’84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਦਿੱਤੀ ਜਾਵੇਗੀ : ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਫ਼ਤਿਹਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਸਿਖ਼ਰਾਂ ’ਤੇ ਪਹੁੰਚਾਈ

ਸੈਮ ਪਿਤਰੋਦਾ ਦੀ ‘ਹੂਆ ਤੋ ਹੁਆ’ ਟਿੱਪਣੀ ਨੂੰ ਬੇਹੱਦ ਸ਼ਰਮਨਾਕ ਦੱਸਿਆ

ਖੰਨਾ, 13 ਮਈ (ਜੋਗਿੰਦਰ ਅਜ਼ਾਦ/ਮੁਹੰਮਦ ਇਮਰਾਨ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਦੇ ਪ੍ਰਚਾਰ ਲਈ ਖੰਨਾ ਪਹੁੰਚੇ। ਇਸ ਦੌਰਾਨ ਰਾਹੁਲ ਗਾਂਧੀ ਨੇ 1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੇ ਵਿਵਾਦਤ ਬਿਆਨ ਬਾਰੇ ਕਿਹਾ ਕਿ ਸੈਮ ਦੀ ਟਿੱਪਣੀ ਗਲਤ ਸੀ। ਪਿਤ੍ਰੋਦਾ ਨੂੰ ਅਜਿਹੀ ਟਿੱਪਣੀ ਲਈ ਸ਼ਰਮ ਆਉਣੀ ਚਾਹੀਦੀ ਹੈ ਤੇ ਉਨਾਂ ਨੂੰ ਇਸ ਲਈ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਉਨਾਂ ਪਿਤ੍ਰੋਦਾ ਨੂੰ ਫੋਨ ਕਰਕੇ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਇਸ ਤੋਂ ਇਲਾਵਾ ਪੀਐਮ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ ਅਮੀਰਾਂ ਨੂੰ ਫਾਇਦਾ ਪਹੁੰਚਾਇਆ ਹੈ। ਗ਼ਰੀਬਾਂ ਲਈ ਕੁਝ ਨਹੀਂ ਕੀਤਾ। ਮੋਦੀ ਦਾ ਗ਼ਰੀਬਾਂ ਦੇ ਖ਼ਾਤੇ ਵਿੱਚ 15-15 ਲੱਖ ਰੁਪਏ ਭੇਜਣ ਦਾ ਦਾਅਵਾ ਵੀ ਝੂਠਾ ਸਾਬਤ ਹੋਇਆ ਹੈ। ਮੋਦੀ ਸਰਕਾਰ ਨੇ ਨੋਟਬੰਦੀ ਤੇ ਗੱਬਰ ਸਿੰਘ ਟੈਕਸ ਲਾ ਕੇ ਸਭ ਤੋਂ ਵੱਡੀ ਗਲਤੀ ਕੀਤੀ। ਰਾਹੁਲ ਨੇ ਕਿਹਾ ਕਿ ਨੋਟਬੰਦੀ ਜੇ ਕਾਲੇ ਧਨ ਖਿਲਾਫ ਲੜਾਈ ਸੀ ਤਾਂ ਗਰੀਬ ਲੋਕ ਲਾਈਨਾਂ ਵਿੱਚ ਖੜੇ ਕਿਉਂ ਦਿਖਾਈ ਦਿੱਤੇ।

ਰਾਹੁਲ ਨੇ ਕਿਹਾ ਕਿ ਲੋਕਾਂ ਨੂੰ ਗ਼ਰੀਬੀ ਦੇ ਪੱਧਰ ਤੋਂ ਉੱਚਾ ਚੁੱਕਣ ਲਈ ਉਨਾਂ ਅਰਥਸ਼ਾਸਤਰੀ ਬੁਲਾਏ ਤੇ ਨਿਆਂ ਸਕੀਮ ਬਣਾਈ। ਉਨਾਂ ਕਿਹਾ ਕਿ ਮੋਦੀ ਨੇ ਲੱਖਾਂ ਕਰੋੜ ਰੁਪਏ ਅਡਾਨੀ ਤੇ ਅੰਬਾਨੀ ਵਰਗੇ ਕਾਰੋਬਾਰੀਆਂ ਨੂੰ ਦੇ ਦਿੱਤੇ ਪਰ ਕਾਂਗਰਸ ਸਰਕਾਰ ਗਰੀਬਾਂ ਦੇ ਖ਼ਾਤਿਆਂ ਵਿੱਚ ਪੈਸੇ ਪਾਏਗੀ। ਉਨਾਂ ਦੱਸਿਆ ਕਿ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ 5 ਕਰੋੜ ਮਹਿਲਾਵਾਂ ਦੇ ਖ਼ਾਤੇ ਵਿੱਚ ਨਿਆਂ ਯੋਜਨਾ ਤਹਿਤ ਲੱਖਾਂ ਕਰੋੜ ਰੁਪਏ ਪਾਏ ਜਾਣਗੇ।

ਰਾਹੁਲ ਨੇ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਹੈ। ਜਿੱਥੇ ਵੀ ਕਾਂਗਰਸ ਸਰਕਾਰ ਬਣੀ, ਉੱਥੇ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ ਹੈ। ਜੋ ਵਾਅਦਾ ਕੀਤਾ, ਉਸ ਨੂੰ ਪੂਰਾ ਕੀਤਾ ਗਿਆ ਪਰ ਮੋਦੀ ਨੇ ਤਾਂ ਫਸਲਾਂ ਦਾ ਸਹੀ ਮੁੱਲ ਵੀ ਨਾ ਪਾਇਆ।

ਰਾਹੁਲ ਗਾਂਧੀ ਨੇ ਰੈਲੀ ’ਚ ਵੱਡੇ ਇਕੱਠ ਨੂੰ ਦੇਖ ਕੇ ਉਤਸ਼ਾਹ ਵਿਚ ਡਾ. ਅਮਰ ਸਿੰਘ ਪਿੱਠ ਥਾਪੜੀ ਅਤੇ ਗਲੇ ਲਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਲਖਵੀਰ ਸਿੰਘ ਲੱਖਾ ਪਾਇਲ, ਸਤਵਿੰਦਰ ਕੌਰ ਬਿੱਟੀ, ਵਿਧਾਇਕ ਬਸੀਪਠਾਣਾ, ਜਗਪ੍ਰੀਤ ਸਿੰਘ ਬੁੱਟਰ ਓ.ਐਸ.ਡੀ. ਆਦਿ ਸ਼ਾਮਲ ਸਨ। ਇਸ ਸਮੇਂ ਡਾ. ਅਮਰ ਸਿੰਘ ਬੋਪਾਰਾਏ ਅਤੇ ਹਲਕੇ ਦੇ ਸਾਰੇ ਕਾਂਗਰਸੀ ਵਿਧਾਇਕਾ ਨੇ ਰਾਹੁਲ ਗਾਂਧੀ ਦਾ ਹਲ ਦਾ ਪ੍ਰਤੀਕ ਮਾਡਲ ਦੇ ਕੇ ਸਨਮਾਨ ਕੀਤਾ।

Unusual
Rahul Gandhi
Rally
PUNJAB
Election 2019

International