ਮੁਕਤਸਰ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੀ ਸ਼ਹਾਦਤ ਨੂੰ ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤਾ ਸਿਜਦਾ

ਸ੍ਰੀ ਮੁਕਤਸਰ ਸਾਹਿਬ 14 ਜਨਵਰੀ (ਅਨਿਲ ਵਰਮਾ) : 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਭਾਰੀ ਠੰਡ ਹੋਣ ਦੇ ਬਾਵਜੂਦ ਸੰਗਤਾਂ ਦਾ ਜਨ ਸੈਲਾਬ ਉਮੜਦਾ ਹੋਇਆ ਨਜ਼ਰ ਆਇਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਮੌਕੇ ਸੰਗਤਾਂ ਪਿਛਲੇ ਸਾਲ ਨਾਲੋਂ ਗਿਣਤੀ ਵਿੱਚ ਘੱਟ ਪੁੱਜੀਆਂ ਕਿਉਂਕਿ ਬੀਤੇ ਦਿਨ ਅਚਾਨਕ ਆਏ ਤੇਜ਼ ਮੀਂਹ ਅਤੇ ਝੱਖੜ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਕੇ ਰਹਿ ਗਿਆ ਸੀ ਅਤੇ ਇਸ ਮੀਂਹ ਕਾਰਨ ਮੇਲੇ ਵਿੱਚ ਰੌਣਕਾਂ ਲਾਉਣ ਲਈ ਪੁੱਜੇ। ਵੱਖ ਵੱਖ ਤਰ੍ਹਾਂ ਦੇ ਸਾਮਾਨ ਵੇਚਣ ਵਾਲੇ ਵਪਾਰੀਆਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੇਲਾ ਗਰਾਊਂਡ ਅਤੇ ਸਿਆਸੀ ਕਾਨਫਰੰਸਾਂ ਵਾਲੀਆਂ ਥਾਵਾਂ ਵਿੱਚ ਪਾਣੀ ਭਰ ਗਿਆ, ਜਿਸ ਕਰਕੇ ਦੁਕਾਨਦਾਰਾਂ ਸਮੇਤ ਸੰਗਤਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਪ੍ਰੰਤੂ ਇਸ ਦੇ ਬਾਵਜੂਦ ਸੰਗਤਾਂ ਦੇ ਹੌਸਲੇ ਬੁਲੰਦ ਰਹੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਚ ਸੀਸ ਨਿਵਾਏ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਮੇਲੇ ਦਾ ਅਨੰਦ ਮਾਣਿਆ।

ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਸਨ, ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਦੂਰ ਤੱਕ ਬੈਰੀਕੇਟ ਲਾ ਕੇ ਸ਼ਹਿਰ ਤੋਂ ਬਾਹਰ ਹੀ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਵੀ ਕੀਤੀਆਂ ਗਈਆਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਗਈਆਂ ਪ੍ਰੰਤੂ ਕਾਂਗਰਸ ਇਸ ਵਾਰ ਵੀ ਦਿਖਾਈ ਨਾ ਦਿੱਤੀ ਅਤੇ ਸੱਤਾ ਧਿਰ ਦਾ ਕੋਈ ਮੰਤਰੀ ਜਾਂ ਵਿਧਾਇਕ ਸ਼ੀਸ਼ ਨਿਵਾਉਣ ਅਤੇ ਚਾਲੀ ਮੁਕਤਿਆਂ ਦੀ ਪਵਿੱਤਰ ਸ਼ਹਾਦਤ ਨੂੰ ਸਿਜਦਾ ਕਰਨ ਲਈ ਨਾ ਬਹੁੜਿਆ। ਮੇਲਾ ਮਾਘੀ ਮੌਕੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੇ ਪ੍ਰਬੰਧ ਕੀਤੇ ਗਏ ਉਥੇ ਹੀ ਵੱਖ ਵੱਖ ਕਲੱਬਾਂ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਥਾਂ ਥਾਂ ਲੰਗਰ ਲਾਏ ਗਏ। ਮੇਲੇ ਵਿੱਚ ਹਰ ਵਾਰ ਝੂਲੇ ਲਾਉਣ ਵਾਲੇ ਵਪਾਰੀ ਨਰੇਸ਼ ਕੁਮਾਰ ਨਿਰਮਲ ਦਾਸ ਅਤੇ ਲਛਮਣ ਕੁਮਾਰ ਨੇ ਦੱਸਿਆ ਕਿ ਇਸ ਵਾਰ ਮੀਂਹ ਕਰਕੇ ਸੰਗਤਾਂ ਦਾ ਰੁਝਾਨ ਮਿੱਠਾ ਰਿਹਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ।

Unusual
Muktsar
Festival
Sikhs

International