ਸ਼ੇਅਰ ਬਾਜ਼ਾਰ 'ਤੇ ਕੋਰੋਨਾ ਦਾ ਕਹਿਰ, ਨਿਵੇਸ਼ਕਾਂ ਦੇ 9 ਲੱਖ ਕਰੋੜ ਰੁਪਏ ਡੁੱਬੇ

ਮੁੰਬਈ  12 ਮਾਰਚ (ਏਜੰਸੀਆਂ) ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ 'ਚ ਫੈਲੇ ਕੋਰੋਨਾ ਵਾਇਰਸ ਦੇ ਸੰਕਟ ਨੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਗਲੋਬਲ ਬਾਜ਼ਾਰ 'ਚ ਜਾਰੀ ਗਿਰਾਵਟ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਦਾ ਦਿਨ ਭਾਰਤ ਦੇ ਸ਼ੇਅਰ ਬਾਜ਼ਾਰ ਲਈ ਬਹੁਤ ਬੁਰਾ ਰਿਹਾ। ਮੁੱਖ ਸਟਾਕ ਇੰਡੈਕਸ ਸੈਂਸੈਕਸ ਵੀਰਵਾਰ ਨੂੰ ਦੁਪਹਿਰ ਦੇ ਕਾਰੋਬਾਰ 'ਚ 2,700 ਤੋਂ ਵੱਧ ਅੰਕ ਡਿੱਗ ਗਿਆ ਅਤੇ ਇਸ ਦੌਰਾਨ ਨਿਫਟੀ ਇੰਡੈਕਸ 9,700 ਦੇ ਪੱਧਰ ਤੋਂ ਹੇਠਾਂ ਆ ਗਈ। ਇਸ ਕਾਰਨ ਨਿਵੇਸ਼ਕਾਂ ਦੇ 9 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਗਏ। ਵਪਾਰੀਆਂ ਦੇ ਅਨੁਸਾਰ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਮਹਾਮਾਰੀ ਘੋਸ਼ਿਤ ਕਰਨ ਤੋਂ ਬਾਅਦ ਵਿਸ਼ਵ ਪੱਧਰੀ ਆਰਥਿਕ ਮੰਦੀ ਦੇ ਡਰ ਕਾਰਨ ਇਹ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਬੀਐਸਸੀ ਸੈਂਸੈਕਸ ਸਵੇਰੇ ਲਗਭਗ 1200 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ ਇਹ ਗਿਰਾਵਟ ਹੋਰ ਵੀ ਜਾਰੀ ਰਹੀ।

ਦੁਪਹਿਰ ਦੇ ਕਾਰੋਬਾਰ ਦੌਰਾਨ ਸੈਂਸੈਕਸ 2,707.39 ਅੰਕ ਦੀ ਗਿਰਾਵਟ ਨਾਲ 32,990.01 ਦੇ ਪੱਧਰ 'ਤੇ ਆ ਗਿਆ। ਵੀਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਭਾਰੀ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ 1224 ਅੰਕਾਂ ਦੀ ਭਾਰੀ ਗਿਰਾਵਟ ਨਾਲ 34,472 ਦੇ ਪੱਧਰ 'ਤੇ ਖੁੱਲ੍ਹਿਆ, ਜਦਕਿ ਨਿਫਟੀ 498.30 ਅੰਕ ਡਿੱਗ ਕੇ 9,960.10 'ਤੇ ਪਹੁੰਚ ਗਿਆ। ਅੱਜ ਸਾਰੇ ਸੈਕਟਰਾਂ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਟਾਪ ਗਿਰਾਵਟ ਵਾਲੇ ਸ਼ੇਅਰਾਂ 'ਚ ਟਾਟਾ ਸਟੀਲ, ਕੋਲ ਇੰਡੀਆ, ਵੇਦਾਂਤਾ ਲਿਮਟਿਡ, ਆਈਓਸੀ, ਇੰਡਸਇੰਡ ਬੈਂਕ, ਬੀਪੀਸੀਐਲ, ਇੰਫੋਸਿਸ, ਟਾਟਾ ਮੋਟਰਜ਼ ਅਤੇ ਪਾਵਰ ਗਰਿੱਡ ਸ਼ਾਮਲ ਹਨ। ਇਸ ਮਹੀਨੇ ਇਹ ਦੂਜੀ ਸਭ ਤੋਂ ਵੱਡੀ ਗਿਰਾਵਟ ਹੈ। ਪ੍ਰੀ-ਓਪਨ ਦੌਰਾਨ ਸੈਂਸੈਕਸ ਸਵੇਰੇ 9.10 ਵਜੇ 1224 ਅੰਕਾਂ ਦੇ ਨੁਕਸਾਨ ਨਾਲ 34,472 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਦੇ ਲਗਭਗ ਸਾਰੇ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ।

ਇਸ ਦੇ ਨਾਲ ਹੀ ਨਿਫਟੀ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬਾਜ਼ਾਰ ਖੁੱਲ੍ਹਣ ਦੇ ਕੁਝ ਮਿੰਟਾਂ ਵਿੱਚ ਹੀ ਸੈਂਸੈਕਸ 1558.79 ਅੰਕ ਯਾਨੀ 4.37% ਦੀ ਗਿਰਾਵਟ ਨਾਲ 34,138.61 ਦੇ ਪੱਧਰ 'ਤੇ ਕਾਰੋਬਾਰ ਕਰਨ ਲੱਗਿਆ। ਨਿਫਟੀ 512.95 ਅੰਕ (-4.9%) ਡਿੱਗ ਕੇ 9,945.45 ਦੇ ਪੱਧਰ 'ਤੇ ਆ ਗਿਆ।

Unusual
Business
Stock Market
COVID-19

International