ਸ਼੍ਰੋਮਣੀ ਕਮੇਟੀ ਤੇ ਸਰਕਾਰਾਂ ਦਾ ਵਿਸਾਰਿਆ ਬਾਬਾ ਨਾਨਕ ਦੇ ਬਾਬਿਆਂ ਦਾ ਪਿੰਡ

ਬਾਬਾ ਮਹਿਤਾ ਕਾਲੂ ਜੀ ਦਾ ਜਨਮ ਸਥਾਨ ਹੈ ਪਿੰਡ ਪੱਠੇ ਵਿੰਡਪੁਰ

ਅੰਮ੍ਰਿਤਸਰ 5 ਦਸੰਬਰ (ਨਰਿੰਦਰ ਪਾਲ ਸਿੰਘ): ਸਾਲ 2019 ਵਿੱਚ  ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਪ੍ਰਕਾਸ਼ ਦਿਹਾੜਾ ਮਨਾਏ ਜਾਣ ਦੀਆਂ ਤਿਆਰੀਆਂ ਵਜੋਂ ਸ਼੍ਰੋਮਣੀ ਕਮੇਟੀ ਵਲੋਂ ਭੇਜੀ ਇੱਕ ਲਿਸਟ ਅਨੁਸਾਰ ਪੰਜਾਬ ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ 46 ਪਿੰਡਾਂ ਦੀ ਨਿਸ਼ਾਨਦੇਹੀ ਕਰ ਵੀ ਲਈ ਹੈ ।ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਨਵੰਬਰ 2019 ਤੀਕ ਉਹ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਤ ਸਾਰੇ ਹੀ ਅਜੇਹੇ  ਅਸਥਾਨਾਂ ਨਾਲ ਸਿੱਖ ਜਗਤ ਨੂੰ ਜੋੜਨ ਲਈ ਉਪਰਾਲੇ ਕਰੇਗੀ।ਕਮੇਟੀ ਤੇ ਸਰਕਾਰ ਦੇ ਐਸੇ ਦਾਅਵਿਆਂ ਦੇ ਐਨ ਉਲਟ ਮਾਝੇ ਦਾ ਇੱਕ ਅਜੇਹਾ ਗੁਰ ਅਸਥਾਨ ਅਜੇਹਾ ਵੀ ਹੈ ਜੋ ਐਨਾ ਕੁ ਅਣਗੋਲਿਆ ਹੈ ਕਿ ਇਸ ਗੁਰ ਅਸਥਾਨ ਨਾਲ ਸਬੰਧਤ ਪਿੰਡ ਦਾ ਮੁਢਲਾ ਨਾਮ ਸਿਰਫ ਇੱਕ ਬੋਰਡ ਤੀਕ ਹੀ ਸੀਮਤ ਹੈ ।

ਤਰਨਤਾਰਨ ਤੋਂ ਦੱਖਣ ਪੂਰਬ ਵੱਲ ਕੋਈ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਪੱਠੇ ਵਿੰਡ ਪੁਰ,ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਯੋਗ ਪਿਤਾ ਬਾਬਾ ਮਹਿਤਾ ਕਾਲੂ ਜੀ ਦਾ ਜਨਮ ਅਸਥਾਨ ਹੈ। ਮਹਿਤਾ ਕਾਲੂ ਜੀ ਇਥੋਂ ਹੀ ਪੜ੍ਹੇ ਅਤੇ ਪਟਵਾਰੀ ਦੀ ਨੌਕਰੀ ਕਰਦਿਆਂ ਰਾਏ ਬੁਲਾਰ ਦੇ ਪ੍ਰੇਮ ਕਰਕੇ ਰਾਏ ਭੋਏ ਦੀ ਤਲਵੰਡੀ ਚਲੇ ਗਏ। ਗੁਰਦੁਆਰਾ ਸਾਹਿਬ ਦੇ ਮੁਖ ਦੁਆਰ ਦੇ ਨਾਲ ਲੱਗਾ ਬੋਰਡ ਇਹ ਵੀ ਦੱਸਦਾ ਹੈ ਕਿ ਜੁਆਨੀ ਦੀ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਨੂੰ ਜਾਂਦੇ ਸਮੇਂ ਇਸ ਅਸਥਾਨ ਤੇ ਆਏ ਸਨ ,ਬੇਦੀ ਵਿਰੋਧ ਕਰਨ ਲੱਗੇ।ਗੁਰੂ ਸਾਹਿਬ ਨੇ ਕਿਹਾ ਮਾਣ ਨਾ ਕਰੋ,ਪੱਠੇ ਵਿੰਡਪੁਰ,ਸਮਾਂ ਆਣ ਤੇ ਛੱਡ ਜਾਉਗੇ।ਸਾਡੀ ਸੱਚ ਦੀ ਜੋਤ ਸਦਾ ਹੀ ਰਹੇਗੀ।ਬੋਰਡ ਅੱਗੇ ਦੱਸਦਾ ਹੈ ਕਿ ਸਮਾਂ ਪੈਣ ਤੇ ਗੁਰੂ ਹਰਿਗੋਬਿੰਦ ਪਾਤਸ਼ਾਹ ,ਗੁਰਦੁਆਰਾ ਚੋਹਲਾ ਸਿਹਬ ਤੋਂ ਗੁ:ਰੋੜੀ ਸਾਹਿਬ ਆਏ ਤਾਂ 300 ਕਦਮ ਚੱਲਕੇ ਇਸ ਅਸਥਾਨ ਤੇ ਨਮਸਕਾਰ ਕਰਕੇ ਜੋਤ ਪ੍ਰਗਟ ਕੀਤੀ।

ਮੀਰੀ ਪੀਰੀ ਦੇ ਮਾਲਕ ਨੇ ਪੱਠੇ ਵਿੰਡ ਪੁਰ ਦਾ ਨਾਮ ਡੇਰਾ ਸਾਹਿਬ ਰੱਖਿਆ।ਤੇ ਇਸ ਨਾਮ ਡੇਰਾ ਸਾਹਿਬ ਕਰਕੇ ਹੀ ਪਿੰਡ ਦਾ ਨਾਮ ਡੇਰਾ ਸਾਹਿਬ-ਲੁਹਾਰ ਵਜੋਂ ਜਾਣਿਆਂ ਜਾਂਦਾ ਹੈ।ਪਿੰਡ ਦੇ ਬਜੁਰਗਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਸਾਰਾ ਇਲਾਕਾ ਪਿੰਡ ਲੁਹਾਰ ਵਜੋਂ ਹੀ ਜਾਣਿਆਂ ਜਾਂਦਾ ਸੀ।ਗੁਰੂ ਹਰਿਗੋਬਿੰਦ ਸਾਹਿਬ ਵਲੋਂ ਅਸਥਾਨ ਨੂੰ ਨਾਮ ਡੇਰਾ ਸਾਹਿਬ ਦਿੱਤੇ ਜਾਣ ਨਾਲ ਪਿੰਡ ਵਿਚੋਂ ਲੰਘਦੀ ਮੁਖ ਸੜਕ ਦਾ ਚੜਦਾ ਪਾਸਾ ਪਿੰਡ ਲੁਹਾਰ ਤੇ ਲਹਿੰਦਾ ਪਾਸ ਡੇਰਾ ਸਾਹਿਬ ਹੋ ਗਿਆ।ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਸ ਅਸਥਾਨ ਤੇ ਕਾਰਸੇਵਾ ਸਰਹਾਲੀ ਵਾਲੇ ਮਹਾਂ ਪੁਰਖਾਂ ਦੇ ਉਪਰਾਲੇ ਸਦਕਾ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਹੋਈ।ਗੁਰੂ ਸਾਹਿਬ ਦਾ ਯਾਦਗਾਰੀ ਖੂਹ ਸੰਭਾਲਿਆ ਗਿਆ ਤੇ ਹੁਣ ਸੰਗਤਾਂ ਦੀ ਰਿਹਾਇਸ਼ ਲਈ ਸਰਾਂ ਵੀ ਤਿਆਰ ਹੋ ਰਹੀ ਹੈ।

ਪਿੰਡ ਦੇ ਬਜੁਰਗ ਅੱਜ ਵੀ ਇਹੀ ਸੁਨੇਹਾ ਦਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਦੇ ਪੁਰਖਿਆਂ ਦੇ ਪਿੰਡ ਨੂੰ ਸੰਸਾਰ ਦੇ ਨਕਸ਼ੇ ਤੇ ਲਿਆਂਦਾ ਜਾਵੇ।ਦੂਸਰੇ ਪਾਸੇ ਤਲਖ ਹਕੀਕਤ ਇਹ ਵੀ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਵਿੱਚ ਦਰਸਾਈ ਗੁ:ਪ੍ਰੀਭਾਸ਼ਾ ਅਨੁਸਾਰ  ਇਹ ਗੁਰਦੁਆਰਾ ਐਕਟ ਦੀ ਸੈਕਸ਼ਨ 87 ਅਧੀਨ ਆਉਂਦਾ ਹੈ ।ਪ੍ਰਬੰਧ ਲੋਕਲ ਕਮੇਟੀ ਪਾਸ ਹੈ ਤੇ ਹਰ ਮਹੀਨੇ ਗੁਰਦੁਆਰਾ ਸਾਹਿਬ ਦੀ ਗੋਲਕ ਗਿਣਤੀ ਮੌਕੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਇੰਸਪੈਕਟਰ ਦੀ ਹਾਜਰੀ ਜਰੂਰੀ ਰਹਿੰਦੀ ਹੈ ।ਕਾਰਸੇਵਾ ਵਾਲੇ ਬਾਬਾ ਲੱਖਾ ਸਿੰਘ (ਕਾਰਸੇਵਾ ਸਰਹਾਲੀ)ਵਾਲਿਆਂ ਨੇ ਦੱਸਿਆ ਹੈ ਕਿ ਨਵੰਬਰ 2019 ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਪ੍ਰਕਾਸ਼ ਪੁਰਬ ਮਨਾਉਣ ਲਈ ਵਿਸ਼ਾਮ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ । 

Unusual
Guru Nanak Dev Ji
SGPC

International