ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਪੰਜਾਬ ਦੇ 34ਵੇਂ ਰਾਜਪਾਲ ਵਜੋਂ ਸਹੁੰ ਚੁੱਕੀ

ਚੰਡੀਗੜ, 22 ਜਨਵਰੀ (ਮੇਜਰ ਸਿੰਘ): ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸਾਸ਼ਕ ਵੱਜੋਂ ਸਹੁੰ ਚੁੱਕੀ। ਉਨਾਂ ਨੂੰ ਇਹ ਜ਼ਿੰਮੇਵਾਰੀ ਹਰਿਆਣਾ ਦੇ ਰਾਜਪਾਲ ਤੋਂ ਇਲਾਵਾ ਵਾਧੂ ਚਾਰਜ ਵੱਜੋਂ ਦਿੱਤੀ ਗਈ ਹੈ। ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੀ ਹਾਜ਼ਰੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ.ਜੇ.ਵਜ਼ੀਫਦਾਰ ਨੇ ਪ੍ਰੋ. ਸੋਲੰਕੀ ਨੂੰ ਅਹੁਦੇ ਦੇ ਸਹੁੰ ਚੁਕਾਈ। ਉਨਾਂ ਨੇ ਸਹੁੰ ਪੱਤਰ ‘ਤੇ ਦਸਤਖਤ ਕੀਤੇ ਜਿਨਾਂ ‘ਤੇ ਬਾਅਦ ਵਿਚ ਚੀਫ ਜਸਟਿਸ ਨੇ ਕਾਊਂਟਰ ਹਸਤਾਖਰ ਕੀਤੇ। ਇਸ ਤੋਂ ਬਾਅਦ ਪ੍ਰੋ. ਸੋਲੰਕੀ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸਾਸ਼ਕ ਦਾ ਅਹੁਦਾ ਸੰਭਾਲਿਆ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਾਮਜ਼ਦ ਰਾਜਪਾਲ ਵੱਜੋਂ ਪ੍ਰੋ.ਸੋਲੰਕੀ ਸਹੁੰ ਚੁੱਕ ਦੀ ਰਸਮ ਲਈ ਵਿਸ਼ੇਸ਼ ਸਜਾਏ ਪੰਡਾਲ ਵਿਚ ਪੁੱਜੇ। ਉਨਾਂ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨਾਲ ਸਨ। ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਸਹੁੰ ਚੁੱਕ ਸਮਾਗਮ ਦੀ ਰਸਮ ਸ਼ੁਰੂ ਕਰਨ ਦੀ ਇਜਾਜ਼ਤ ਲੈ ਕੇ ਪ੍ਰੋ.ਖਪਤਾਨ ਸਿੰਘ ਸੋਲੰਕੀ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸਾਸ਼ਕ ਦੇ ਵਾਧੂ ਚਾਰਜ ਵੱਜੋਂ ਨਿਯੁਕਤੀ ਦੇ ਵਾਰੰਟ ਪੜ ਕੇ ਸੁਣਾਏ। ਸਮਾਗਮ ਦੇ ਅੰਤ ਵਿਚ ਮੁੱਖ ਸਕੱਤਰ ਨੇ ਨਵੇਂ ਰਾਜਪਾਲ ਪ੍ਰੋ.ਕਪਤਾਨ ਸਿੰਘ ਸੋਲੰਕੀ ਦੀ ਆਗਿਆ ਨਾਲ ਸਮਾਗਮ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਨਵੇਂ ਰਾਜਪਾਲ ਨੇ ਪੀਏਪੀ ਦੀ ਵਿਸ਼ੇਸ਼ ਟੁਕੜੀ ਤੋਂ ਸਲਾਮੀ ਅਤੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਇਸ ਮੌਕੇ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਕੌਮੀ ਧੁਨ ਵਜਾਈ ਗਈ। ਸਹੁੰ ਚੁੱਕ ਸਮਾਗਮ ਦੀ ਰਸਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਚੂਨੀ ਲਾਲ ਭਗਤ ਤੇ ਸ੍ਰੀ ਮਦਨ ਮੋਹਨ ਮਿੱਤਲ, ਚੰਡੀਗੜ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਚੰਡੀਗੜ ਪ੍ਰਸਾਸ਼ਨ ਦੇ ਸਲਾਹਕਾਰ ਸ੍ਰੀ ਵਿਜੈ ਕੁਮਾਰ ਦੇਵ, ਪੰਜਾਬ ਦੇ ਪੁਲਿਸ ਮੁਖੀ ਸ੍ਰੀ ਸੁਮੇਧ ਸਿੰਘ ਸੈਣੀ, ਪੰਜਾਬ ਦੇ ਸੀਨੀਅਰ ਸਿਵਲ ਤੇ ਪੁਲਿਸ ਦੇ ਅਧਿਕਾਰੀ ਅਤੇ ਪ੍ਰੋ.ਸੋਲੰਕੀ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

International