ਸਿਟ ਵਲੋਂ ਸੌਦਾ ਸਾਧ ਦੀ ਬਿੱਟੂ ਬ੍ਰਿਗੇਡ ਨੂੰ ਬੇਅਦਬੀ ਲਈ 5 ਕਰੋੜ ਮਿਲਣ ਦੀ ਪੁਸ਼ਟੀ

ਫ਼ਰੀਦਕੋਟ 12 ਸਤੰਬਰ (ਪ.ਬ.) ਬੇਅਦਬੀ ਕਾਂਡ ਵਿੱਚ ਆਖਰ ਡੇਰਾ ਪ੍ਰੇਮੀ ਫਸ ਹੀ ਗਏ। ਫ਼ਰੀਦਕੋਟ ਦੇ ਵਿਸ਼ੇਸ਼ ਜੱਜ ਹਰਬੰਸ ਸਿੰਘ ਲੇਖੀ ਨੇ ਬੇਅਦਬੀ ਕਾਂਡ ਨਾਲ ਸਬੰਧਤ ਕੇਸ ਦੀ ਸੁਣਵਾਈ ਕਰਦਿਆਂ ਤਿੰਨ ਡੇਰਾ ਪ੍ਰੇਮੀਆਂ ਖਿਲਾਫ਼ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ, ਦੰਗੇ ਭੜਕਾਉਣ ਤੇ ਅਸਲਾ ਐਕਟ ਤਹਿਤ ਦਰਜ ਕੇਸਾਂ ਵਿੱਚ ਦੋਸ਼ ਆਇਦ ਕੀਤੇ ਹਨ। ਉਨ੍ਹਾਂ ਜਾਂਚ ਏਜੰਸੀ ਨੂੰ ਸਬੰਧਤ ਗਵਾਹ 9 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ।

ਕੇਸ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਇਸੇ ਸਾਲ ਜੂਨ ਵਿੱਚ ਨਾਭਾ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿੱਚ ਬਣੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਦਾਅਵਾ ਕੀਤਾ ਸੀ ਕਿ ਡੇਰਾ ਪ੍ਰੇਮੀਆਂ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਤੇ ਸੁਖਵਿੰਦਰ ਸਿੰਘ ਨੇ ਆਪਣੇ ਘਰਾਂ ਵਿੱਚ ਹੀ ਸ਼੍ਰੀ ਗੁਰੂ ਨਾਨਕ ਦੀਆਂ ਸਾਖੀਆਂ ਦੀ ਬੇਅਦਬੀ ਕੀਤੀ ਤੇ ਡੇਰਾ ਮੁਖੀ ਨੂੰ ਸਜ਼ਾ ਤੋਂ ਬਚਾਉਣ ਲਈ ਪੰਜਾਬ ਵਿੱਚ ਕਥਿਤ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ।

ਬੁੱਧਵਾਰ ਨੂੰ ਸੁਣਵਾਈ ਦੌਰਾਨ ਸ਼ਕਤੀ ਸਿੰਘ, ਸੁਖਵਿੰਦਰ ਸਿੰਘ ਤੇ ਮਹਿੰਦਰ ਕੁਮਾਰ ਅਦਾਲਤ ਵਿੱਚ ਹਾਜ਼ਰ ਸਨ। ਸਿੱਟ ਨੇ ਅਦਾਲਤ ਵਿੱਚ ਲਿਖਤੀ ਦਾਅਵਾ ਕੀਤਾ ਹੈ ਕਿ ਮਹਿੰਦਰਪਾਲ ਬਿੱਟੂ ਡੇਰੇ ਦਾ ਮੁੱਖ ਪੈਰੋਕਾਰ ਸੀ। ਉਸ ਦੇ ਖਾਤੇ ਵਿੱਚ ਕਥਿਤ 5 ਕਰੋੜ ਰੁਪਏ ਦੀ ਨਗਦੀ ਆਈ ਸੀ। ਇਹ ਪੈਸਾ ਡੇਰਾ ਪ੍ਰੇਮੀਆਂ ਨੂੰ ਦੰਗੇ ਭੜਕਾਉਣ ਲਈ ਵੰਡਿਆ ਜਾਣਾ ਸੀ। ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਦੋਸ਼ ਪੱਤਰ ਸਿਆਸਤ ਤੋਂ ਪ੍ਰੇਰਿਤ ਤੇ ਗਲਤ ਹਨ।

Unusual
Dera Sacha Sauda
Beadbi
Court Case

International