550 ਸਾਲਾਂ ਪ੍ਰਕਾਸ਼ ਪੁਰਬ ਸਮਾਗਮਾਂ ਨੇ ਲੌਂਗੋਵਾਲ ਦੀ ਝੋਲੀ ਪਾਈ ਪ੍ਰਧਾਨਗੀ ਦੀ ਤੀਜੀ ਵਾਰੀ

ਬੀਬੀ ਜਗੀਰ ਕੌਰ ਤੇ ਤੋਤਾ ਸਿੰਘ ਉਮੀਦਾਂ ਤੇ ਹੋਈ ਗੜ੍ਹੇਮਾਰੀ, ਲੌਂਗੋਵਾਲ ਤੋਂ ਬਿਨਾਂ ਸਾਰੇ ਅਹੁਦੇਦਾਰਾਂ ਦੇ ਚਿਹਰੇ ਨਵੇਂ

ਅੰਮ੍ਰਿਤਸਰ, 27 ਨਵੰਬਰ (ਪਰਮਿੰਦਰ ਅਰੋੜਾ) : ਭਾਈ ਗੋਬਿੰਦ ਸਿੰਘ ਲੋਗੋਵਾਲ ਸ਼੍ਰੋਮਣੀ ਕਮੇਟੀ ਦੇ ਮੁੜ  ਪ੍ਰਧਾਨ ਬਣ ਗਏ। ਪ੍ਰਧਾਨਗੀ ਦੇ ਇਸ ਆਹੁਦੇ ਲਈ ਉਨਾਂ ਇਸ ਦੌੜ ਵਿਚ ਪ੍ਰਮੁਖ ਦਾਅਵੇਦਾਰ ਜਥੇਦਾਰ ਤੋਤਾ ਸਿੰਘ, ਸੰਤ ਬਲਬੀਰ ਸਿੰਘ ਘੁੰਨਸ ਅਤੇ ਬੀਬੀ ਜਗੀਰ ਕੌਰ ਨੂੰ ਚਾਰੋ ਖਾਨੇ ਚਿਤ ਕੀਤਾ। ਜਰਨਲ ਇਜਲਾਸ ਦੌਰਾਨ ਬਾਦਲ ਦਲ ਦੇ ਰਵਾਇਤੀ ਲਿਫਾਫੇ ਵਿਚੋ ਭਾਈ ਲੋਗੋਵਾਲ ਤੇ ਬਾਕੀ ਆਹੁਦੇਦਾਰਾਂ ਅਤੇ ਅਤ੍ਰਿੰਗ ਕਮੇਟੀ ਦੇ ਮੈਬਰਾਂ ਦਾ ਨਾਮ ਨਿਕਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸਾਲਾਨਾ ਜਨਰਲ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਬਨਣ ਦਾ ਮੌਕਾ ਹਾਸਲ ਹੋਇਆ। ਉਨ੍ਹਾਂ ਦੀ ਇਹ ਚੋਣ ਸਰਬਸੰਮਤੀ ਨਾਲ ਹੋਈ। ਭਾਈ ਲੌਂਗੋਵਾਲ ਦੀ ਚੋਣ ਨੂੰ ਸਮੁੱਚੇ ਹਾਊਸ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ। ਦੱਸਣਯੋਗ ਹੈ ਕਿ ਭਾਈ ਲੌਂਗੋਵਾਲ 29 ਨਵੰਬਰ 2017 ਨੂੰ ਪਹਿਲੀ ਵਾਰ ਅਤੇ ਫਿਰ 13 ਨਵੰਬਰ 2018 ਨੂੰ ਦੂਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੱਜ ਹੋਏ ਜਨਰਲ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ, ਜਿਸ ਦੀ ਸ. ਅਲਵਿੰਦਰ ਸਿੰਘ ਪੱਖੋਕੇ ਨੇ ਤਾਈਦ ਅਤੇ ਸ. ਦਲਜੀਤ ਸਿੰਘ ਭਿੰਡਰ ਨੇ ਤਾਈਦ ਮਜੀਦ ਕੀਤੀ। ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦਾ ਨਾਮ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸ. ਭਗਵੰਤ ਸਿੰਘ ਸਿਆਲਕਾ ਅਤੇ ਮਜੀਦ ਸ. ਗੁਰਪ੍ਰੀਤ ਸਿੰਘ ਝੱਬਰ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਲਈ ਸ. ਗੁਰਬਖ਼ਸ਼ ਸਿੰਘ ਨਵਾਂ ਸ਼ਹਿਰ ਚੁਣੇ ਗਏ ਹਨ। ਉਨ੍ਹਾਂ ਦਾ ਨਾਮ ਬਾਬਾ ਚਰਨਜੀਤ ਸਿੰਘ ਜੱਸੋਵਾਲ ਨੇ ਪੇਸ਼ ਕੀਤਾ, ਤਾਈਦ ਸ. ਬਲਦੇਵ ਸਿੰਘ ਚੂੰਘਾ ਤੇ ਮਜੀਦ ਸ. ਰਵਿੰਦਰ ਸਿੰਘ ਖ਼ਾਲਸਾ ਨੇ ਕੀਤੀ। ਇਸੇ ਤਰ੍ਹਾਂ ਸ. ਹਰਜਿੰਦਰ ਸਿੰਘ ਧਾਮੀ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਗਿਆ। ਸ. ਧਾਮੀ ਦਾ ਨਾਂ ਸ. ਸੁਰਜੀਤ ਸਿੰਘ ਭਿੱਟੇਵਡ ਨੇ ਪੇਸ਼ ਕੀਤਾ, ਤਾਈਦ ਸ. ਗੁਰਪ੍ਰੀਤ ਸਿੰਘ ਝੱਬਰ ਨੇ ਕੀਤੀ ਜਦਕਿ ਮਜੀਦ ਸ. ਸੁਖਹਰਪ੍ਰੀਤ ਸਿੰਘ ਰੋਡੇ ਵੱਲੋਂ ਕੀਤੀ ਗਈ।

ਜਨਰਲ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦਾ ਨਾਂ ਪੇਸ਼ ਕੀਤਾ, ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ। ਅੰਤ੍ਰਿੰਗ ਕਮੇਟੀ ਦੇ ਚੁਣੇ ਗਏ ਮੈਂਬਰਾਂ ਵਿਚ ਸ. ਭੁਪਿੰਦਰ ਸਿੰਘ ਅਸੰਧ, ਸ. ਜਗਸੀਰ ਸਿੰਘ ਮਾਂਗੇਆਣਾ (ਡੱਬਵਾਲੀ), ਸ. ਗੁਰਪਾਲ ਸਿੰਘ ਗੋਰਾ, ਸ. ਸ਼ੇਰ ਸਿੰਘ ਮੰਡਵਾਲਾ, ਬੀਬੀ ਪਰਮਜੀਤ ਕੌਰ ਲਹਿਰਾ, ਸ. ਜਸਮੇਰ ਸਿੰਘ ਲਾਛੜੂ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਸੁਰਜੀਤ ਸਿੰਘ ਕੰਗ ਰਾਜਿਸਥਾਨ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕੁਲਦੀਪ ਕੌਰ ਟੌਹੜਾ ਨੂੰ ਚੁਣਿਆ ਗਿਆ। ਅੰਤ੍ਰਿੰਗ ਮੈਂਬਰ ਦੇ ਨਾਂ ਦੀ ਤਾਈਦ ਬੀਬੀ ਜਗੀਰ ਕੌਰ ਅਤੇ ਤਾਈਦ ਮਜੀਦ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ।

ਜਨਰਲ ਇਜਲਾਸ ਦੀ ਆਰੰਭਤਾ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਲਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵੀ ਮੌਜੂਦ ਸਨ। ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਨਰਲ ਇਜਲਾਸ ਸਬੰਧੀ ਮੈਂਬਰ ਸਾਹਿਬਾਨ ਨੂੰ ਭੇਜਿਆ ਗਿਆ ਪੱਤਰ ਪੜ੍ਹ ਕੇ ਆਰੰਭ ਕੀਤੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਸਮੇਂ ਚਲਾਣਾ ਕਰ ਗਏ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਖਦੇਵ ਸਿੰਘ ਬਾਠ, ਸ. ਲਖਬੀਰ ਸਿੰਘ ਅਰਾਈਆਂਵਾਲਾ, ਕੈਪਟਨ ਅਵਤਾਰ ਸਿੰਘ, ਸ. ਸ਼ਿੰਗਾਰਾ ਸਿੰਘ ਲੋਹੀਆ, ਸ. ਸੁਰਿੰਦਰਪਾਲ ਸਿੰਘ ਬੱਦੋਵਾਲ ਅਤੇ ਸਾਬਕਾ ਮੈਂਬਰ ਸ. ਸੁਖਦੇਵ ਸਿੰਘ ਲਿੱਬੜਾਂ ਸਬੰਧੀ ਸ਼ੋਕ ਮਤੇ ਪੜ੍ਹ ਕੇ ਮੂਲ ਮੰਤਰ ਦੇ ਜਾਪ ਨਾਲ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਇਨਾਂ ਮਤਿਆ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਭੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 2015 ਵਿਚ ਹੋਈ ਬੇਅਦਬੀ ਮਾਮਲੇ ਤੇ ਲਿੰਦਾ ਮਤਾ ਹਾਉਂਸ ਵਿਚ ਲਿਆਉਂਣ ਦੀ ਮੰਗ ਕੀਤੀ ਜਿਸ ਨੂੰ ਪ੍ਰਵਾਨ ਨਹੀ ਕੀਤਾ ਗਿਆ।

ਇਸ ਦੇ ਨਾਲ ਹੀ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਨੇ ਹਾਉਂਸ ਵਿਚ ਸੁਲਤਾਨਪੁਰ ਲੋਧੀ ਵਿਖੇ ਭੇਟ ਕੀਤੇ ਸੋਨੇ ਦੇ ਪਤਰੇ ਦਾ ਮਾਮਲਾ ਵੀ ਹਾਉਂਸ ਵਿਚ ਵਿਚਾਰ ਕਰਨ ਲਈ ਅਵਾਜ਼ ਬੁਲੰਦ ਕੀਤੀ ਪਰ ਸਤਾਧਾਰੀ ਧਿਰ ਨੇ ਕੰਨ ਨਹੀ ਧਰਿਆ। ਜਿਸ ਤੋ ਬਾਅਦ ਵਿਰੋਧੀ ਧਿਰ ਨਾਲ ਸੰਬਧਤ ਕਰੀਬ ਅੱਧੀ ਦਰਜਨ ਮੈਬਰ ਵਾਕ ਆਉਂਟ ਕਰ ਗਏ।  ਇਸ ਮੌਕੇ ਬਾਬਾ ਹਰਪਿੰਦਰ ਸਿੰਘ ਭਿੰਦਾ ਆਲਮਗੀਰ, ਰੇਸ਼ਮ ਸਿੰਘ ਸੰਧੂ, ਸੁਰਿੰਦਰਪਾਲ ਸਿੰਘ ਮਲਿਕ, ਬਲਜੀਤ ਸਿੰਘ ਬੁਲਾਰਾ, ਗੁਰਮੀਤ ਸਿੰਘ ਸੁਨਾਮ, ਹਰਭਗਵਾਨ ਸਿੰਘ ਭੁੱਲਰ,ਦਵਿੰਦਰ ਸਿੰਘ ਰਿੰਕੂ, ਕਮਲਜੀਤ ਸਿੰਘ ਬਿੱਟੂ, ਤਜਿੰਦਰ ਸਿੰਘ ਸੰਟੀ ਆਦਿ ਹਾਜ਼ਰ ਸਨ।

ਭਾਈ ਲੌਂਗੋਵਾਲ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤਾ ਸ਼ੁਕਰਾਨਾ

ਇਸ ਤੋਂ ਬਾਅਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਚੁਣੇ ਗਏ ਹੋਰ ਅਹੁਦੇਦਾਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਿਥੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ। ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗਏ।

ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਹੋਇਆ ਮੂਲ ਮੰਤਰ

ਪਹਿਲਾ ਚਰਚਾ ਸੀ ਕਿ ਸੰਤ ਸਮਾਜ ਦੇ ਦਬਾਅ ਕਾਰਣ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਇਜਲਾਸ 'ਚ ਮੂਲ ਮੰਤਰ ਸਾਹਿਬ ਦਾ ਪਾਠ 'ਨਾਨਕ ਹੋਸੀ ਭੀ ਸਚੁ' ਤੱਕ ਪੜ੍ਹਿਆ ਜਾਵੇਗਾ। ਪ੍ਰੰਤੂ ਪ੍ਰਧਾਨਗੀ ਚੋਣ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਮੂਲ ਮੰਤਰ ਦਾ ਪਾਠ ਸ਼ੁਰੂ ਕਰਵਾਇਆ ਅਤੇ ਇਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਗੁਰਪ੍ਰਸਾਦਿ ਤੱਕ ਹੀ ਪੜ੍ਹਿਆ ਗਿਆ।

ਸੁਖਬੀਰ ਨੇ ਵੀ ਵੱਡੇ ਬਾਦਲ ਵਾਗੂੰ ਭੇਦ ਨਹੀਂ ਖੋਲ੍ਹਿਆ

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੇ ਨਾਮ ਬਾਰੇ ਦੁਪਿਹਰ ਤੱਕ ਕਿਆਸ ਅਰਾਈਆਂ ਲੱਗਦੀਆਂ ਰਹੀਆਂ ਪ੍ਰੰਤੂ ਨਵੇਂ ਪ੍ਰਧਾਨ ਦਾ ਨਾਮ ਸਾਹਮਣੇ ਨਹੀਂ ਆਇਆ। ਜਦੋਂ ਕਿ ਇਸ ਤੋਂ ਪਹਿਲਾ ਸਵੇਰੇ 10-11 ਵਜੇ ਤੱਕ ਭਾਫ਼ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਸੀ। ਸੁਖਬੀਰ ਵੱਲੋਂ ਭੇਦ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਚਰਚਾ ਸ਼੍ਰੋਮਣੀ ਕਮੇਟੀ ਮੈਂਬਰ ਕਰਦੇ ਸੁਣੇ ਗਏ ਕਿ ਛੋਟਾ ਵੀ ਵੱਡੇ ਦੇ ਰਾਹ ਤੇ ਤੂਰ ਹੀ ਪਿਆਰ।

ਵਿਰੋਧ  ਮੈਂਬਰ ਨਹੀਂ ਹੋਏ ਇਕਜੁੱਟ

ਸ਼੍ਰੋਮਣੀ ਕਮੇਟੀ 'ਚ ਇਸ ਸਮੇਂ 22 ਬਾਦਲ ਵਿਰੋਧੀ ਮੈਂਬਰ ਹਨ। ਪ੍ਰੰਤੂ ਉਨ੍ਹਾਂ 'ਚੋਂ ਸਿਰਫ਼ 9 ਮੈਂਬਰ ਹੀ ਚੋਣ ਇਜਲਾਸ 'ਚ ਪੁੱਜੇ। ਪ੍ਰੰਤੂ ਇਨ੍ਹਾਂ 9 ਮੈਂਬਰਾਂ ਨੇ ਵੀ ਇਕੱਠੇ ਹੋਕੇ ਕੋਈ ਇੱਕ ਜਾਂ ਦੋ ਵਿਰੋਧ ਮਤੇ ਲਿਆਉਣ ਦੀ ਥਾਂ ਆਪੋ-ਆਪਣੀ ਡੱਫਲੀ ਹੀ ਵਜਾਈ। ਜਿਸ ਕਾਰਣ ਬਾਦਲਕਿਆਂ ਨੇ ਵਿਰੋਧੀ ਮੈਂਬਰਾਂ ਵੱਲੋਂ ਕੋਈ ਤਵੱਜੋ ਹੀ ਨਹੀਂ ਦਿੱਤੀ।

ਪ੍ਰਧਾਨ ਦਾ ਲਿਫਾਫਾ ਲੈਕੇ ਬੀਬੀ ਸਭ ਤੋਂ ਅਖੀਰ 'ਚ ਪੁੱਜੀ

ਪ੍ਰਧਾਨ ਜੀ ਦੇ ਨਾਮ ਵਾਲਾ ਲਿਫਾਫਾ ਲੈਕੇ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਇਜਲਾਸ 'ਚ ਸਭ ਤੋਂ ਅਖੀਰ ਤੇ ਪੁੱਜੀ ਤੇ ਆਉਣ ਸਾਰ ਲੌਂਗੋਵਾਲ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕਰ ਦਿੱਤਾ। ਜਦੋਂ ਕਿ ਪਹਿਲਾ ਚਰਚਾ ਸੀ ਕਿ ਬੀਬੀ ਨੇ ਆਪਣੇ ਤੋਂ ਬਿਨ੍ਹਾਂ ਕਿਸੇ ਹੋਰ ਦਾ ਨਾਮ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ।

ਤੋਤਾ ਸਿੰਘ ਨਿਰਾਸ਼ ਵਿਖਾਈ ਦਿੱਤੇ....

ਇਸ ਵਾਰ ਜਥੇਦਾਰ ਤੋਤਾ ਸਿੰਘ ਦੇ ਪ੍ਰਧਾਨ ਬਣਨ ਦੀਆਂ ਕਿਆਸ ਅਰਾਈਆਂ ਸਿਖਰਾਂ ਤੇ ਸਨ। ਚਰਚਾ ਸੀ ਕਿ ਢੀਂਡਸੇ ਦੇ ਰਾਹ ਜਾਣ ਤੋਂ ਤੋਤਾ ਸਿੰਘ ਨੂੰ ਪ੍ਰਧਾਨਗੀ ਦਾ ਲਾਲੀ-ਪਾਪ ਵਿਖਾਕੇ ਰੋਕਿਆ ਗਿਆ ਸੀ। ਸੁਖਬੀਰ ਨੂੰ ਸਾਰੇ ਅਧਿਕਾਰ ਦਿੱਤੇ ਜਾਣ ਦੀ ਕੱਲ੍ਹ ਤੋਤਾ ਸਿੰਘ ਨੇ ਜੋਰਦਾਰ ਸ਼ਬਦਾਂ  'ਚ ਵਕਾਲਤ  ਵੀ ਕੀਤੀ ਸੀ ਅਤੇ ਸੁਖਬੀਰ ਦੇ ਕਸੀਦੇ ਵੀ ਪੜੇ ਸਨ। ਪ੍ਰੰਤੂ ਅੱਜ ਜਦੋਂ ਚੋਣ ਇਜਲਾਸ ਸ਼ੁਰੂ ਹੋਇਆ ਤਾਂ ਤੋਤਾ ਸਿੰਘ ਖਾਸੇ ਪ੍ਰੇਸ਼ਾਨ ਵਿਖਾਈ ਦੇ ਰਹੇ ਸਨ। ਲੱਗਦਾ ਸੀ ਕਿ ਉਨ੍ਹਾਂ ਨੂੰ ਆਪਣਾ ਪੱਤਾ ਕੱਟੇ ਜਾਣ ਦਾ ਅਹਿਸਾ ਹੋ ਗਿਆ ਸੀ। ਲੌਂਗੋਵਾਲ ਦਾ ਨਾਮ ਐਲਾਨੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਮਾਖੌਲ ਕਰ ਰਹੇ ਸਨ ਕਿ ਤੋਤਾ ਹੁਣ ਉਡਾਰੀ ਮਾਰੂੰ ਜਾਂ ਠੂੰਗਾ।

ਰਘੂਜੀਤ ਵਿਰਕ ਦੀ ਛੁੱਟੀ 'ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਖੁਸ਼

ਬਾਦਲ ਦੇ ਚਹੇਤੇ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਰਘੂਜੀਤ ਸਿੰਘ ਵਿਰਕ ਦੀ ਲੰਬੇ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਨੇ ਮੀਤ ਪ੍ਰਧਾਨ ਦੇ ਅਹੁੱਦੇ ਤੋਂ ਛੁੱਟੀ ਕਰ ਦਿੱਤੀ ਗਈ। ਪਹਿਲਾ ਇਹ ਉਮੀਦ ਨਹੀਂ ਸੀ। ਪ੍ਰੰਤੂ ਸਾਰੀ ਟੀਮ ਨਵੀਂ ਹੋਵੇਗੀ ਦੇ ਫਾਰਮੂਲੇ ਅਧੀਨ ਉਸਦੀ ਥਾਂ ਰਜਿੰਦਰ ਸਿੰਘ ਮਹਿਤਾ ਨੂੰ ਸੀ.ਮੀਤ ਪ੍ਰਧਾਨ ਐਲਾਨਿਆ ਗਿਆ। ਵਿਰਕ ਦੀ ਛੁੱਟੀ ਦੀ ਖ਼ਬਰ ਨਾਲ ਸ਼੍ਰੋਮਣੀ ਕਮੇਟੀ ਮੁਲਾਜ਼ਮ ਖਾਸੇ ਖੁਸ਼ ਸਨ। ਕਿਉਂਕਿ ਵਿਰਕ ਦਾ ਰਵੱਈਆ ਤਾਨਾਸ਼ਾਹ ਵਾਲਾ ਤੇ ਸਖ਼ਤ ਸੀ।
 

Unusual
Gobind Singh Longowal
Jathedar
SGPC
Sikhs

International