ਨੇਪਾਲ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਕੀਤੇ ਸਿੱਕੇ

ਨੇਪਾਲ 28 ਸਤੰਬਰ (ਏਜੰਸੀਆਂ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਦੇ ਵਿਸ਼ੇਸ਼ ਸਹਿਯੋਗ ਸਦਕਾ ਭਾਰਤੀ ਅੰਬੈਸੀ ਅਤੇ ਸਿੱਖ ਸੰਗਤਾਂ ਵੱਲੋਂ 2 ਦਿਨਾਂ ਸਮਾਗਮ ਦਾ ਅਯੋਜਿਨ ਕੀਤਾ ਗਿਆ ,ਜਿਸ ਦੇ ਪਹਿਲੇ ਦਿਨ ਬੀਤੀ ਸ਼ਾਮ ਨੇਪਾਲ ਰਾਸ਼ਟਰ ਬੈਂਕ ਵੱਲੋਂ ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਿੱਕੇ ਅਤੇ ਨੇਪਾਲ ਦੀ ਸਿੱਖ ਕੌਮ ਨਾਲ ਸਾਂਝ ਦਰਸਾਉਂਦੀ ਕਿਤਾਬ ਸਿੱਖ ਹੈਰੀਟੇਜ ਆਫ ਨੇਪਾਲ  ਰਲੀਜ ਕੀਤੀ ਗਈ ਹੈ। ਇਸ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਨੇਪਾਲ ਦੇ ਰਿਜ਼ਰਵ ਬੈਂਕ ਯਾਨੀ ਕਿ ਨੇਪਾਲ ਰਾਸ਼ਟਰੀ ਬੈਂਕ ਦੇ ਗਵਰਨਰ ਚਿਰੰਜੀ ਬੀ ਨੇਪਾਲ, ਇੰਡਿਯਨ ਅੰਬੈਸਡਰ ਮਨਜੀਵ ਸਿੰਘ ਪੁਰੀ, ਡਾਕਟਰ ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ , ਮੈਂਬਰ ਸ਼੍ਰੋਮਣੀ ਕਮੇਟੀ ਗੁਰਚਰਨ ਸਿੰਘ ਗਰੇਵਾਲ , ਮਹੰਤ ਮਨਜੀਤ ਸਿੰਘ ਜੰਮੂ ,  ਨੇਪਾਲ ਦੇ ਸਿੱਖ ਆਗੂ ਪ੍ਰੀਤਮ ਸਿੰਘ ਸਮੇਤ ਅਨੇਕਾਂ ਪ੍ਰਮੁੱਖ ਸਖਸ਼ੀਅਤਾਂ ਅਤੇ ਸੰਗਤਾਂ ਮੌਜੂਦ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨੇਪਾਲ ਸਰਕਾਰ ਵੱਲੋਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਭੇਂਟ ਕਰਦਿਆਂ ਜਾਰੀ ਕੀਤੇ ਗਏ ਸਿੱਕਿਆਂ ਲਈ ਨੇਪਾਲ ਸਰਕਾਰ ਅਤੇ ਇਸ ਕਾਰਜ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੇ ਅੰਬੈਸਡਰ ਮਨਜੀਵ ਸਿੰਘ ਪੁਰੀ ਦਾ ਧੰਨਵਾਦ ਕਰਦਿਆਂ ਇਸ ਦਿਨ ਨੂੰ ਇਤਿਹਾਸਕ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪਹਿਲੀ ਵਾਰ ਕਿਸੇ ਵੀ ਮੁਲਕ ਵਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਤਿ ਕਰੰਸੀ ਸਿੱਕੇ ਜਾਰੀ ਕੀਤੇ ਗਏ ਹਨ। ਨੇਪਾਲ ਰਾਸ਼ਟਰ ਬੈਂਕ ਦੇ ਗਵਰਨਰ ਚਿਰੰਜੀ ਬੀ ਨੇਪਾਲ ਨੇ ਕਿਹਾ ਕਿ ਸਿੱਖ ਕੌਮ ਅਤੇ ਨੇਪਾਲ ਦੀ ਸਾਂਝ ਬਹੁਤ ਪੁਰਾਣੀ ਹੈ। ਸ੍ਰੀ ਗੁਰੂ ਨਾਨਕ ਦੇ ਸਤਿਕਾਰ 'ਚ ਸਿੱਕੇ ਜਾਰੀ ਕਰਕੇ ਨੇਪਾਲ ਸਰਕਾਰ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ,ਕਿਓਕਿ ਗੁਰੂ ਸਾਹਿਬ ਨੇ ਨੇਪਾਲ 'ਚ ਕਾਫੀ ਸਮਾਂ ਬਿਤਾਇਆ ਹੈ ਅਤੇ ਇਥੇ ਉਨ੍ਹਾਂ ਨਾਲ ਸਬੰਧਿਤ ਅਨੇਕਾਂ ਅਸਥਾਨ ਹਨ। ਇਸ ਸਾਰੇ ਕਾਰਜ ਨੂੰ ਨੇਪਰੇ ਚੜਾਉਣ ਦਾ ਵਿਸ਼ੇਸ਼ ਉਪਰਾਲਾ ਕਰਨ ਵਾਲੇ ਭਾਰਤੀ ਰਾਜਦੂਤ ਮਨਜੀਵ ਸਿੰਘ ਪੁਰੀ ਨੇ ਦੱਸਿਆ ਕਿ 2500 ਅਤੇ 1000 ਰੁਪਏ ਦੇ ਚਾਂਦੀ ਅਤੇ 100 ਰੁਪਏ ਦੇ ਧਾਤੁ ਦੇ ਸਿੱਕੇ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਅੱਜ ਜਾਰੀ ਕੀਤੀ ਕਿਤਾਬ ਸਿੱਖ ਹੈਰੀਟੇਜ ਆਫ ਨੇਪਾਲ ਵਿਚ ਸਿੱਖਾਂ ਦਾ ਨੇਪਾਲ ਦੇ ਵਿਕਾਸ 'ਚ ਪਾਇਆ ਯੋਗਦਾਨ ਤੇ ਸਾਂਝ ਨੂੰ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਅਤੇ ਨੇਪਾਲ ਦੀ ਸਾਂਝ ਹੋਰ ਮਜਬੂਤ ਹੋਵੇਗੀ।ਓਧਰ ਸਿੱਕਿਆ ਨੂੰ ਹਾਸਿਲ ਕਰਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੰਗਤਾਂ ਨੇ ਸਿੱਕੇ ਜਾਰੀ ਕਰਨ ਦੇ ਨੇਪਾਲ ਸਰਕਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।

550ਵੇਂ ਪ੍ਰਕਾਸ਼ ਪੁਰਬ ਮੌਕੇ ਰਿਹਾਅ ਹੋਣਗੇ 9 ਸਿੱਖ ਕੈਦੀ

ਨਵੀਂ ਦਿੱਲੀ 28 ਸਤੰਬਰ (ਏਜੰਸੀਆਂ): ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼ ਭਰ ਵਿੱਚ ਆਉਂਦੇ ਨਵੰਬਰ ਮਹੀਨੇ ਦੌਰਾਨ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦੀਆਂ ਤਿਆਰੀਆਂ ਜ਼ੋਰ–ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਮੌਕੇ ਭਾਰਤ ਸਰਕਾਰ ਨੇ ਜੇਲ੍ਹਾਂ ਵਿੱਚ ਸਜ਼ਾਵਾਂ ਕੱਟ ਰਹੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ।ਇਹ ਸਜ਼ਾ ਕੈਦੀਆਂ ਦੇ ਜੇਲ੍ਹ ਵਿੱਚ ਵਿਵਹਾਰ ਦੇ ਆਧਾਰ ਉੱਤੇ ਹੀ ਮਾਫ਼ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਮੌਤ ਦੀ ਸਜ਼ਾ–ਯਾਫ਼ਤਾ ਕੈਦੀਆਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਫ਼ੈਸਲਾ ਵੀ ਲਿਆ ਹੈ। ਇਨ੍ਹਾਂ ਕੈਦੀਆਂ ਦੇ ਨਾਵਾਂ ਦੀ ਸੂਚੀ ਹਾਲੇ ਉਪਲਬਧ ਨਹੀਂ ਹੋ ਸਕੀ। ਖ਼ਾਸ ਖਿਮਾ ਯੋਜਨਾ ਅਧੀਨ ਹੁਣ ਤੱਕ 1424 ਕੈਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕੈਦੀਆਂ ਨੂੰ ਦੋ ਗੇੜਾਂ ਵਿੱਚ ਰਿਹਾਅ ਕੀਤਾ ਗਿਆ ਹੈ। ਪਹਿਲਾ ਗੇੜ 2 ਅਕਤੂਬਰ, 2018 ਨੂੰ ਸੀ ਤੇ ਦੂਜਾ 6 ਅਪ੍ਰੈਲ, 2019 ਸੀ। ਤੀਜੇ ਗੇੜ ਵਿੱਚ ਹੁਣ 2 ਅਕਤੂਬਰ, 2019 ਨੂੰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।

Unusual
Nepal
Currency Notes
Guru Nanak Dev Ji
Sikhs

International