ਚੈਂਪੀਅਨਸ ਟਰਾਫੀ : ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਾਕਿ ਫਾਈਨਲ ’ਚ

ਲੰਡਨ 14 ਜੂਨ (ਏਜੰਸੀਆਂ) ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਬੁੱਧਵਾਰ ਨੂੰ ਚੈਂਪੀਅਨਸ ਟਰਾਫੀ ਦਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਗਿਆ, ਜਿਸ ਦੌਰਾਨ ਪਾਕਿਸਤਾਨ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਜਗਾ ਬਣਾ ਲਈ ਹੈ। ਇਸ ਮੈਚ ‘ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਇਸ ਦੌਰਾਨ ਇੰਗਲੈਂਡ ਨੇ ਪਹਿਲਾ ਬੱਲੇਬਾਜ਼ੀ ਕਰ ਕੇ ਪਾਕਿ ਸਾਹਮਣੇ 212 ਦੌੜਾਂ ਦਾ ਟੀਚਾ ਰੱਖਿਆ ਸੀ। ਉਸ ਤੋਂ ਬਾਅਦ ਪਾਕਿ ਦੇ ਓਪਨਰ ਬੱਲੇਬਾਜ਼ਾਂ ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਟੀਮ ਦੇ ਓਪਨਰ ਬੱਲੇਬਾਜ਼ ਅਜ਼ਹਰ ਅਲੀ  ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 100 ਗੇਂਦਾਂ ‘ਚ 76 ਦੌੜਾਂ ਬਣਾ ਕੇ ਜੇਕ ਬਾਲ ਦੀ ਗੇਂਦ ‘ਤੇ ਬੋਲਡ ਹੋ ਗਏ।

ਇਸ ਤੋਂ ਪਹਿਲਾ ਅਜ਼ਹਰ ਨਾਲ ਫਖਰ ਜ਼ਮਾਨ ਨੇ 58 ਗੇਂਦਾਂ ‘ਚ 57 ਦੌੜਾਂ ਬਣਾ ਕੇ 118 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦੀਲ ਰਾਸ਼ਿਦ ਦੀ ਗੇਂਦ ‘ਤੇ ਜੋਸ਼ ਬਟਲਰ ਦੇ ਹੱਥੋਂ ਸਟੰਪ ਆਊਟ ਹੋ ਗਏ। ਇਨਾਂ ਤੋਂ ਬਾਅਦ ਅਗਲੇ ਬੱਲੇਬਾਜ਼ ਬਾਬਰ ਆਜ਼ਮ (ਅਜੇਤੂ) ਨੇ 38 ਦੌੜਾਂ ਅਤੇ ਮੁਹਮੰਦ ਹਫੀਜ਼ ਨੇ 31 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਜਿੱਤ ਦਾ ਤਾਜ਼ ਪੁਆਇਆ। ਇਸ ਦੇ ਨਾਲ ਹੀ ਪਾਕਿਸਤਾਨ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ ਪਹੁੰਚ ਗਿਆ ਹੈ। ਦੱਸ ਦਈਏ ਕਿ 15 ਜੂਨ ਨੂੰ ਦੂਜਾ ਸੈਮੀਫਾਈਨਲ ਸਾਬਕਾ ਚੈਂਪੀਅਨ ਭਾਰਤ ਅਤੇ ਬੰਗਲਾ ਦੇਸ਼ ਵਿਚਾਲੇ ਖੇਡਿਆ ਜਾਵੇਗਾ।

Cricket
Unusual
pakistan