ਚਿਦੰਬਰਮ ਨੂੰ 3 ਦਿਨ ਹੋਰ ਰਿੜਕੇਗੀ ਸੀ ਬੀ ਆਈ

ਨਵੀਂ ਦਿੱਲੀ 30 ਅਗਸਤ (ਏਜੰਸੀਆਂ) ਆਈਐਨਐਕਸ ਮੀਡੀਆ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੀ ਚਿਦੰਬਰਮ ਦੀ ਸੀਬੀਆਈ ਹਿਰਾਸਤ 3 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਹੁਣ ਚਿਦੰਬਰਮ ਨੂੰ 2 ਸਤੰਬਰ ਤਕ ਸੀਬੀਆਈ ਹਿਰਾਸਤ ਵਿੱਚ ਹੀ ਰਹਿਣਾ ਪਏਗਾ। ਰਾਉਜ ਐਵੇਨਿਊ ਕੋਰਟ ਨੇ ਅੱਜ ਇਹ ਫੈਸਲਾ ਸੁਣਾਇਆ। ਉਂਞ ਅੱਜ ਚਿਦੰਬਰਮ ਦੀ ਸੀਬੀਆਈ ਰਿਮਾਂਡ ਖ਼ਤਮ ਹੋ ਜਾਣੀ ਸੀ। ਇਸ ਲਈ ਸੀਬੀਆਈ ਨੇ ਚਿਦੰਬਰਮ ਨੂੰ ਰਾਊਜ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਸੀਬੀਆਈ ਨੇ ਚਿਦੰਬਰਮ ਦੀ ਹਿਰਾਸਤ 5 ਦਿਨ ਤਕ ਵਧਾਉਣ ਦੀ ਮੰਗ ਕੀਤੀ ਸੀ।

ਇਸ ’ਤੇ ਅਦਾਲਤ ਨੇ ਕਿਹਾ ਕਿ ਜੇ 8 ਤੋਂ 10 ਘੰਟੇ ਪੁੱਛਗਿੱਛ ਹੋਈ ਹੈ ਤਾਂ ਫਿਰ ਵਾਰ-ਵਾਰ ਰਿਮਾਂਡ ਵਧਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ। ਇਸ ’ਤੇ ਸੀਬੀਆਈ ਨੇ ਕਿਹਾ ਕਿ ਹਾਲੇ ਕੁਝ ਜ਼ਰੂਰੀ ਕਾਗਜ਼ਾਂ ਨਾਲ ਸਾਹਮਣਾ ਕਰਾਉਣਾ ਹੈ। ਦੱਸ ਦੇਈਏ ਸਾਬਕਾ ਵਿੱਤ ਮੰਤਰੀ ਖ਼ੁਦ ਸੀਬੀਆਈ ਰਿਮਾਂਡ ਵਿੱਚ ਰਹਿਣਾ ਚਾਹੁੰਦੇ ਹਨ। ਉਨਾਂ ਨੂੰ ਲੱਗਦਾ ਹੈ ਕਿ ਜੇ ਰਿਮਾਂਡ ਬਾਅਦ ਜ਼ਮਾਨਤ ਨਹੀਂ ਮਿਲੀ ਤਾਂ ਉਨਾਂ ਨੂੰ ਤਿਹਾੜ ਜੇਲ ਭੇਜਿਆ ਜਾ ਸਕਦਾ ਹੈ। ਸੁਪਰੀਮ ਕੋਰਟ ਵਿੱਚ ਅੱਜ ਚਿਦੰਬਰਮ ਦੇ ਵਕੀਲ ਨੇ ਕਿਹਾ ਕਿ ਉਹ ਖ਼ੁਦ 2 ਸਤੰਬਰ ਤਕ ਸੀਬੀਆਈ ਦੀ ਹਿਰਾਸਤ ਵਿੱਚ ਰਹਿਣਾ ਚਾਹੁੰਦੇ ਹਨ। ਈਡੀ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

Unusual
P Chidambaram
CBI
Scam

International