤੋਂ ਸੈਕਟਰ-39 ਤੋਂ ਹੈਰੋਇਨ ਤੇ ਆਈ-20 ਕਾਰ ਸਮੇਤ ਕਾਬੂ ਕੀਤਾ ਸੀ। ਤਲਾਸ਼ੀ ਦੌਰਾਨ ਉਨਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨਾਂ ਦੱਸਿਆ ਕਿ ਮੁਲਜ਼ਮ ਇਹ ਨਸ਼ਾ ਗਗਨਦੀਪ ਸਿੰਘ ਉਰਫ ਗੱਗੀ ਕੋਲੋਂ ਖਰੀਦਦੇ ਹਨ।

ਆਈਜੀ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ਨੇ ਪੁਲਿਸ ਨੇ ਥਾਣਾ ਸਦਰ ਖੰਨਾ ਵਿੱਚ ਬਤੌਰ ਮੁੱਖ ਮੁਨਸ਼ੀ ਤਾਇਨਾਤ ਹੌਲਦਾਰ ਗਗਨਦੀਪ ਸਿੰਘ ਉਰਫ ਗੱਗੀ ਨੂੰ ਕਾਬੂ ਕੀਤਾ। ਉਨਾਂ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਥਾਣੇ ਨੇੜੇ ਖੜੀ ਉਸ ਦੀ ਆਈ-10 ਕਾਰ ਵਿੱਚੋਂ 385 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਹੈਰੋਇਨ ਨਾਈਜੀਰੀਅਨਾਂ ਕੋਲੋਂ ਦਿੱਲੀ ਤੋਂ ਲਈ ਜਾਂਦੀ ਸੀ। ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।

Unusual
Drugs
Punjab Police

International