ਕੈਪਟਨ ਅਮਰਿੰਦਰ ਸਿੰਘ ਦੇ 4 ਹਫ਼ਤੇ ਬਨਾਮ 3 ਸਾਲ ...

ਜਸਪਾਲ ਸਿੰਘ ਹੇਰਾਂ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਗਏ ਹਨ ਅਤੇ ਡੇਢ ਕੁ ਸਾਲ ਬਾਕੀ ਰਹਿ ਗਿਆ ਹੈ। ਕਿਉਂਕਿ ਕਿਸੇ ਸਰਕਾਰ ਦੇ ਪਿਛਲੇ 6 ਮਹੀਨੇ ਅਗਲੀ ਆਉਣ ਵਾਲੀ ਸਰਕਾਰ ਦੇ ਖਾਤੇ ਚਲੇ ਜਾਂਦੇ ਹਨ। ਜੇ ਭੰਬਲ-ਭੂਸਾ ਹੋਵੇ ਤਾਂ ਅਫ਼ਸਰਸ਼ਾਹੀ ਸੰਭਾਵਿਤ ਧਿਰਾਂ ਨੂੰ ਸਿਰਫ਼ ਲੱਕੜ ਦੇ ਮੁੰਡੇ ਦੇਣ ਲੱਗ ਜਾਂਦੀ ਹੈ। ਕੰਮ ਕਿਸੇ ਦਾ ਨਹੀਂ ਹੁੰਦਾ। ਕੈਪਟਨਕਿਆਂ ਵੱਲੋਂ 16 ਮਾਰਚ ਨੂੰ ਲੈ ਕੇ ਵੱਡੇ ਦਮਗਜ਼ੇ ਮਾਰੇ ਜਾ ਰਹੇ ਸਨ ਅਤੇ ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਸੀ ਕਿ ਇਸ ਦਿਨ ਕੈਪਟਨ ਸਰਕਾਰ ਪਿਛਲੀਆਂ ਸਾਰੀਆਂ ਕਸਰਾਂ ਕੱਢ ਦਿਊਗੀ। ਪ੍ਰੰਤੂ ਜਿਹੜਾ ਪਿਟਾਰਾ ਖੋਲ਼੍ਹਿਆ ਗਿਆ ਹੈ ,ਉਹ ਸਿਰਫ਼ ਗੱਪਾਂ ਤੇ ਝੂਠੇ ਅੰਕੜਿਆਂ ਦਾ ਹੈ । ਲੱਗਦਾ ਹੈ ਕਿ ਇਸ ਪਾਰੀ 'ਚ ਕੈਪਟਨ ਅਮਰਿੰਦਰ ਸਿੰਘ 'ਵੱਡਾ ਗਪੌੜੀ' ਖ਼ਿਤਾਬ ਹਰ-ਹੀਲੇ ਆਪਣੇ ਨਾਮ ਕਰਨਾ ਚਾਹੁੰਦਾ ਹੈ। ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਨਾਕਾਮੀਆਂ ਦੀ ਜਦੋਂ ਗੱਲ ਛਿੜਦੀ ਹੈ ਤਾਂ ਸਭ ਤੋਂ ਪਹਿਲਾਂ ਕੈਪਟਨ ਵੱਲੋਂ ਗੁਟਕਾ ਸਾਹਿਬ ਨੂੰ ਲੈ ਕੇ ਚੁੱਕੀ ਸਹੁੰ ਦੀ ਛਿੜਦੀ ਹੈ। ਹਰ ਕੋਈ ਇਹ ਸੁਆਲ ਜ਼ਰੂਰ ਕਰਦਾ ਹੈ ਕਿ ਜਿਹੜਾ ਵਿਅਕਤੀ ਗੁਟਕਾ ਸਾਹਿਬ ਨੂੰ ਲੈ ਕੇ ਖਾਧੀ ਸੰਹੁ ਨੂੰ ਪੂਰਾ ਨਹੀਂ ਕਰ ਸਕਿਆ, ਉਸ 'ਤੇ ਕੌਣ ਭਰੋਸਾ ਕਰੇ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਦੀ ਸਰਪ੍ਰਸਤੀ ਬਾਦਲਾਂ ਨੂੰ ਲੈ ਬੈਠੀ ਤੇ ਹੁਣ ਉਹੋ ਕਹਾਣੀ ਕੈਪਟਨ ਦੁਹਰਾਉਣ ਜਾ ਰਿਹਾ ਹੈ।

ਸੰਹੁ 'ਚ ਬੇਅਦਬੀ ਮੁੱਦਾ ਤੇ ਪੰਜਾਬ 'ਚ ਨਸ਼ਿਆਂ ਦਾ ਖ਼ਾਤਮਾ ਸੀ। ਪ੍ਰੰਤੂ ਇਹ ਚੜ੍ਹਦੇ ਸੂਰਜ ਵਰਗਾ ਸੱਚ ਹੈ ਕਿ ਕੈਪਟਨ ਨਾਂ ਤਾਂ ਬੇਅਦਬੀ ਦੇ ਦੋਸ਼ੀਆਂ ਤੇ ਉਹਨਾਂ ਦੇ ਸਰਪ੍ਰਸਤਾਂ ਨੂੰ ਨਕੇਲ ਪਾ ਸਕਿਆ ਅਤੇ ਨਾ ਹੀ ਪੰਜਾਬ 'ਚੋਂ ਨਸ਼ਾ ਮਾਫੀਆ ਨੂੰ ਖ਼ਤਮ ਕੀਤਾ ਜਾ ਸਕਿਆ। ਬੇਰੁਜ਼ਗਾਰੀ ਦਾ ਮੁੱਦਾ ਤਾਂ ਹੁਣ ਪੰਜਾਬ ਦੀ ਹੋਂਦ ਨਾਲ ਹੀ ਜੁੜ ਗਿਆ ਹੈ। ਪੰਜਾਬ 'ਚ ਬੇਰੁਜ਼ਗਾਰੀ ਕਾਰਨ ਅੱਜ ਹਰ ਸਾਲ ਪੰਜਾਬ ਦੇ 1 ਲੱਖ 40 ਹਜ਼ਾਰ ਮੁੰਡੇ-ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਹਨ। ਕੈਪਟਨ ਨੂੰ 10 ਲੱਖ ਨੌਕਰੀਆਂ ਦੇਣ ਦੇ ਦਾਅਵੇ ਦੀ ਥਾਂ 10 ਲੱਖ ਮੁੰਡੇ-ਕੁੜੀਆਂ ਨੂੰ ਵਿਦੇਸ਼ ਭਜਾਇਆ, ਦਾ ਦਾਅਵਾ ਕਰਨਾ ਚਾਹੀਦਾ ਹੈ, ਜਿਹੜਾ ਅਸਲ ਸੱਚ ਹੈ। ਬਾਦਲਾਂ ਦੇ ਰਾਜ ਸਮੇਂ ਪੰਜਾਬ 'ਚ ਨਸ਼ਾ ਮਾਫ਼ੀਏ ਤੋਂ ਲੈ ਕੇ ਸਿਹਤ-ਸਿਖਿਆ ਮਾਫੀਏ ਤੱਕ 17 ਤਰ੍ਹਾਂ ਦੇ ਮਾਫ਼ੀਏ ਮਾਰੋ-ਮਾਰ ਕਰਦੇ ਸਨ, ਤੇ ਅੱਜ ਵੀ ਦਨਦਨਾਉਂਦੇ ਫਿਰ ਰਹੇ ਹਨ। ਪੰਜਾਬ 'ਚ ਦਿਨ-ਬ-ਦਿਨ ਬਿਜਲੀ ਮਹਿੰਗੀ ਹੋਣ ਦਾ  ਕਾਰਨ ਬਣੇ ਥਰਮਲ ਪਲਾਂਟਾਂ ਵਾਲੇ ਸਮਝੌਤੇ ਰੱਦ ਕਰਨ ਦਾ ਦਾਅਵਾ ਵੀ ਹਵਾ 'ਚ ਹਵਾਈ ਹੋ ਗਿਆ। ਉਲਟਾ ਪੰਜਾਬ 'ਚ ਬਿਜਲੀ ਹੋਰ ਮਹਿੰਗੀ ਹੋ ਰਹੀ ਹੈ। ਪੰਜਬ ਦਾ ਕਰਜ਼ਾਈ ਕਿਸਾਨ ,ਖੇਤ ਮਜ਼ਦੂਰ, ਨਸ਼ੇੜੀ ਨੌਜਵਾਨ ਸਿਵਿਆਂ ਦੇ ਰਾਹ ਪਏ ਹਨ। ਪ੍ਰੰਤੂ ਕੈਪਟਨ ਦਾ ਪੰਜਾਬ ਪੁਲਿਸ ਦਾ ਮੁਖੀ, ਅੰਕੜਿਆਂ ਦੀ ਜਾਦੂਗਰੀ ਨਾਲ ਨਸ਼ੇ ਨੂੰ ਕਾਬੂ ਕੀਤੇ ਜਾਣ ਦੇ ਦਾਅਵੇ ਕਰ ਰਿਹਾ ਹੈ। ਕੈਪਟਨ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਦਾਅਵੇ ਕਰ ਰਹੇ ਹਨ। ਪ੍ਰੰਤੂ ਫਿਰ ਇਹ ਖੁਦਕੁਸ਼ੀਆਂ ਕਰਨ ਵਾਲੇ ਕੌਣ ਹਨ? ਸਾਨੂੰ ਲੱਗਦਾ ਸੀ ਕਿ ਦਿੱਲੀ 'ਚ ਕੇਜਰੀਵਾਲ ਦੀ ਸ਼ਾਨਦਾਰ ਜਿੱਤ ਕੈਪਟਨ ਦੀਆਂ ਅੱਖਾਂ ਖੋਲ੍ਹੇਗੀ, ਪ੍ਰੰਤੂ ਲੱਗਦਾ ਹੈ ਕਿ ਕੈਪਟਨ ਤਾਂ ਆਪਣੇ ਸਮਝੌਤੇ ਨੂੰ ਪੁਗਾਉਣ ਲਈ ਹਰ ਹਾਲਤ 'ਚ ਆਪਣੇ ਭਤੀਜੇ ਨੂੰ ਪੰਜਾਬ ਦੀ ਸੱਤਾ ਸੌਂਪਣ ਦਾ ਪੱਕਾ ਮਨ ਬਣਾ ਚੁੱਕਾ ਹੈ।

ਪੰਜਾਬ ਨੂੰ ਚਾਰੇ ਪਾਸਿਆਂ ਤੋਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਪੰਜਾਬ ਦੇ ਪੁੱਤ ਤੇ ਪਾਣੀ ਖ਼ਤਰੇ 'ਚ ਹਨ। ਪੰਜਾਬ ਵਿਕਾਸ ਪੱਖੋਂ ਫ਼ਾਡੀ ਹੋ ਗਿਆ ਹੈ। ਛੋਟਾ ਕਿਸਾਨ ਤੇ ਦੁਕਾਨਦਾਰ ਆਰਥਿਕ ਪੱਖੋਂ ਟੁੱਟ ਚੁੱਕਾ ਹੈ। ਕਿਸਾਨਾਂ ਦੀਆਂ ਫਸਲਾਂ ਨੂੰ ਖ੍ਰੀਦਣ ਤੋਂ ਕੇਂਦਰ ਸਰਕਾਰ ਭੱਜਣ ਲੱਗੀ ਹੈ। ਪੰਜਾਬ 'ਚ ਸਿਹਤ ਤੇ ਸਿੱਖਿਆ ਸੰਸਥਾਵਾਂ ਮੰਦੇ ਹਾਲ 'ਚ ਹਨ। ਚਾਰੇ ਪਾਸੇ ਮੁਜ਼ਾਹਰੇ,ਧਰਨੇ ਚੱਲ ਰਹੇ ਹਨ। ਪੰਜਾਬ ਦਾ ਖ਼ਜ਼ਾਨਾ ਭਰਿਆ ਹੋਣ ਦਾ ਝੂਠਾ ਦਾਅਵਾ ਕੀਤਾ  ਜਾ ਰਿਹਾ ਹੈ ,ਪ੍ਰੰਤੂ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਲੈਣ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ। ਕੈਪਟਨ ਸਰਕਾਰ ਤਿੰਨ ਸਾਲ ਦੇ ਰਿਪੋਰਟ ਕਾਰਡ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ, ਪ੍ਰੰਤੂ ਕਿਸੇ ਠੋਸ ਪ੍ਰਾਪਤੀ ਦਾ ਲੇਖਾ-ਜੋਖਾ ਪੇਸ਼ ਕਰਨ ਤੋਂ ਅਸਮਰੱਥ ਹੈ। ਕਾਂਗਰਸੀਏ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚਦੇ ਹਨ। ਹੁਣ ਜਦੋਂ ਕੈਪਟਨ ਸਰਕਾਰ ਨੇ ਅਗਲੀ 16 ਮਾਰਚ ਨੂੰ ਆਪਣਾ ਆਖਰੀ ਰਿਪੋਰਟ ਕਾਰਡ ਪੇਸ਼ ਕਰ ਕੇ ਵਰ੍ਹੇਗੰਢ ਮਨਾਉਣੀ ਹੈ ਤਾਂ ਉਸ 'ਚ ਬਹੁਤਾ ਤਾਂ ਨਹੀਂ ਅੱਧਾ ਕੁ ਸੱਚ ਤਾਂ ਪੇਸ਼ ਕਰਨਾ ਹੀ ਪਵੇਗਾ, ਨਹੀਂ ਤਾਂ ਫਿਰ ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਚਾਚਾ-ਭਤੀਜਾ ਸਮਝੌਤੇ ਨੇ ਜਿਹੜਾ ਚੰਨ ਚੜ੍ਹਾਉਣਾ ਹੈ, ਉਸ ਨੂੰ ਕੋਈ ਰੋਕ ਨਹੀਂ ਸਕੇਗਾ।

Editorial
Jaspal Singh Heran

International