ਊਨਾ ਕਾਂਡ ਮਗਰੋਂ ਬੀਜੇਪੀ ਵਿਧਾਇਕ ਸਣੇ 450 ਦਲਿਤਾਂ ਨੇ ਛੱਡਿਆ ਹਿੰਦੂ ਧਰਮ

ਅਹਿਮਦਾਬਾਦ 30 ਅਪ੍ਰੈਲ (ਏਜੰਸੀਆਂ): ਗੁਜਰਾਤ ਦਾ ਊਨਾ ਕਾਂਡ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਊਨਾ ਵਿੱਚ ਗੌ ਰੱਖਿਅਕਾਂ ਦੀ ਦਹਿਸ਼ਤ ਦਾ ਸ਼ਿਕਾਰ ਬਣੇ ਨੌਜਵਾਨਾਂ ਸਣੇ 450 ਦਲਿਤਾਂ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਦਲਿਤ ਵਿਧਾਇਕ ਪ੍ਰਦੀਪ ਪਰਮਾਰ ਵੀ ਮੌਜੂਦ ਸਨ। ਗਿਰ ਸੋਮਨਾਥ ਜ਼ਿਲੇ ਦੇ ਮੋਤਾ ਸਮਧਿਆਲਾ ਪਿੰਡ ਵਿੱਚ ਹੋਏ ਪ੍ਰੋਗਰਾਮ ਵਿੱਚ ਦਲਿਤਾਂ ਨੇ ਹਿੰਦੂਆਂ ਦੇ ਭਗਵਾਨ ਨੂੰ ਨਾ ਮੰਨਣ ਸਣੇ 22 ਕਸਮਾਂ ਲਈਆਂ। ਅਧਿਕਾਰਕ ਤੌਰ ‘ਤੇ ਧਰਮ ਤਬਦੀਲੀ ਉਸ ਵੇਲੇ ਤੱਕ ਨਹੀਂ ਮੰਨੀ ਜਾਂਦੀ ਜਦ ਤੱਕ ਜ਼ਿਲੇ ਦੇ ਕਲੈਕਟਰ ਇਸ ਨੂੰ ਸਰਟੀਫਾਈ ਨਹੀਂ ਕਰਦੇ। ਪ੍ਰੋਗਰਾਮ ਵਿੱਚ 1000 ਤੋਂ ਵੱਧ ਦਲਿਤਾਂ ਨੇ ਹਿੱਸਾ ਲਿਆ। ਜੁਲਾਈ 2016 ਵਿੱਚ ਊਨਾ ਵਿੱਚ ਮਰੀ ਗਾਂ ਦੀ ਚਮੜੀ ਕੱਢਣ ਨੂੰ ਲੈ ਕੇ ਕਥਿਤ ਗੌ ਰੱਖਿਅਕਾਂ ਨੇ ਸੱਤ ਦਲਿਤਾਂ ਦੀ ਪਿਟਾਈ ਕੀਤੀ ਸੀ। ਇਸ ਮਾਮਲੇ ਦੇ ਪੀੜਤਾਂ ਵਿੱਚ ਬਾਲੂ ਭਾਈ ਸਰਵੀਆ, ਉਨਾਂ ਦੇ ਬੇਟੇ ਰਮੇਸ਼ ਤੇ ਵਸ਼ਰਾਮ ਤੋਂ ਇਲਾਵਾ ਉਨਾਂ ਦੀ ਪਤਨੀ ਕੰਵਰ ਸਰਵੀਆ ਨੇ ਬੁੱਧ ਧਰਮ ਅਪਣਾ ਲਿਆ। ਇਹ ਸਾਰੇ ਉਨਾਂ ਵਿੱਚ ਸ਼ਾਮਲ ਸੀ, ਜਿਨਾਂ ਨੂੰ ਗੌ ਰੱਖਅਿਕਾਂ ਨੇ ਕੁੱਟਿਆ ਸੀ।

ਅੱਜ ਵੀ ਮੁੱਛ ਰੱਖਣ ‘ਤੇ ਕੁੱਟੇ ਜਾਂਦੇ ਹਨ ਦਲਿਤ: ਉਦਿਤ ਰਾਜ

ਗੁਜਰਾਤ ‘ਚ ਦਲਿਤਾਂ ਦੇ ਬੌਧ ਧਰਮ ਅਪਣਾਏ ਜਾਣ ‘ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਉੱਦਿਤ ਰਾਜ ਨੇ ਕਿਹਾ ਹੈ ਕਿ ਇੰਨੀ ਵੱਡੀ ਗਿਣਤੀ ‘ਚ ਦਲਿਤਾਂ ਨਾਲ ਹੋ ਰਹੇ ਗਲਤ ਵਤੀਰੇ ਅਤੇ ਸਮਾਜ ‘ਚ ਫੈਲੇ ਭੇਦਭਾਵ ਕਾਰਨ ਹੀ ਇਹ ਧਰਮ ਤਬਦੀਲ ਹੋ ਰਿਹਾ ਹੈ। ਉੱਦਿਤ ਰਾਜ ਨੇ ਕਿਹਾ ਕਿ ਦਲਿਤਾਂ ਦੀ ਕੁਟੱਮਾਰ ਇਸ ਲਈ ਵੀ ਕੀਤੀ ਜਾ ਰਹੀ ਹੈ, ਕਿਉਂਕਿ ਉਨਾਂ ਨੇ ਮੁੱਛ ਰੱਖੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਨਾਂ ਕੋਲ ਹੁਣ ਕੀ ਬਦਲ ਬਚਿਆ ਹੈ। ਉਨਾਂ ਨੇ ਸਮਾਜ ‘ਚ ਤੇਜ਼ੀ ਨਾਲ ਫੈਲ ਰਹੇ ਅਸੰਤੋਸ਼ਨ ‘ਤੇ ਡੂੰਘੀ ਹਮਦਰਦੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਦੀ ਸਥਿਤੀ ਭਿਆਨਕ ਬਣੀ ਹੋਈ ਹੈ। ਗੁਜਰਾਤ ਦੇ ਸੋਮਨਾਥ ਜ਼ਿਲੇ ਦੇ ਊਨਾ ਤਹਿਸੀਲ ‘ਚ ਕਰੀਬ 450 ਦਲਿਤਾਂ ਨੇ ਬੌਧ ਧਰਮ ਅਪਣਾ ਲਿਆ ਹੈ। ਊਨਾ 2 ਸਾਲ ਪਹਿਲਾਂ ਉਸ ਸਮੇਂ ਚਰਚਾ ‘ਚ ਆਇਆ ਸੀ, ਜਦੋਂ ਭਾਈਚਾਰੇ ਦੇ ਲੋਕਾਂ ਨੂੰ ਕਥਿਤ ਗਊ ਰੱਖਿਅਕਾਂ ਨੇ ਬੁਰੀ ਤਰਾਂ ਕੁੱਟਿਆ ਸੀ।

ਧਰਮ ਬਦਲਣ ਤੋਂ ਬਾਅਦ ਦਲਿਤ ਪਰਿਵਾਰਾਂ ਨੇ ਕਿਹਾ ਕਿ ਹਿੰਦੂ ਧਰਮ ‘ਚ ਸਾਨੂੰ ਸਨਮਾਨ ਨਹੀਂ ਮਿਲਿਆ ਅਤੇ ਹਿੰਦੂਆਂ ਨੇ ਸਾਨੂੰ ਨਹੀਂ ਅਪਣਾਇਆ, ਇਸ ਲਈ ਅਸੀਂ ਬੌਧ ਧਰਮ ਅਪਣਾਇਆ ਹੈ। ਇਸ ਮੌਕੇ ਸੌਰਾਸ਼ਟਰ ਖੇਤਰ ਦੇ ਹਜ਼ਾਰਾਂ ਦਲਿਤਾਂ ਨੇ ਹਿੱਸਾ ਲਿਆ। ਐਤਵਾਰ ਨੂੰ ਊਨਾ ‘ਚ ਵੱਡੀ ਗਿਣਤੀ ‘ਚ ਦਲਿਤ ਪਰਿਵਾਰ ਇਕੱਠੇ ਹੋਏ ਅਤੇ ਪੂਰੇ ਰੀਤੀ-ਰਿਵਾਜ਼ਾਂ ਨਾਲ ਬੌਧ ਧਰਮ ਅਪਣਾਇਆ। ਇਨਾਂ ਪਰਿਵਾਰਾਂ ਨੇ ਬੌਧ ਧਰਮ ਅਪਣਾਉਣ ਦਾ ਫੈਸਲਾ ਕਿਉਂ ਲਿਆ, ਇਸ ਸਵਾਲ ‘ਤੇ ਉਨਾਂ ਦਾ ਕਹਿਣਾ ਸੀ ਕਿ ਹਿੰਦੂਆਂ ਨੇ ਉਨਾਂ ਨੂੰ ਸਨਮਾਨ ਨਹੀਂ ਦਿੱਤਾ। ਦਲਿਤ ਪਰਿਵਾਰਾਂ ਨੇ ਕਿਹਾ,‘‘ਸਾਨੂੰ ਹਿੰਦੂ ਨਹੀਂ ਮੰਨਿਆ ਜਾਂਦਾ ਅਤੇ ਮੰਦਰਾਂ ‘ਚ ਵੀ ਨਹੀਂ ਜਾਣ ਦਿੱਤਾ। ਇਹੀ ਕਾਰਨ ਹੈ ਕਿ ਅਸੀਂ ਬੌਧ ਧਰਮ ਸਵੀਕਾਰ ਕੀਤਾ ਹੈ।‘‘

Unusual
Rape Case
BJP
Dalit
Politics

International