83 ਲੱੱਖ ਸਿੱਖੋ! ਇਹ ਤੁਹਾਡੀ ਪ੍ਰਾਪਤੀ ਹੈ...

ਜਸਪਾਲ ਸਿੰਘ ਹੇਰਾਂ
83 ਲੱਖ ਸਿੱਖਾਂ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਨ ਸੰਬੰਧੀ ਪਟੀਸ਼ਨ ‘ਤੇ ਦਸਤਖਤ ਕੀਤੇ ਗਏ । ਹਜ਼ਾਰਾਂ ਦੀ ਗਿਣਤੀ ‘ਚ ਸਿੱਖੀ ਜ਼ਜ਼ਬਾਤਾਂ ‘ਚ ਰੰਗੇ ਪੰਥ ਦਰਦੀ  ਵੀਰਾਂ ਤੇ ਭੈਣਾਂ ਨੇ ਰਾਸ਼ਟਰਪਤੀ ਨੂੰ ਇਹ ਪੰਜ ਕੁਇੰਟਲ ਭਾਰੀ ਪਟੀਸ਼ਨ ਸੌਂਪੀ । ਕੌਮ ਨੇ ਪ੍ਰੋ. ਭੁੱਲਰ ਨੂੰ ਆਪਣਾ ਕੌਮੀ ਨਾਇਕ ਪ੍ਰਵਾਨ ਕਰਦਿਆਂ ਸਰਵ ਸਾਂਝਾ ਫੈਸਲਾ , ਦੇਸ਼ ਦੀ ਜ਼ਾਬਰ ਹਕੂਮਤ ਨੂੰ ਜਿਹੜੀ ਪ੍ਰੋ. ਭੁੱਲਰ ਨੂੰ ਫ਼ਾਂਸੀ ਚੜਾਉਣ ਲਈ ਕਾਹਲੀ ਸੀ , ਸੁਣਾ ਦਿੱਤਾ । ਕੌਮ ਦੀ ਇੱਕਜੁੱਟਤਾ , ਪ੍ਰੋ. ਭੁੱਲਰ ਪ੍ਰਤੀ ਸ਼ਰਧਾ ਤੇ  ਪਿਆਰ, ਸਰਕਾਰੀ ਜ਼ਬਰ ਵਿਰੁੱਧ ਰੋਹ ਤੇ ਰੋਸ ਨੇ ਸਰਕਾਰ  ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੱਤਾ । ਆਖਰ ਪ੍ਰੋ. ਭੁੱਲਰ ਦੀ ਫ਼ਾਂਸੀ ਤੋੜ ਕੇ ਉਮਰ ਕੈਦ ਵਿੱਚ ਬਦਲ ਦਿੱਤੀ ਗਈ । ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਜ਼ਜ਼ਬੇ ਨੂੰ ਬਾਪੂ ਸੂਰਤ ਸਿੰਘ ਖਾਲਸਾ ਨੇ ਮੁੜ ਹੁਲਾਰਾ ਦਿੱਤਾ ਅਤੇ ਇਸੇ ਕਾਰਨ ਪ੍ਰੋ. ਭੁੱਲਰ ਨੂੰ ਦਿੱਲੀ ਤੋਂ ਗੁਰੂ ਕੀ ਨਗਰੀ ਲਿਆਂਦਾ ਗਿਆ ਤੇ ਬਣੀ ਸੰਭਾਵਨਾ ਅਨੁਸਾਰ ਆਉਂਦੇ ਕੁਝ ਦਿਨਾਂ ਵਿੱਚ ਪੈਰੋਲ ‘ਤੇ ਰਿਹਾਅ ਕਰ ਦਿੱਤਾ ਜਾਵੇਗਾ। ਬਿਨਾਂ ਸ਼ੱਕ ਕੌਮੀ ਸੰਘਰਸ਼ ਦੀ ਇਹ ਵੱਡੀ ਪ੍ਰਾਪਤੀ ਹੈ। ਪ੍ਰੰਤੂ ਇਹ ਪ੍ਰਾਪਤੀ ਆਖਰੀ ਮੰਜ਼ਿਲ ਨਹੀਂ । ਸ਼ਾਇਦ ਪ੍ਰਾਪਤੀਆਂ ਦੇ ਰਾਹ ਤੁਰਨ ਦੀ ਸਿਰਫ ਸੇਧ ਹੈ । ਸੇਧ ਵੀ ਕੌਮੀ ਇੱਕਜੁਟਤਾ ਬਣਾਉਣ ਦੀ ਹੈ । ਅਸੀਂ ਉਨਾਂ 83 ਲੱਖ ਸਿੱਖਾਂ ਨੂੰ , ਜਿਨਾਂ ਨੇ ਪ੍ਰੋ., ਭੁੱਲਰ ਦੀ ਫ਼ਾਂਸੀ ਰੱਦ ਕਰਾਉਣ ਸੰਬੰਧੀ ਪਟੀਸ਼ਨ ‘ਤੇ ਆਪਣੀ ਕਲਮ ਦੀ ਨੋਕ ਨਾਲ ਸਿਰਫ ਦਸਤਖ਼ਤ ਕੀਤੇ। ਉਹਨਾਂ ਨੂੰ ਇਸ ਪ੍ਰਾਪਤੀ ਤੋਂ ਇਹ ਸੁਨੇਹਾ ਲੈਣ ਦੀ ਅਪੀਲ਼ ਕਰਾਂਗੇ ਕਿ ਜੇ ਕੌਮ ਇੱਕ ਜੁੱਟ ਹੋ ਕੇ ਦਸਤਖਤ ਹੀਂ ਕਰਦੀ ਹੈ ਤਾਂ ਵੀ ਉਸਦਾ ਨਤੀਜਾ ਨਿਕਲਦਾ ਹੈ, ਪ੍ਰਾਪਤੀ ਹੁੁੰਦੀ ਹੈ। ਜੇ ਇਹ 83 ਲੱਖ ਸਿੱਖ ਇੱਕ ਜੁੱਟ ਹੋ ਕੇ ਸੰਘਰਸ਼ ‘ਚ ਕੁੱਦ ਪੈਣ , ਆਪਣੀ  ਅਵਾਜ਼ ਬੁਲੰਦ ਕਰਨ ਤਾਂ ਸਰਕਾਰ  ਦਾ ਕੰਬਣਾ ਯਕੀਨੀ ਹੈ। ਸਮੇਂ ਦੀ ਜ਼ਾਬਰ , ਜ਼ਾਲਮ ਹਕੂਮਤਾਂ ਭਾਵੇਂ ਉਹ ਮੁਗਲਾਂ ਦੀਆਂ ਸਨ, ਅੰਗਰੇਜ਼ਾਂ ਦੀਆਂ ਸਨ ਜਾਂ ਫਿਰ ਵਰਤਮਾਨ ਜਨੂੰਨੀ ਹਿੰਦੂਵਾਦੀ ਤਾਕਤਾਂ ਦੀਆਂ।

ਉੇਹਨਾਂ ਨੂੰ ਕੌਮ ਨੇ ਇੱਕਜੁੱਟ ਹੋ ਕੇ ਹਰਾਇਆ ਵੀ ਭਜਾਇਆ ਵੀ ਅਤੇ ਜੜੋਂ ਵੀ ਉਖਾੜ ਕੇ ਸੁੱਟਿਆ, ਇਹ ਇਤਿਹਾਸ ਵਿਚ ਦਰਜ ਹੈ। ਕੌਮੀ ਸੰਘਰਸ਼ ਨੰਬਰ ਬਣਾਉਣ ਵਾਲੇ ਨਹੀਂ, ਸਗੋਂ ਕੁਰਬਾਨੀ ਕਰਨ ਵਾਲੇ ਲੜਦੇ ਹਨ ਅਤੇ ਉਹੋ ਹੀ ਜਿਤੱਦੇ ਹਨ । ਪ੍ਰੋ. ਭੁੱਲਰ  ਦੀ ਰਿਹਾਈ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਹੜੱਪਣ ਲਈ ਸਮੇਂ ਦੀਆਂ ਸ਼ੈਤਾਨ ਤੇ ਮਕਾਰ ਸਰਕਾਰਾਂ ਵਰਤ ਸਕਦੀਆਂ ਹਨ , ਜਿਸ ਲਈ ਕੌਮ ਨੂੰ ਸੁਚੇਤ ਹੋਣਾ ਪਵੇਗਾ । ਬਾਦਲ ਸਰਕਾਰ ਦਾ ਪ੍ਰੋ. ਭੁੱਲਰ ਨੂੰ ਪੰਜਾਬ ਲਿਆਉਣਾ , ਉਸਦੀ ਮਜ਼ਬੂਰੀ ਬਣੀ। ਕੇਜਰੀਵਾਲ ਸਰਕਾਰ ਦਾ ਪ੍ਰੋ. ਭੁੱਲਰ ਨੂੰ ਪੰਜਾਬ ਭੇਜਣ ਲਈ ਸਹਿਮਤ ਹੋਣ ਦਾ ਜਨਤਕ ਐਲਾਨ ਕਰਨ ਤੋਂ ਬਾਅਦ ਬਾਦਲ ਸਰਕਾਰ ਦੇ ਭੱਜਣ ਦਾ ਕੋਈ ਰਾਹ ਹੀ ਨਹੀਂ ਰਹਿ ਗਿਆ ਸੀ। ਹੁਣ ਜੇ ਬਾਦਲ ਸਰਕਾਰ ਪ੍ਰੋ. ਭੁੱਲਰ ਦੀ ਰਿਹਾਈ ਨੂੰ ਆਪਣੇ ਪੰਥਕ ਮਖੌਟੇ ਵਜੋਂ ਵਰਤਣ ਦਾ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਮਖੌਟੇ ਦਾ ਵਾਸਤਾ ਪਾ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਖਤਮ ਕਰਾਉਣ ਦੀ ਖੇਡ ਖੇਡਦੀ ਹੈ ਤਾਂ  83 ਲੱਖ ਸਿੱਖਾਂ ਨੂੰ ਤੁਰੰਤ ਮੈਦਾਨ ’ਚ ਨਿੱਤਰ ਆਉਣਾ ਚਾਹੀਦਾ ਹੈ । ਫਿਰ ਦੁਨੀਆਂ ਦੀ ਕੋਈ ਤਾਕਤ ਬੰਦੀ ਸਿੰਘਾਂ ਦੀ ਮੁਕੰਮਲ ਰਿਹਾਈ ਨੂੰ ਰੋਕ ਨਹੀਂ ਸਕਦੀ । ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ,ਮੁੰਕਮਲ ਰਿਹਾਈ ਦਾ ਸੰਘਰਸ਼ ਹੈ , ਵਿੱਚ-ਵਿਚਕਾਰਲਾ ਕੋਈ ਹੋਰ ਰਾਹ , ਇਸ ਸੰਘਰਸ਼ ਦੀ ਮੰਜ਼ਿਲ ਨਹੀਂ ਹੋ ਸਕਦਾ। ਅਸੀਂ ਸਮੁੱਚੀ ਕੌਮ ਨੂੰ ਇੱਕ ਵਾਰ ਫਿਰ ਇਹ ਅਪੀਲ ਕਰਦੇ ਹੋਏ ਕਿ ਕੌਮ ਦੀ ਇੱਕਜੁੱਟਤਾ ਤੋਂ ਵੱਡੀ ਤਾਕਤ ਹੋਰ ਕੋਈ ਨਹੀਂ ਹੋ ਸਕਦੀ ਅਤੇ ਕੌਮ ਦੀ ਇੱਕਜੁੱਟਤਾ ਅੱਗੇ ਕੋਈ ਜ਼ਾਬਰ ਤਾਕਤ ਖੜ ਵੀ ਨਹੀਂ ਸਕਦੀ, ਇਸ ਸੁਨੇਹੇ ਨੂੰ ਹਰ ਸੱਚੇ ਸਿੱਖ ਨੂੰ ਜ਼ਰੂਰ ਧਿਆਨ ਨਾਲ ਸੁਣ ਲੈਣਾ ਚਾਹੀਦਾ ਹੈ।

International