ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਤੇ 4 ਹੋਰਨਾਂ ਵਿਰੁੱਧ ਦੇਸ਼ਧ੍ਰੋਹ ਤੇ ਸਾਜਿਸ਼ ਰਚਨ ਦੇ ਦੋਸ਼ ਤਹਿਤ ਮੁਕੱਦਮਾ ਦਰਜ

ਚੰਡੀਗੜ, 6 ਜੁਲਾਈ (ਮੇਜਰ ਸਿੰਘ): ਪੰਜਾਬ ਦੇ ਕਈ ਵਰਗਾਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਸ਼ਿਕਾਇਤਾਂ ਦਾ ਆਧਾਰ ’ਤੇ ਮੁੱਖ ਮੰਤਰੀ ਵੱਲੋਂ ਗੈਰ ਸਮਾਜੀ ਤੱਤਾਂ ਵਿਰੁੱਧ ਸਖਤੀ ਵਰਤਣ ਦੇ ਆਦੇਸ਼ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਅੱਜ ਅਮਰੀਕਾ ਨਿਵਾਸੀ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸਮੇਤ 2 ਭਾਰਤੀ ਬਸਿੰਦਿਆਂ ਵਿਰੁੱਧ ਦੇਸ਼ਧ੍ਰੋਹ ਅਤੇ ਸਮਾਜ ਵਿੱਚ ਨਫਰਤ ਪੈਦਾ ਕਰਨ ਤੇ ਸਾਜਿਸ਼ ਰਚਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੁੱਖ ਮੰਤਰੀ ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ ਵੱਲੋਂ ਪੁਲਿਸ ਨੂੰ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਿੱਖ ਫਾਰ ਜਸਟਿਸ ਸਮੇਤ ਕੋਈ ਵੀ ਹੋਰ ਗੈਰ ਸਮਾਜੀ ਜੱਥੇਬੰਦੀ ਲੋਕਾਂ ਦੀਆਂ ਫਿਰਕੂ ਭਾਵਨਾਵਾਂ ਨਾ ਭੜਕਾ ਸਕੇ ਜਿਸਦਾ ਲਾਭ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਲੈ ਸਕਦੀ ਹੈ।
 
ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਇਹ ਆਦੇਸ਼ ਸੂਬੇ ਵਿੱਚ ਬੀਤੀ ਦਿਨੀਂ ਵੱਖ-ਵੱਖ 40 ਥਾਵਾਂ ਤੇ ਭੜਕਾਹਟ ਪੈਦਾ ਕਰਨ ਵਾਲੇ ਲੱਗੇ ਹੋਰਡਿੰਗਾਂ ਦੇ ਸਬੰਧ ਵਿੱਚ ਦਿੱਤਾ ਗਿਆ ਹੈ। ਪੁਲਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ‘ਪੰਜਾਬ ਇੰਡੀਪੈਂਡੈਸ ਰਿਫਰੈਡਮ 2020’ ਸਿਰਲੇਖ ਤਹਿਤ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸਨੂੰ ਬਾਬਾ ਹਨੁਮਾਨ ਸਿੰਘ ਐਟਰਪ੍ਰਾਇਜਿਜ਼ ਏਜੰਸੀ ਵੱਲੋਂ ਚਲਾਇਆ ਜਾ ਰਿਹਾ ਹੈ ਜਿਸਨੂੰ ਕਿ ਨਿਊ ਯਾਰਕ ਤੋਂ ਐਸ.ਜੇ.ਐਫ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਰਾਹੀਂ ਕੰਮ ਸੌਪਿਆ ਗਿਆ ਹੈ। ਪੰਨੂ ਤੋਂ ਇਲਾਵਾ ਜਿਨਾਂ ਹੋਰਨਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ  ਉਨਾਂ ਦੀ ਪਹਿਚਾਣ ਜਗਦੀਪ ਸਿੰਘ ਉਰਫ ਬਾਬਾ ਜੱਗ ਸਿੰਘ ਜੋ ਕਿ ਮੂਲ ਰੂਪ ਵਿੱਚ ਫਤਿਹਗੜ ਸਾਹਿਬ ਦਾ ਵਸਨੀਕ ਹੈ ਅਤੇ ਮੌਜੂਦਾ ਸਮੇਂ ਨਿਊ ਯਾਰਕ ਵਿਖੇ ਰਹਿ ਰਿਹਾ ਹੈ। ਇਸ ਤੋਂ ਇਲਾਵਾ ਜਗਜੀਤ ਸਿੰਘ ਜੋ ਕਿ ਮੂਲ ਰੂਪ ਵਿੱਚ ਜੰਮੂ ਕਸ਼ਮੀਰ ਨਾਲ ਸਬੰਧ ਰੱਖਦਾ ਹੈ ਅਤੇ ਹੁਣ ਨਿਊ ਯਾਰਕ ਵਿਖੇ ਰਹਿ ਰਿਹਾ ਹੈ।
 
ਇਨਾਂ ਤੋਂ ਇਲਾਵਾ ਜਿਨਾਂ ਦੋ ਭਾਰਤੀਆਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਉਨਾਂ ਵਿੱਚ ਗੁਰਪੀ੍ਰਤ ਸਿੰਘ, ਡੀ.-39, ਫੇਜ਼-5, ਇੰਡਸਟਰਲ ਏਰੀਆ, ਮੋਹਾਲੀ ਅਤੇ ਹਰਪੁਨੀਤ ਸਿੰਘ ਵਾਸੀ ਨਾਨਕ ਨਗਰ, ਜੰਮੂ (ਜੰਮੂ ਕਸ਼ਮੀਰ) ਦਾ ਨਾਂ ਸ਼ਾਮਿਲ ਹੈ। ਇਨਾਂ ਪੰਜਾਂ ਵਿਰੁੱਧ ਦੁਸ਼ਮਣੀ ਦੀ ਭਾਵਨਾ ਨੂੰ ਬੜਾਵਾ ਦੇਣ, ਵੱਖ-ਵੱਖ ਗਰੁੱਪਾਂ ਵਿੱਚ ਨਫਰਤ ਪੈਦਾ ਕਰਕੇ ਸਮਾਜ ਵਿੱਚ ਫਿਰਕੂ ਸਦਭਾਵ ਨੂੰ ਅਸਥਿਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨਾਂ ਵਿਅਕਤੀਆਂ ਵਿਰੁੱਧ ਦਾਇਰ ਐਫ.ਆਈ.ਆਰ. ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਇਨਾਂ ਦੇ ਕਾਰਨਾਮਿਆਂ ਕਾਰਣ ਸਮਾਜਿਕ ਮਾਹੌਲ ਵਿਗੜਿਆਂ ਹੈ ਅਤੇ ਹੋਰ ਵਿਗੜਣ ਦੀ ਸੰਭਾਵਨਾਂ ਹੈ ਜਿਸ ਨਾਲ  ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਣ ਦੀ ਸੰਭਾਵਨਾ ਵਧ ਗਈ ਹੈ। ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਐਸ.ਜੇ.ਐਫ. ਜਿਸਨੂੰ ਕਿ ਖਾਲਿਸਤਾਨੀ ਵੱਖਵਾਦੀਆਂ ਦਾ ਸਮਰਥਣ ਹਾਸਿਲ ਹੈ, ਦੇ ਵਿੱਤੀ ਸੋਮਿਆਂ ਅਤੇ ਦੇਸ਼ ਤੇ ਵਿਦੇਸ਼ ਵੱਸਦੇ ਹੋਰਨਾਂ ਲੋਕਾਂ ਨਾਲ ਸਬੰਧਾਂ ਦਾ ਪਤਾ ਲਾਇਆ ਜਾ ਸਕੇ। ਪੰਜਾਬ ਪੁਲਿਸ ਵੱਲੋਂ ਬੀਤੇ ਕੁਝ ਹਫਤਿਆਂ ਤੋਂ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਅੱਤਵਾਦੀਆਂ ਦੀਆਂ ਕਈ ਸਾਜਿਸ਼ਾਂ ਨੂੰ ਬੇਨਿਕਾਬ ਕੀਤਾ ਗਿਆ ਹੈ। ਇਹ ਵੱਖਵਾਦੀ ਵਿਚਾਰਧਾਰਾ ਵਾਲੇ ਲੋਕ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੇ ਹਨ ਕਿ ਪੰਜਾਬ ਦਾ ਮਾਹੌਲ ਮੁੜ ਤੋਂ ਵਿਗਾੜ ਕੇ ਸਮਾਜਿਕ ਤਣਾਅ ਪੈਦਾ ਕੀਤਾ ਜਾ ਸਕੇ।
 
ਗਿ੍ਰਫਤਾਰ ਕੀਤੇ ਗਏ ਅੱਤਵਾਦੀਆਂ ਤੋਂ ਕੀਤੀ ਜਾਂਹ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਹਨ ਕਿ ਇਨਾਂ ਨੂੰ ਅਮਰੀਕਾ ਅਤੇ ਕੈਨੇਡਾ ਵਸਦੇ ਖਾਲਿਸਤਾਨੀ ਸਮਰੱਥਾਂ ਵਜੋਂ ਸਹਾਇਤਾ ਮਿਲ ਰਹੀ ਹੈ ਅਤੇ ਇਸਦੇ ਨਾਲ ਹੀ ਗੁਆਂਢੀ ਦੇਸ਼ ਦੀ ਖੁਫੀਆ ਏਜੰਸੀ ਆਈ.ਐਸ.ਆਈ. ਵੱਲੋਂ ਟ੍ਰੈਨਿੰਗ ਵੀ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਵੱਲੋਂ ਇਹ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਪੰਜਾਬ ਦੇ ਮਾਹੌਲ ਮੁੜ ਤੋਂ ਲਾਬੂੰ ਲਾਉਣ ਦੀਆਂ ਕੋਝੀਆਂ ਸਾਜਿਸ਼ਾਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਇਨਾਂ ਖਾਲਿਸਤਾਨੀ ਵਿਚਾਰਧਾਰਾ ਵਾਲੇ ਅੱਤਵਾਦੀਆਂ ਦੇ ਹੱਥੋਂ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਸਰਕਾਰ ਕਿਸੇ ਵੀ ਅਜਿਹੇ ਵਿਅਕਤੀ ਨੂੰ ਬਖਸ਼ੇਗੀ ਨਹੀਂ ਜੋ ਕਿ ਇਸ ਤਰਾਂ ਦੀਆਂ ਸਮਾਜ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਵੇਗਾ। ਮੁੱਖ ਮੰਤਰੀ ਨੇ ਇਸ ਗੱਲ ਦਾ ਖੰਡਨ ਵੀ ਕੀਤਾ ਕਿ ਐਸ.ਜੇ.ਐਫ. ਦੀ ਮੁਹਿੰਮ ਨੂੰ ਸਥਾਨਕ ਲੋਕਾਂ ਵੱਲੋਂ ਕੋਈ ਹੁੰਗਾਰਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਸਰਕਾਰ ਸੂਬੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ।
Unusual
Sikhs for Justice
PUNJAB