ਕੈਪਟਨ ਦੇ 60 ਦਿਨ..

ਜਸਪਾਲ ਸਿੰਘ ਹੇਰਾਂ.
ਕੈਪਟਨ ਸਰਕਾਰ ਦੇ 2 ਮਹੀਨੇ ਲੰਘ ਗਏ। ਕਿਸੇ ਸਰਕਾਰ ਦੀਆਂ ਸਫਲਤਾਵਾਂ ਜਾਂ ਅਸਫਲਤਾਵਾਂ ਦੀ ਗਿਣਤੀ ਕਰਨ ਲਈ ਇਹ ਸਮਾਂ ਬਹੁਤ ਥੋੜਾ ਹੁੰਦਾ ਹੈ। ਇੱਕ ਪਰਿਵਾਰ ਦੇ 10 ਸਾਲਾਂ ਦੇ ਰਾਜ ਦੀ ਗੰਦਗੀ ਨੂੰ 2 ਮਹੀਨਿਆਂ ਵਿੱਚ ਸਾਫ਼ ਨਹੀਂ ਕੀਤਾ ਜਾ ਸਕਦਾ। ਪ੍ਰੰਤੂ ਸਰਕਾਰ ਦੀ ਨੀਤੀ ਅਤੇ ਨੀਅਤ ਨੂੰ ਪਰਖਣ ਲਈ 60 ਦਿਨ ਬਹੁਤ ਹੁੰਦੇ ਹਨ। ਖੈਰ! ਅੱਜ ਅਸੀਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਨਲਾਇਕੀਆਂ ਦੀ ਗਿਣਤੀ ਮਿਣਤੀ ਨਹੀਂ ਕਰਾਂਗੇ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਤੀ ਅਤੇ ਨੀਅਤ’ਚ ਸਿੱਖ ਮੁੱਦਿਆਂ ਨੂੰ ਲੈ ਕੇ ਆਈ ਖੋਟ ਬਾਰੇ ਜ਼ਰੂਰ ਚਰਚਾ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਨੂੰ ਹਰ ਸਿੱਖ, ਚਾਹੇ ਉਹ ਬਾਦਲ ਹਮਾਇਤੀ ਵੀ ਹੋਵੇ, ਬਾਦਲ ਨਾਲੋਂ ਕਿਤੇ ਚੰਗਾ ਸਿੱਖ ਮੰਨਦਾ ਹੈ। ਸਿੱਖ ਮੁੱਦਿਆਂ ਦੀ ਪਹਿਰੇਦਾਰੀ ਦੀ ਵੀ ਕੈਪਟਨ ਤੇ ਹਰ ਸਿੱਖ ਉਮੀਦ ਕਰਦਾ ਹੈ। ਪ੍ਰੰਤੂ ਜਿਸ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੁਹਿੰਮ ਦੀ ਸ਼ੁਰੂਆਤ ਹੱਥ ’ਚ ਗੁਟਕਾ ਸਾਹਿਬ ਲੈ ਕੇ, ਇਹ ਪ੍ਰਣ ਕਰਕੇ ਕੀਤੀ ਹੋਵੇ ਕਿ ਇੱਕ ਮਹੀਨੇ ’ਚ ਪੰਜਾਬ ’ਚੋਂ ਨਸ਼ੇ ਦਾ ਖ਼ਾਤਮਾ ਕਰ ਦਿਆਂਗਾ ਅਤੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ਕਾਬੂ ਕੀਤਾ ਜਾਵੇਗਾ। ਨਸ਼ਿਆਂ ਦੇ ਮੁੱਦੇ ਤੇ ਪਹਿਲੇ ਮਹੀਨੇ ’ਚ ਵਿਸ਼ੇਸ਼ ਟਾਸਕ ਫੋਕਸ ਬਣ ਗਈ। ਇਸ ਦੀ ਕਾਰਜ਼ਗੁਜ਼ਾਰੀ ਕੀ ਰਹੇਗੀ? ਇਸ ਲਈ ਹਾਲੇ ਸਮਾਂ ਲੱਗੇਗਾ, ਪ੍ਰੰਤੂ ਸ਼ੁਰੂਆਤ ਬਹੁਤੀ ਪ੍ਰਭਾਵੀ ਨਹੀਂ। ਨਸ਼ਾ ਮਾਫ਼ੀਏ ਤੇ ਪੁਲਿਸ ਹਾਲੇ ਵੀ ਘਿਉ-ਖਿੱਚੜੀ ਹਨ।

ਬੱਸ ਬਾਦਲਕਿਆਂ ਦੀ ਥਾਂ ਕਾਂਗਰਸੀਆਂ ਦੀ ਸਰਪ੍ਰਸਤੀ ਲਈ ਲੱਭਿਆ ਜਾ ਰਿਹਾ ਹੈ। ਜਿਥੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦਾ ਮਾਮਲਾ ਹੈ, ਉਸਨੂੰ ਨੱਥ ਨਹੀਂ ਪਏ। ਉਹ ਘਟਨਾਵਾਂ ਨਿਰੰਤਰ ਜਾਰੀ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਠੱਲਣ ਲਈ ਕੋਈ ਵਿਸ਼ੇਸ਼ ਉਪਰਾਲੇ ਵੀ ਕਿਧਰੇ ਵਿਖਾਈ ਨਹੀਂ ਦਿੰਦੇ। ਕੈਪਟਨ ਸਰਕਾਰ ਜੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਵਾਲਾ ਕਾਨੂੰਨ ਵਾਪਸ ਲੈਂਦੀ ਹੈ, ਤਾਂ ਉਸ ਦੀ ਨੀਤ ਸਾਫ਼ ਹੋ ਜਾਵੇਗੀ, ਜਿਸ ਨਾਲ ਦੁਸ਼ਟ ਤਾਕਤਾਂ ਨੂੰ ਹੋਰ ਹੱਲਾ ਸ਼ੇਰ ਮਿਲੇਗੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜੁਆਨੀ ਦੇ ਕਾਤਲ ਕੇ. ਪੀ. ਐਸ. ਗਿੱਲ ਨੂੰ ਗੁਲਦਸਤਾ ਲੈ ਕੇ ਮਿਲਣ ਜਾਣਾ, ਫ਼ਿਰ ਉਸਦੀ ਸੇਵਾ ’ਚ ਪਹਿਲਾ ਡਾਕਟਰ ਸਮੇਤ ਇੱਕ ਐਬੂਲੈਂਸ ਭੇਜਣ, ਬਾਅਦ ’ਚ ਸਰਹੱਦੀ ਖੇਤਰ ਦੇ ਲੋਕਾਂ ਲਈ ਵਿਸ਼ੇਸ਼ ਰੂਪ ’ਚ ਬਣਾਈ ਐਬੂਲੈਂਸ ਨੂੰ ਵੀ ਕੇ. ਪੀ. ਐੱਸ. ਗਿੱਲ ਦੀ ਸੇਵਾ ’ਚ ਭੇਜ ਦੇਣਾ। ਹੁਣ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਡੀ.ਐਸ.ਪੀ. ਬਣਾਉਣ ਦੀ ਕਾਰਵਾਈ ਆਰੰਭ ਵੀ ਸਾਫ਼ ਕਰਦੀ ਹੈ ਕਿ ਜਿਸ ਸਿੱਖ ਨੂੰ ਆਮ ਸਿੱਖ ਕੈਪਟਨ ’ਚੋਂ ਲੱਭਦਾ ਸੀ, ਉਹ ਸਿੱਖ ਹੁਣ ਕੈਪਟਨ ਅਮਰਿੰਦਰ ਸਿੰਘ ’ਚ ਰਿਹਾ ਨਹੀਂ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਕਨੇਡਾ ’ਚ ਵਿਦੇਸ਼ ਮੰਤਰੀ ਦੇ ਅਹੁਦੇ ਤੇ ਪੁੱਜ ਕੇ ਸਿੱਖਾਂ ਦਾ ਪੂਰੇ ਵਿਸ਼ਵ ’ਚ ਮਾਣ ਵਧਾਉਣ ਵਾਲੇ ਹਰਜੀਤ ਸਿੰਘ ਸੱਜਣ ਵਿੱਰੁਧ ਐਨੀ ਖੁੱਲ ਕੇ ਬਿਨਾਂ ਕਾਰਣ ਦੀ ਵਿਰੋਧਤਾ ਨਾ ਕਰਦਾ, ਕਰਜ਼ਿਆਂ ਦੀ, ਬੇਰੁਜ਼ਗਾਰੀ ਦੀ, ਸਿਹਤ ਤੇ ਸਿੱਖਿਆ ਸਹੂਲਤਾਂ ਦੀ ਪੰਜਾਬ ਦੀ ਵਿਗੜੀ ਆਰਥਿਕਤਾ ਦੀ ਬੇਲਗਾਮ ਹੋਈ ਅਫ਼ਸਰਸ਼ਾਹੀ ਦੀ, ਕਾਂਗਰਸੀਆਂ ’ਚ ਪੈਦਾ ਹੋਈ ਨਿਰਾਸ਼ਤਾ ਦੀ, ਅਸੀਂ ਕੈਪਟਨ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਗੱਲ ਕਰਾਂਗੇ। ਪ੍ਰੰਤੂ ਅੱਜ ਦੋ ਮਹੀਨੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਜਿਹੜੇ ਸਿੱਖ ਵਿਰੋਧੀ ਰਾਹ ਤੇ ਤੁਰਿਆ ਹੈ, ਉਸ ਤੇ ਤੁਰਨ ਤੋਂ ਟੋਕਾਂਗੇ ਜ਼ਰੂਰ ਕਿਉਂਕਿ ਕੈਪਟਨ ਤੋਂ ਸਿੱਖਾਂ ਨੂੰ ਵੱਡੀਆਂ ਉਮੀਦਾਂ ਸਨ ਅਤੇ ਹਾਲੇ ਹਨ ਵੀ।

ਚੰਗਾ ਹੋਵੇ ਜੇ ਉਹ ਇਨਾਂ 60 ਦਿਨਾਂ ’ਚ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਵੱਲ ਚੁੱਕੇ ਜਾਂ ਨਾਂਹ ਚੁੱਕੇ ਗਏ ਕਦਮਾਂ ਬਾਰੇ ਇੱਕ ਵਾਰ ਡੂੰਘੀ ਸੋਚ ਵਿਚਾਰ ਕਰ ਲਵੇ। ਅੱਜ ਸਿੱਖ ਕੌਮ ਹਰ ਪਾਸੇ ਤੋਂ ਨਿਰਾਸ਼ ਹੈ, ਇਸ ਲਈ ਉਸਨੂੰ ਉਮੀਦ ਦੀ ਕਿਰਨ ਵਿਖਾਉਣੀ ਵੀ ਜ਼ਰੂਰੀ ਹੈ। ਜੇਕਰ ਚਾਰੇ ਪਾਸੇ ਹਨੇਰਾ ਹੋ ਗਿਆ ਤਾਂ ਫ਼ਿਰ ਕੁਝ ਵੀ ਹੋ ਸਕਦਾ ਹੈ ਜਿਸਦਾ ਅੱਜ ਕਿਸੇ ਨੂੰ ਅੰਦਾਜ਼ਾ ਵੀ ਨਾ ਹੋਵੇ।

Editorial
Jaspal Singh Heran
Capt Amarinder Singh
Punjab Government