ਪੰਜਾਬ ਨੂੰ ਕਰੋਨਾ ਤੋਂ ਵੱਡੀ ਰਾਹਤ, 86 ਫ਼ੀਸਦੀ ਮਰੀਜ਼ ਹੋਏ ਠੀਕ

ਲੁਧਿਆਣਾ, 22 ਮਈ (ਪਹਿਰੇਦਾਰ ਬਿਊਰੋ) : ਪੰਜਾਬ ਵਿੱਚ ਕਰੋਨਾ ਦੇ ਮਰੀਜ਼ ਤੇਜ਼ੀ ਨਾਲ ਠੀਕ ਹੋ ਰਹੇ ਹਨ। ਛੇ ਹੋਰ ਮਰੀਜ਼ਾਂ ਦੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸੂਬੇ ਵਿੱਚ ਹੁਣ ਤੱਕ 2128 ਮਰੀਜ਼ਾਂ ਵਿੱਚੋਂ 1830 ਮਰੀਜ਼ ਠੀਕ ਹੋ ਚੁੱਕੇ ਹਨ। ਯਾਨੀ 86.2 ਫੀਸਦ ਕਰੋਨਾ ਮਰੀਜ਼ ਠੀਕ ਹੋ ਘਰ ਚਲੇ ਗਏ ਹਨ। ਪੰਜਾਬ 'ਚ ਕੱਲ ਵੀ 18 ਮਰੀਜ਼ ਸਾਹਮਣੇ ਆਏ ਹਨ ਹਾਲਾਂਕਿ ਸੂਤਰਾਂ ਅਨੁਸਾਰ ਸ਼ੁਕਰਵਾਰ ਨੂੰ ਪੰਜਾਬ 'ਚ ਸਿਰਫ ਇੱਕ ਹੀ ਨਵਾਂ ਮਾਮਲਾ ਸਾਹਮਣੇ ਆਇਆ। ਹੁਣ ਤੱਕ ਪੰਜਾਬ 'ਚ 42 ਮੌਤਾਂ ਵੀ ਹੋ ਚੁੱਕੀਆਂ ਹਨ। ਫਾਜ਼ਿਲਕਾ ਵਿਚ ਦੋ ਹੋਰ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰੂਪਨਗਰ ਤੇ ਮੁਕਤਸਰ ਵਿੱਚ ਦੋ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਜ ਦੇ ਸਿਹਤ ਅਧਿਕਾਰੀਆਂ ਨੇ 152 ਹੋਰ ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ। ਇਸ ਦੇ ਨਾਲ, ਰਾਜ ਵਿੱਚ ਕਰੋਨਾ ਵਾਇਰਸ ਤੋਂ ਸਿਹਤਯਾਬ ਹੋਏ ਲੋਕਾਂ ਦੀ ਕੁੱਲ ਸੰਖਿਆ 1830 ਤੱਕ ਪਹੁੰਚ ਗਈ ਸੀ। ਅੱਜ ਵੀ ਮਾਨਸਾ ਦੇ 10 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਘੱਟੋ ਘੱਟ 88 ਮਰੀਜ਼ਾਂ ਨੂੰ ਲੁਧਿਆਣਾ, 30 ਐਸਬੀਐਸ ਨਗਰ, 15 ਪਟਿਆਲਾ, ਅੱਠ ਫਤਿਹਗੜ ਸਾਹਿਬ, ਚਾਰ ਜਲੰਧਰ, ਤਿੰਨ ਮਾਨਸਾ, ਦੋ- ਦੋ ਨੂੰ ਗੁਰਦਾਸਪੁਰ ਤੇ ਪਠਾਨਕੋਟ ਤੋਂ ਛੁੱਟੀ ਦਿੱਤੀ ਗਈ ਹੈ। ਲੁਧਿਆਣਾ 'ਚ ਇਸ ਵਕਤ ਕੁੱਲ 117 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਪੰਜਾਬ 'ਚ ਕੁਲ ਪੀੜ੍ਹਤ ਕੇਸ - 2128, ਠੀਕ ਹੋਏ ਮਰੀਜ਼ - 1830, ਮੌਜੂਦਾ ਪੀੜ੍ਹਤ ਕੇਸ - 298, ਹੁਣ ਤੱਕ ਲਏ ਗਏ ਸੈਂਪਲ - 59,618, ਨੈਗੇਟਿਵ ਆਏ ਸੈਂਪਲ - 53,871, ਅਤੇ 3599 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

Unusual
Corona
PUNJAB
COVID-19
Health

International