CBI ਦੀ ਕਲੋਜ਼ਰ ਰਿਪੋਰਟ 'ਚ ਕਈ ਖ਼ਾਮੀਆਂ

ਸੌਦਾ ਸਾਧ ਦੇ ਚੇਲਿਆਂ ਨੂੰ ਬਚਾਉਣ ਲਈ ਦਿੱਤੀਆਂ ਹਨ ਝੂਠੀਆਂ ਦਲੀਲਾਂ

ਲੁਧਿਆਣਾ 28 ਜੁਲਾਈ (ਜਸਵੀਰ ਹੇਰਾਂ/ਸਨੀ ਸੁਜਾਪੁਰ) : ਸੌਦਾ ਸਾਧ ਦੇ ਤਿੰਨ ਦੋਸ਼ੀ ਚੇਲਿਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ 'ਚ ਨਿਰਦੋਸ਼ ਸਾਬਿਤ ਕਰਨ ਲਈ ਸੀ ਬੀ ਆਈ ਨੇ ਜਿਹੜੀ 32 ਪੰਨਿਆਂ ਦੀ ਕਲੋਜ਼ਰ ਰਿਪੋਰਟ ਸੀ ਬੀ ਆਈ ਦੀ ਮੋਹਾਲੀ ਅਦਾਲਤ ਵਿਚ ਪੇਸ਼ ਕਰਕੇ ਸੌਦਾ ਸਾਧ ਦੇ ਚੇਲਿਆਂ ਵਿਰੁੱਧ ਕੇਸ ਬੰਦ ਕਰਨ ਦੀ ਅਪੀਲ ਕੀਤੀ ਹੈ ਉਸ ਵਿਚ ਕਈ ਖਾਮੀਆਂ ਹਨ। ਕਲੋਜ਼ਰ ਰਿਪੋਰਟ ਤੇ ਪਹਿਰੇਦਾਰ ਟੀ ਵੀ ਤੇ ਹੋਈ ਵਿਚਾਰ ਚਰਚਾ ਵਿਚ ਭਾਗ ਲੈਂਦਿਆ ਉਘੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਵੇਂ ਸੀ ਬੀ ਆਈ ਨੇ ਅਦਾਲਤ ਵਿਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਹੈ। ਪ੍ਰੰਤੂ ਇਸ ਨਾਲ ਇਹ ਕੇਸ ਖ਼ਤਮ ਨਹੀਂ ਹੁੰਦਾ। ਹੁਣ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਇਸ ਨੂੰ ਵਾਪਿਸ ਫ਼ਰੀਦਕੋਟ ਦੀ ਸੰਬੰਧਿਤ ਅਦਾਲਤ ਪਾਸ ਭੇਜੇਗੀ ਤੇ ਪੰਜਾਬ ਪੁਲਿਸ ਆਪਣੀ ਜਾਂਚ ਅਨੁਸਾਰ ਇਸ ਕੇਸ ਨੂੰ ਅੱਗੇ ਲੜ੍ਹ ਸਕੇਗੀ।

ਐਡੋਵੋਕੇਟ ਮੰੰਝਪੁਰ ਨੇ ਆਖਿਆ ਕੀ ਸੀ ਬੀ ਆਈ ਨੇ ਪੰਜਾਬ ਵਿਧਾਨ ਸਭਾ ਵਿਚ ਸੀ ਬੀ ਆਈ ਤੋਂ ਕੇਸ ਵਾਪਿਸ ਲਏ ਜਾਣ ਨੂੰ ਆਪਣਾ ਵੱਡਾ ਹਥਿਆਰ ਬਣਾਇਆ ਹੈ।ਉਨ੍ਹਾਂ ਆਖਿਆ ਕਿ ਸੀ ਬੀ ਆਈ ਦੀ ਕਲੋਜ਼ਰ ਰਿਪੋਰਟ ਵਿਚ 106 ਗਵਾਹਾਂ ਦੇ ਬਿਆਨ ਤੇ ਨਾਮ ਦਰਜ ਹਨ ਅਤੇ ਕਈ ਅਜਿਹੇ ਖੁਲਾਸੇ ਵੀ ਕੀਤੇ ਗਏ ਹਨ ਜਿਨ੍ਹਾਂ ਬਾਰੇ ਪਹਿਲਾਂ ਬਹੋਤੀ ਜਾਣਕਾਰੀ ਨਹੀਂ ਸੀ। ਉਨ੍ਹਾਂ ਆਖਿਆ ਕਿ 1 ਜੂਨ 2015 ਨੂੰ ਬੁਰਜ ਜਵਹਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਹੁੰਦੇ ਹਨ। ਉਸ ਦਿਨ ਗੁਰਦੁਆਰਾ ਸਾਹਿਬ ਵਿਚ ਮਨਰੇਗਾ ਦੇ ਮਜ਼ਦੂਰ ਵੀ ਕੰਮ ਕਰਦੇ ਰਹੇ, ਇਕ ਗੈਸ ਵਾਲੇ ਤੇ ਇਕ ਖਰਬੂਜ਼ੇ ਵੇਚਣ ਵਾਲੇ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚੋਂ ਮੁਨਾਦੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਪਤਾ ਤਿੰਨ ਵਜੇ ਦੋ ਬੱਚਿਆਂ ਨੂੰ ਲੱਗਿਆ ਜਦੋਂ ਕਿ 2: 15 ਤੇ 2.30 ਵਜੇ ਤੇ ਵਿਚਾਕਾਰ ਖਰਬੂਜ਼ਿਆਂ ਵਾਲਾ ਮੁਨਾਦੀ ਕਰਦਾ ਹੈ ਅਤੇ ਮੁਨਾਦੀ ਕਰਨ ਤੋਂ ਪਹਿਲਾ ਬੱਚਿਆਂ ਨੂੰ ਖਰਬੂਜ਼ਾ ਖਾਣ ਲਈ ਦੇ ਕੇ ਬਾਹਰ ਭੇਜ ਦਿੰਦਾ ਹੈ।

ਗੁਰਦੁਆਰੇ ਦਾ ਗ੍ਰੰਥੀ ਉਸ ਸਮੇਂ ਪਿੰਡ ਦੇ ਕਿਸੇ ਘਰ ਪਾਠ ਕਰਨ ਗਿਆ ਹੋਇਆ ਸੀ। ਉਨ੍ਹਾਂ ਆਖਿਆ ਕਿ ਸੀ ਬੀ ਆਈ ਨੇ ਮਨਰੇਗਾ ਵਾਲਿਆਂ ਤੇ ਖਰਬੂਜ਼ੇ ਵੇਚਣ ਵਾਲੇ ਤੋਂ ਕੋਈ ਪੁਛਗਿਛ ਨਹੀਂ ਕੀਤੀ। ਸੀ ਬੀ ਆਈ ਵਲੋਂ ਦਲੀਲ ਦਿੱਤੀ ਗਈ ਹੈ ਕਿ ਬਰਗਾੜੀ ਤੇ ਬੁਰਜ ਜਵਾਹਰਸਿੰਘਵਾਲਾ ਵਿਖੇ ਸਿੱਖਾਂ ਨੂੰ ਚੇਤਾਵਨੀ ਦਿੰਦੇ ਪੋਸਟਰ ਲਾਏ ਗਏ ਸੀ ਪ੍ਰੰਤੂ ਇਨ੍ਹਾਂ ਪੋਸਟਰਾਂ ਦੀ ਲਿਖਾਈ ਸੌਦਾ ਸਾਧ ਦੇ ਦੋਸ਼ੀ ਇਨ੍ਹਾਂ ਤਿੰਨ ਚੇਲਿਆਂ ਦੀ ਲਿਖਾਈ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਸਵਾਲ ਉਠਾਇਆ ਕਿ ਇਹ ਜ਼ਰੂਰੀ ਨਹੀਂ ਕਿ ਪੋਸਟਰ ਇਨ੍ਹਾਂ ਨੇ ਹੀ ਲਿਖੇ ਹੋਣ ਤੇ ਲਾਏ ਵੀ ਇਨ੍ਹਾਂ ਨੇ ਹੀ ਹੋਣ। ਸੌਦਾ ਸਾਧ ਦੀ ਫ਼ਿਲਮ ਦੀ ਰਿਲੀਜ਼ ਰੋਕਣ ਸੌਦਾ ਸਾਧ ਦੀ ਮਾਫ਼ੀ ਫ਼ਿਰ ਸਿੱਖ ਪੰਥ ਵਲੋਂ ਮਾਫ਼ੀ ਰੱਦ ਪੋਸਟਰ ਲਾਉਣ ਦੀ ਤਾਰੀਖ ਤੇ ਬੇਅਦਬੀ ਦੀਆਂ ਘਟਨਾਵਾਂ ਨਾਲੋਂ ਨਾਲ ਹੋਈਆ ਹਨ। ਪ੍ਰੰਤੂ ਸੀ ਬੀ ਆਈ ਨੇ ਇਸ ਤੱਥ ਨੂੰ ਵਿਚਾਰਿਆ ਹੀ ਨਹੀਂ।

ਐਡਵੋਕੇਟ ਮੰਝਪੁਰ ਨੇ ਆਖਿਆ ਕਿ ਕਲੋਜ਼ਰ ਰਿਪੋਰਟ ਤੇ ਕਾਨੂੰਨੀ ਲੜਾਈ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਇਹ ਮਾਮਲਾ ਲਮਕ ਜਾਵੇਗਾ। ਪ੍ਰੰਤੂ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਫ਼ਰੀਦਕੋਟ ਅਦਾਲਤ ਵਿਚ ਲੈ ਕੇ ਜਾਣ ਲਈ ਚਾਰਾਜੋਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਜੇ ਕੌਮ ਇਸ ਮੁੱਦੇ ਤੇ ਇਕਜੁੱਟ ਹੋ ਕੇ ਸੰਘਰਸ਼ ਲੜ੍ਹਨ ਦਾ ਐਲਾਨ ਕਰ ਦੇਵੇ ਤਾਂ ਕੌਮ ਦੀ ਝੋਲੀ 'ਚ ਕੁਝ ਸਮੇਂ ਵਿਚ ਹੀ ਇਨਸਾਫ਼ ਪੈ ਸਕਦਾ ਹੈ। ਪ੍ਰੰਤੂ ਤਰਾਸਦੀ ਹੈ ਕਿ ਪੰਥ ਦੇ ਆਗੂਆਂ 'ਚ ਏਕੇ ਦੀ ਕੋਈ ਸੰਭਾਵਨਾ ਨਹੀਂ।

Unusual
CBI
Beadbi
Dera Sacha Sauda
Court Case

International