ਰੁਪਿਆ ਸਭ ਤੋਂ ਹੇਠਲੇ ਪੱਧਰ 'ਤੇ, ਡਾਲਰ ਦੀ ਕੀਮਤ 74 ਰੁਪਏ ਤੋਂ ਪਾਰ

ਨਵੀਂ ਦਿੱਲੀ 9 ਮਾਰਚ (ਏਜੰਸੀਆਂ) ਅਰਥ ਵਿਵਸਥਾ ਦੇ ਮੋਰਚਿਆਂ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਖ਼ਬਰਾਂ ਮੁਤਾਬਕ ਰੁਪਿਆ 52 ਹਫਤਿਆਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਡਾਲਰ ਦੇ ਮੁਕਾਬਲੇ ਰੁਪਿਆ 74.16 ਰੁਪਏ 'ਤੇ ਪਹੁੰਚ ਗਿਆ ਹੈ। ਪਹਿਲਾਂ ਇਸ ਦੀ ਕੀਮਤ 73.7825 ਰੁਪਏ ਸੀ। ਦੱਸ ਦੇਈਏ ਕਿ ਇਸ ਸਮੇਂ ਏਸ਼ੀਆ ਦੇ ਸਿਰਫ ਪਾਕਿਸਤਾਨ ਤੇ ਦੱਖਣੀ ਕੋਰੀਆ ਨਾਲੋਂ ਭਾਰਤੀ ਰੁਪਏ ਦੀ ਸਥਿਤੀ ਵਧੀਆ ਹੈ।ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਰੁਪਿਆ 38 ਪੈਸੇ ਦੀ ਗਿਰਾਵਟ ਦੇ ਨਾਲ ਡਾਲਰ ਦੇ ਮੁਕਾਬਲੇ 73.72 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 31 ਪੈਸੇ ਦੀ ਤੇਜ਼ੀ ਨਾਲ 74.03 ਦੇ ਪੱਧਰ 'ਤੇ ਖੁੱਲ੍ਹਿਆ।ਅਹਿਮ ਗੱਲ ਇਹ ਹੈ ਕਿ 2018 'ਚ ਰੁਪਿਆ ਇੱਕ ਡਾਲਰ ਦੇ ਮੁਕਾਬਲੇ 74 ਰੁਪਏ ਤੋਂ ਜ਼ਿਆਦਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਡਿੱਗ ਰਹੀ ਆਰਥਿਕਤਾ ਤੇ ਵਧ ਰਹੀ ਮਹਿੰਗਾਈ ਹੈ। ਮਾਰਕੀਟ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਕਰਕੇ ਬਾਜ਼ਾਰ ਦਾ ਦਬਾਅ ਵਧਣ ਦੀ ਸੰਭਾਵਨਾ ਹੈ।

ਕੋਰੋਨਾਵਾਇਰਸ ਤੇ ਕੱਚੇ ਤੇਲ 'ਚ ਗਿਰਾਵਟ ਕਾਰਨ ਅੰਤਰਾਸ਼ਟਰੀ ਬਜ਼ਾਰ 'ਚ ਗਿਰਾਵਟ ਦਾ ਅਸਰ ਭਾਰਤ ਦੇ ਸ਼ੇਅਰ ਬਾਜ਼ਾਰ 'ਤੇ ਹੋਇਆ ਹੈ। ਸੈਂਸੇਕਸ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਹੈ। ਸੈਂਸੇਕਸ ਜਿੱਥੇ 1500 ਅੰਕਾਂ ਤੋਂ ਜ਼ਿਆਦਾ ਹੇਠਾਂ ਆਇਆ, ਉੱਥੇ ਹੀ ਨਿਫਟੀ 'ਚ ਵੀ 300 ਅੰਕਾਂ ਤੋਂ ਜ਼ਿਅਦਾ ਗਿਰਾਵਟ ਦੇਖੀ ਗਈ। ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਮਿਆਨ ਇੱਕ ਚੰਗੀ ਖ਼ਬਰ ਯੈੱਸ ਬੈਂਕ ਦੇ ਸ਼ੇਅਰ ਧਾਰਕਾਂ ਲਈ ਹੈ। ਯੈੱਸ ਬੈਂਕ ਦੇ ਸ਼ੇਅਰ 'ਚ ਉਛਾਲ ਦੇਖਿਆ ਗਿਆ ਹੈ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਯੈੱਸ ਬੈਂਕ ਦੇ ਸ਼ੇਅਰ 'ਚ ਕਰੀਬ 19 ਫੀਸਦ ਦਾ ਉਛਾਲ ਆਇਆ ਹੈ।ਯੈੱਸ ਬੈਂਕ 'ਤੇ ਰਿਜ਼ਰਵ ਬੈਂਕ ਦੇ ਰੋਕ ਲਾਉਣ ਤੇ ਡਾਇਰੈਕਟਰ ਬੋਰਡ ਨੂੰ ਭੰਗ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਯੈੱਸ ਬੈਂਕ ਦਾ ਸ਼ੇਅਰ 25 ਫੀਸਦ ਡਿੱਗ ਕੇ ਖੁੱਲ੍ਹਿਆ ਸੀ ਤੇ ਸਵੇਰੇ ਕਾਰੋਬਾਰ 'ਚ ਇਹ 74 ਫੀਸਦੀ ਤੱਕ ਹੇਠਾਂ ਚਲੇ ਗਿਆ ਸੀ।

Unusual
Economy
Business

International