84 ਸਿੱਖ ਕਤਲੇਆਮ: ਕਾਤਲ ਸੱਜਣ ਕੁਮਾਰ ਵਿਰੁੱਧ ਝੂਠੀ ਗਵਾਹੀ ਕਰਵਾਈ

ਅਹਿਮ ਤੱਥ ਆਏ ਸਾਹਮਣੇ

ਨਵੀਂ ਦਿੱਲੀ 17 ਅਕਤੂਬਰ  (ਏਜੰਸੀਆਂ) ਦਿੱਲੀ ਵਿੱਚ ਸਿੱਖ ਕਤਲੇਆਮ ਬਾਰੇ ਵੱਡਾ ਖੁਲਾਸਾ ਹੋਇਆ ਹੈ। ਅਦਾਲਤ ਵਿੱਚ ਇਹ ਖੁੱਲ੍ਹ ਕੇ ਸਾਹਮਣੇ ਆਇਆ ਹੈ ਕਿ ਪੁਲਿਸ ਹੀ ਦੋਸ਼ੀਆਂ ਨੂੰ ਬਚਾਉਂਦੀ ਆਈ ਹੈ। ਇਸ ਕਰਕੇ ਹੀ ਇੰਨੇ ਸਾਲਾਂ ਬਾਅਦ ਵੀ ਇਨਸਾਫ ਨਹੀਂ ਮਿਲ ਸਕਿਆ। ਦਰਅਸਲ ਸੱਜਣ ਕੁਮਾਰ ਤੇ ਚੁਰਾਸੀ ਸਿੱਖ ਕਤਲੇਆਮ ਦੇ ਹੋਰ ਦੋਸ਼ੀਆਂ ਨਾਲ ਪੁਲਿਸ ਦੀ ਗੰਢ-ਤੁੱਪ ਸਾਹਮਣੇ ਆਈ ਹੈ। ਬੁੱਧਵਾਰ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਸਾਹਮਣੇ ਆਇਆ ਕਿ ਪੁਲਿਸ ਜਾਅਲੀ ਗਵਾਹ ਖੜ੍ਹੇ ਕਰਕੇ ਦੋਸ਼ੀਆਂ ਨੂੰ ਅਦਾਲਤਾਂ ਵਿੱਚੋਂ ਕਲੀਨ ਚਿੱਟ ਦੁਆਉਂਦੀ ਰਹੀ ਹੈ। ਪੁਲਿਸ ਨੇ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿੱਚ ਖੜ੍ਹਾ ਕਰਕੇ ਸੱਜਣ ਕੁਮਾਰ ਲਈ ਕਲੀਨ ਚਿੱਟ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿੱਚ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਉਂਦਾ ਰਿਹਾ। ਉਹ ਅਦਾਲਤ ਵਿੱਚ ਬਿਆਨ ਦਿੰਦਾ ਰਿਹਾ ਕਿ ਸੱਜਣ ਕੁਮਾਰ ਤੇ ਹੋਰ ਦੋਸ਼ੀ 1984 ਕਤਲੇਆਮ ਦੇ ਕੇਸਾਂ ਵਿੱਚ ਬੇਕਸੂਰ ਹਨ। ਦੋਸ਼ੀਆਂ ਦੀ ਪੁਲਿਸ ਨਾਲ ਗੰਢਤੁੱਪ ਉਦੋਂ ਜ਼ਾਹਰ ਹੋਈ ਜਦੋਂ ਅਸਲੀ ਜੋਗਿੰਦਰ ਸਿੰਘ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਕਦੇ ਵੀ ਅੰਗਰੇਜ਼ੀ ਵਿੱਚ ਹਸਤਾਖ਼ਰ ਕਰਕੇ ਅਦਾਲਤ ਵਿੱਚ ਗਵਾਹੀ ਨਹੀਂ ਦਿੱਤੀ ਕਿਉਂਕਿ ਉਹ ਅੰਗਰੇਜ਼ੀ ਜਾਣਦਾ ਹੀ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਉਹ ਵਾਰ-ਵਾਰ ਪੁਲਿਸ ਕੋਲ ਗਵਾਹੀ ਦਿੰਦਾ ਰਿਹਾ ਹੈ ਕਿ ਉਸ ਨੇ ਸੱਜਣ ਕੁਮਾਰ ਨੂੰ ਆਪਣੇ ਭਰਾ ਦਾ ਕਤਲ ਕਰਦਿਆਂ ਵੇਖਿਆ ਹੈ ਤੇ ਉਹ 1984 ਸਿੱਖ ਕਤਲੇਆਮ ਦਾ ਦੋਸ਼ੀ ਹੈ।

ਸਿਰਸਾ ਨੇ ਦੱਸਿਆ ਕਿ ਅੱਜ ਸੁਣਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਵਿੱਚ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦਾ ਵਿਰੋਧ ਕੀਤਾ ਪਰ ਜੱਜ ਨੇ ਆਖਿਆ ਕਿ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਉਹ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦੀ ਪ੍ਰਵਾਨਗੀ ਦੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਦਾਲਤ 'ਚ ਸੀਬੀਆਈ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਨਾਲ ਰਲੀ ਹੋਈ ਸੀ।

Unusual
1984 Anti-Sikh riots
Sajjan Kumar
Police Case

International