ਜਥੇਦਾਰ ਹਵਾਰਾ ਦੀ ਸਖ਼ਤ ਹਦਾਇਤ! ਬਰਗਾੜੀ ਮੋਰਚੇ ਸੰਬੰਧੀ ਨਾ ਕੀਤੀ ਜਾਵੇ ਆਪਸੀ ਦੂਸ਼ਣਬਾਜ਼ੀ

ਹੁਣ ਅੱਗੇ ਤੋਂ ਆਪਹੁਦਰੀਆਂ ਨਾ ਕਰਕੇ ਕਿਸੇ ਵੀ ਸੰਘਰਸ਼ ਨੂੰ ਚਲਾਉਣ ਲਈ ਸਿੱਖ ਪਰੰਪਰਾ ਅਨੁਸਾਰ ਗੁਰਮਤਾ ਕਰ ਕੇ ਹੀ ਕੋਈ ਫ਼ੈਸਲਾ ਲਿਆ ਜਾਵੇ:ਜਥੇਦਾਰ ਹਵਾਰਾ

ਪੰਜ ਮੈਂਬਰੀ ਦਾ ਹੋਵੇਗਾ ਛੇਤੀ ਗਠਨ

ਚੰਡੀਗੜ੍ਹ 19ਦਸੰਬਰ (ਮੇਜਰ ਸਿੰਘ ): ਬਰਗਾੜੀ ਮੋਰਚੇ ਵਿਚ ਪਿਛਲੇ ਦਿਨਾਂ ਦੇ ਘਟਨਾਕ੍ਰਮ ਨਾਲ਼ ਪੰਥਕ ਸਫ਼ਾਂ ਵਿੱਚ ਬੇਚੈਨੀ ਵੀ ਪੈਦਾ ਹੋਈ ਹੈ ਤੇ ਮਾਯੂਸੀ ਵੀ। ਕਾਰਨ ਭਾਵੇਂ ਕੋਈ ਵੀ ਹੋਣ, ਸਿੱਖ ਸੰਗਤਾਂ ਦਾ ਉਤਸ਼ਾਹ ਜੋ ਪਿਛਲੇ ਕੁਝ ਮਹੀਨਿਆਂ ਤੋਂ ਦਿੱਸ ਰਿਹਾ ਸੀ, ਉਸ ਨੂੰ ਇੱਕ ਸੱਟ ਜ਼ਰੂਰ ਵੱਜੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜ਼ੇਲ੍ਹ ਦਿੱਲੀ ਤੋਂ ਮੀਡੀਆ ਨੂੰ ਭੇਜੇ ਇਸ ਸੁਨੇਹੇ ਵਿਚ ਕੀਤਾ। ਜਿਸ ਬਾਰੇ ਜਥੇਦਾਰ ਹਵਾਰਾ ਦੇ ਬੁਲਾਰਾ ਅਮਰ ਸਿੰਘ ਚਾਹਲ ਨੇ ਅੱਜ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਪਤੱਰ ਜਥੇਦਾਰ ਸਾਹਿਬ ਨੇ ਆਪਣੇ ਧਰਮੀ ਪਿਤਾ ਗੁਰਚਰਨ ਸਿੰਘ ਪਟਿਆਲਾ ਨੂੰ ਬੀਤੇ ਦਿਨ ਤਿਹਾੜ ਜ਼ੇਲ੍ਹ 'ਚ ਮੁਲਾਕਾਤ ਦੋਰਾਨ ਸੌਂਪਿਆ ਜਿਸ ਦੀ ਫੋਟੋ ਕਾਪੀ ਪਤੱਰਕਾਰਾਂ ਨੂੰ ਵੀ ਦਿੱਤੀ ਗਈ। ਇਸ ਮੌਕੇ ਸ.ਅਮਰ ਸਿੰਘ ਚਾਹਲ ਦੇ ਨਾਲ ਸ. ਗੁਰਚਰਨ ਸਿੰਘ ਤੇ ਸ. ਕਰਨੈਲ ਸਿੰਘ ਪੀਰਮੁਹੰਮਦ ਮੋਜੂਦ ਸਨ। ਸ. ਚਾਹਲ ਨੇ ਦਸਿਆ ਕਿ ਇਸ ਪਤੱਰ ਵਿਚ ਜਥੇਦਾਰ ਹਵਾਰਾ ਨੇ ਕਿਹਾ ਕਿ ਅਸਲ ਵਿੱਚ ਸਿੱਖ ਕੌਮ ਨੂੰ 1947 ਤੋਂ ਹੀ ਆਪਣੇ ਹੱਕਾਂ ਤੇ ਹਿੱਤਾਂ ਲਈ ਲਹੂ ਵੀਟਵੀਂ ਲੜਾਈ ਲੜਨੀ ਪੈ ਰਹੀ ਹੈ। 1947 ਤੋਂ ਪਹਿਲਾਂ ਜਿਸ ਅਜ਼ਾਦੀ ਲਈ ਗੁਰੂ ਕੇ ਸਿੰਘਾਂ ਸਿੰਘਣੀਆਂ ਨੇ ਲੰਮੀ ਲੜਾਈ ਲੜੀ, ਕੁੱਟਾਂ ਖਾਧੀਆਂ, ਕੈਦਾਂ ਕੱਟੀਆਂ, ਤਸੀਹੇ ਝੱਲੇ ਤੇ ਫਾਂਸੀਆਂ ਚੁੰਮੀਆਂ, ਉਹ ਅਜ਼ਾਦੀ ਦੀ ਲੜਾਈ, ਮੌਕੇ ਦੇ ਸਿੱਖ ਲੀਡਰਾਂ ਦੀ ਨਾਲਾਇਕੀ ਕਾਰਨ ਜਿੱਤ ਕੇ ਵੀ ਸਿੱਖ ਕੌਮ ਅਖ਼ੀਰ ਹਾਰ ਗਈ। ਕੌਮ ਦੀ ਜਿੱਤੀ ਹੋਈ ਲੜਾਈ ਲੀਡਰਾਂ ਕਾਰਨ ਵਾਰ ਵਾਰ ਅਖ਼ੀਰ ਤੇ ਆ ਕੇ ਹਾਰ ਜਾਣਾ ਸਾਡਾ ਕੌਮੀ ਦੁਖਾਂਤ ਬਣਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਦੁਨੀਆਂ ਭਰ ਦੀਆਂ ਸੰਘਰਸ਼ਸ਼ੀਲ ਕੌਮਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕਾਬਜ਼ ਹਕੂਮਤਾਂ ਕਦੇ ਪੋਲੇ ਪੈਰੀਂ ਨਹੀਂ ਝੁਕਦੀਆਂ। ਉਹ ਅਣਖੀਲੇ ਲੋਕਾਂ ਦੇ ਹੱਕ ਉਸੇ ਤਰ੍ਹਾਂ ਦੱਬ ਕੇ ਬੈਠੀਆਂ ਰਹਿੰਦੀਆਂ ਹਨ, ਜਿਵੇਂ ਸਮੁੰਦਰ ਆਪਣੇ ਗਰਭ ਵਿੱਚ ਕਈ ਤਰ੍ਹਾਂ ਦੇ ਖਜ਼ਾਨੇ ਦੱਬ ਕੇ ਬੈਠਾ ਰਹਿੰਦਾ ਹੈ, ਪਰ ਜਦੋਂ ਲਹਿਰਾਂ ਚੱਲਦੀਆਂ ਹਨ ਤਾਂ ਉਹ ਸਮੁੰਦਰਾਂ ਦੇ ਧੁਰ ਅੰਦਰੋਂ ਲੁਕਿਆ ਖਜ਼ਾਨਾ ਵੀ ਕੱਢ ਲਿਆਉਂਦੀਆਂ ਹਨ, ਬਸ ਲਹਿਰਾਂ ਦੇ ਵਿੱਚ ਜਾਨ ਹੋਣੀ ਚਾਹੀਦੀ ਹੈ। ਹਕੂਮਤਾਂ ਤੋਂ ਹੱਕ ਲੈਣ ਲਈ ਚੱਲਦੀਆਂ ਕੌਮੀ ਲਹਿਰਾਂ ਤੇ ਵੀ ਇਹੀ ਸ਼ਰਤ ਲਾਗੂ ਹੁੰਦੀ ਹੈ। ਜਥੇਦਾਰ ਹਵਾਰਾ ਨੇ ਕਿਹਾ ਕੋਈ ਵੀ ਸੰਘਰਸ਼ ਲੜਨ ਦੇ ਲਈ ਸਿਦਕ, ਸਬਰ ਅਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਸੌਖੇ ਢੰਗ ਵਰਤ ਕੇ ਵੱਡੀਆਂ ਪ੍ਰਾਪਤੀਆਂ ਨਹੀਂ ਹੋਇਆ ਕਰਦੀਆਂ। ਸੰਘਰਸ਼ ਜਿੰਨਾ ਔਖਾ ਹੋਵੇ, ਜਿੱਤ ਵੀ ਓਨੀ ਹੀ ਸ਼ਾਨਦਾਰ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਾਕੀਆਂ ਨਾਲ਼ੋਂ ਜ਼ਿਆਦਾ ਸਿਆਣਾ ਹਾਂ, ਜਾਂ ਮੈਨੂੰ ਪੁੱਛੇ ਬਿਨਾਂ ਕੋਈ ਮੋਰਚਾ ਕਿਉਂ ਲਾਇਆ ਜਾਂ ਮੈਨੂੰ ਪੁੱਛੇ ਬਿਨਾਂ ਕੋਈ ਫੈਸਲਾ ਕਿਉਂ ਹੋਇਆ; ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਬੇਸ਼ੱਕ ਨਜ਼ਰ-ਅੰਦਾਜ਼ ਕਰੀ ਰੱਖੋ, ਪਰ ਘੱਟ ਤੋਂ ਘੱਟ ਜਿਹੜੇ ਵਰਕਰ ਸੰਘਰਸ਼ ਵਿੱਚ ਜਿੰਦ ਜਾਨ ਨਾਲ਼ ਜੁੜੇ ਹੋਏ ਹੋਣ ਤੇ ਉਸ ਵਿੱਚ ਹਿੱਸਾ ਪਾ ਰਹੇ ਹੋਣ, ਉਹਨਾਂ ਵਰਕਰਾਂ ਦਾ ਤਾਂ ਇਹ ਹੱਕ ਬਣਦਾ ਹੈ ਕਿ ਕੋਈ ਵੀ ਫ਼ੈਸਲਾ ਲੈਣ ਲੱਗੇ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਵੇ ਜਾਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ਼ ਵੀ ਤਾਲਮੇਲ ਰੱਖਿਆ ਜਾਵੇ। ਉਨ੍ਹਾਂ ਕਿਹਾ ਇਸ ਸਮੇਂ ਸਪਸ਼ਟ ਹੈ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਐਲਾਨ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਹੈ, ਪਰ ਜੇਕਰ ਚੜ੍ਹਦੀਕਲਾ ਤੇ ਗੁਰ ਸਿਧਾਂਤ ਨੂੰ ਸਨਮੁਖ ਰੱਖਿਆ ਜਾਵੇ ਤਾਂ ਕਿਸੇ ਵੀ ਹਾਲਤ ਨੂੰ ਜੇਤੂ ਮੋੜਾ ਦਿੱਤਾ ਜਾ ਸਕਦਾ ਹੈ। ਲੋੜ ਇਹ ਹੈ ਕਿ ਹਰ ਕੋਈ ਹੋਈਆਂ ਗ਼ਲਤੀਆਂ ਨੂੰ ਪ੍ਰਵਾਨ ਕਰ ਕੇ ਇਹਨਾਂ ਤੋਂ ਸਬਕ ਸਿੱਖੇ। ਇੱਕ ਦੂਜੇ ਉੱਤੇ ਇਲਜ਼ਾਮਬਾਜ਼ੀ ਨਾ ਕੀਤੀ ਜਾਵੇ, ਇਸ ਨਾਲ਼ ਸਾਡੀ ਤਾਕਤ ਖੇਰੂੰ ਖੇਰੂੰ ਹੋ ਜਾਵੇਗੀ। ਮੈਂ ਇਸ ਸਾਰੇ ਘਟਨਾਕ੍ਰਮ ਨੂੰ ਡੂੰਘਿਆਈ ਨਾਲ਼ ਵਾਚਿਆ ਹੈ।

ਇੱਕ ਦੂਜੇ ਤੇ ਲਾਏ ਗਏ ਇਲਜ਼ਾਮ ਵੀ ਸੁਣੇ ਹਨ, ਸਿੱਖ ਸੰਗਤਾਂ ਦੀਆਂ ਭਾਵਨਾਵਾਂ ਵੀ ਜਾਣੀਆਂ ਹਨ, ਪਰ ਇੱਕ ਦੂਜੇ ਤੇ ਦੂਸ਼ਣਬਾਜ਼ੀ ਕੀਤੀ ਜਾਣੀ ਠੀਕ ਨਹੀਂ ਹੈ। ਜਥੇ: ਮੰਡ ਜੀ ਨੇ ਬੇਸ਼ੱਕ ਬਾਕੀ ਜਥੇਦਾਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਆਪਹੁਦਰੀ ਕਾਰਵਾਈ ਕੀਤੀ ਹੈ, ਪਰ ਇਹ ਵੀ ਸਪਸ਼ਟ ਹੈ ਕਿ ਭਾਈ ਮੰਡ ਦੀ ਹਮਾਇਤ ਵਿੱਚ ਸ੍ਰ. ਮਾਨ ਸਾਹਬ ਤੇ ਉਹਨਾਂ ਦੀ ਪਾਰਟੀ ਸਮੇਤ ਕਈ ਹੋਰ ਵੀ ਸੰਘਰਸ਼ਸ਼ੀਲ ਧਿਰਾਂ ਸਨ। ਅਸੀਂ ਇਹਨਾਂ ਦੀ ਪੰਥਪ੍ਰਸਤੀ ਉੱਤੇ ਕਿੰਤੂ-ਪ੍ਰੰਤੂ ਨਹੀਂ ਕਰ ਸਕਦੇ ਤੇ ਇਹਨਾਂ ਪੰਥਕ ਧਿਰਾਂ ਨਾਲ਼ ਜੁੜੇ ਹਜ਼ਾਰਾਂ ਪੰਥਪ੍ਰਸਤ ਵਰਕਰਾਂ ਜੋ ਕਿ 'ਘਰ ਫੂਕ ਤਮਾਸ਼ਾ ਵੇਖ' ਦੀ ਅਖੌਤ ਨੂੰ ਸੱਚ ਸਿੱਧ ਕਰਦੇ ਹੋਏ ਲੰਮੇ ਸਮੇਂ ਤੋਂ ਹੀ ਕਈ ਤਰ੍ਹਾਂ ਦੇ ਨੁਕਸਾਨ ਝੱਲ ਕੇ ਵੀ ਪੰਥ ਲਈ ਲੜ ਰਹੇ ਹਨ, ਉਹਨਾਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਇਸ ਕਾਰਨ ਇਹ ਆਪਸੀ ਲੜਾਈ ਸਿਰਫ਼ ਜਥੇਦਾਰਾਂ ਨੂੰ ਹੀ ਨਹੀਂ, ਪੰਥਕ ਤਾਕਤ ਨੂੰ ਵੀ ਵੰਡ ਦੇਵੇਗੀ, ਇਸ ਲਈ ਇਲਜ਼ਾਮਬਾਜ਼ੀ ਬੰਦ ਕੀਤੀ ਜਾਵੇ ਤੇ ਕੁਝ ਗ਼ਲਤੀਆਂ ਕਾਰਨ ਜੋ ਜਿੱਤੀ ਹੋਈ ਬਾਜ਼ੀ ਹਰ ਗਈ ਜਾਪ ਰਹੀ ਹੈ, ਉਸ ਨੂੰ ਜਿੱਤ ਵਿੱਚ ਬਦਲਣ ਲਈ ਤਿੱਖਾ ਅਤੇ ਪ੍ਰਭਾਵਸ਼ਾਲੀ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇ। ਜਥੇਦਾਰ ਹਵਾਰਾ ਨੇ ਕਿਹਾ, ਹਾਂ ਇਹ ਗੱਲ ਮੈਂ ਸਖ਼ਤ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਹੁਣ ਅੱਗੇ ਤੋਂ ਕਿਸੇ ਵੀ ਸੰਘਰਸ਼ ਨੂੰ ਚਲਾਉਣ ਤੇ ਫ਼ੈਸਲਾ ਕਰਨ ਦਾ ਅਧਿਕਾਰ ਕਿਸੇ ਇੱਕ ਵਿਅਕਤੀ ਦੇ ਹੱਥ ਦੇਣ ਦੀ ਬਜਾਏ, ਸਿੱਖ ਪਰੰਪਰਾ ਅਨੁਸਾਰ ਗੁਰਮਤਾ ਕਰ ਕੇ ਹੀ ਕੋਈ ਫ਼ੈਸਲਾ  ਲਿਆ ਜਾਵੇ।

ਸਾਡੀ ਕੌਮੀ ਜੱਦੋ-ਜਹਿਦ ਨੂੰ ਸਮਰਪਿਤ ਪੰਜ ਸਿੰਘਾਂ ਦੀ ਇੱਕ ਕਮੇਟੀ ਚੁਣੀ ਜਾਵੇਗੀ ਤੇ ਕੋਈ ਨਵਾਂ ਸੰਘਰਸ਼ ਅਰੰਭਣ, ਉਸ ਦੀ ਰੂਪ ਰੇਖਾ ਤੈਅ ਕਰਨ ਤੇ ਫ਼ੈਸਲਾ ਕਰਨ ਦੇ ਹਰੇਕ ਪੜਾਅ ਤੇ ਇਸ ਕਮੇਟੀ ਦੀ ਸਹਿਮਤੀ ਲਾਜ਼ਮੀ ਹੋਵੇਗੀ।  ਇਹ ਪੰਜ ਮੈਂਬਰੀ ਕਮੇਟੀ ਛੇਤੀ ਹੀ ਕਾਇਮ ਕੀਤੀ ਜਾਵੇਗੀ। ਇਸ ਕਮੇਟੀ ਦੀ ਸਹਿਮਤੀ ਤੋਂ ਬਿਨਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਵੀ ਨਾ ਉਲੀਕੀ ਜਾਵੇ ਤੇ ਇਸ ਸੰਬੰਧੀ ਕੋਈ ਅੰਤਮ ਫੈਸਲਾ ਵੀ ਨਾ ਕੀਤਾ ਜਾਵੇ। ਮੈਂ ਏਕਤਾ ਬਣਾਈ ਰੱਖਣ ਕਾਰਨ ਹੁਣ ਤਕ ਬਰਗਾੜੀ ਮੋਰਚੇ ਵਿੱਚ ਆਪਣਾ ਕੋਈ ਦਿਸ਼ਾ ਨਿਰਦੇਸ਼ ਨਾ ਮੰਨੇ ਜਾਣ ਤੇ ਕੋਈ ਸਖ਼ਤ ਫੈਸਲਾ ਲੈਣ ਤੋਂ ਸੰਕੋਚ ਕੀਤਾ ਹੈ, ਇੱਥੋਂ ਤਕ ਕਿ ਆਪਣੇ ਭੇਜੇ ਨੁਮਾਇੰਦਿਆਂ ਦੇ ਅਪਮਾਨ ਕੀਤੇ ਜਾਣ ਤੇ ਵੀ ਕੋਈ ਸਖ਼ਤ ਫੈਸਲਾ ਨਹੀਂ ਲਿਆ, ਪਰ ਹੁਣ ਜੇਕਰ ਪੰਜ ਮੈਂਬਰੀ ਕਮੇਟੀ ਬਣਾਏ ਜਾਣ ਦੇ ਕਈ ਪੰਥ ਦਰਦੀਆਂ ਦੀ ਰਾਏ ਤੇ ਆਧਾਰਿਤ ਫੈਸਲੇ ਨੂੰ ਨਜ਼ਰ-ਅੰਦਾਜ਼ ਕਰ ਕੇ ਆਪਹੁਦਰੇ ਢੰਗ ਨਾਲ਼ ਸੰਘਰਸ਼ ਬਾਰੇ ਫੈਸਲਾ ਕਰ ਕੇ ਸੰਘਰਸ਼ ਨੂੰ ਅੱਧ ਵਿਚਾਲੇ ਡੋਬਣ ਦਾ ਯਤਨ ਕੀਤਾ ਗਿਆ ਤਾਂ ਦਾਸ ਕੋਈ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਵੇਗਾ। ਬਾਕੀ ਨਿਰਾਸ਼ ਹੋਏ ਪੰਥਕ ਵਰਕਰਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਗੁਰੂ ਦਾ ਸਿੱਖ ਕਿਸੇ ਵੀ ਹਾਲਤ ਵਿੱਚ ਨਿਰਾਸ਼ ਨਹੀਂ ਹੁੰਦਾ, ਖਾਲਸਾ ਹਮੇਸ਼ਾ ਹੀ ਸੰਘਰਸ਼ ਵਿੱਚ ਰਹਿੰਦਾ ਹੈ ਤੇ ਇਹ ਕਹਿਣਾ ਗ਼ਲਤ ਨਹੀਂ ਕਿ ਸੰਘਰਸ਼ ਹੀ ਖਾਲਸੇ ਦੀ ਜ਼ਿੰਦਗੀ ਹੈ।

ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਨੇ ਸਾਰਾ ਸਰਬੰਸ ਵਾਰ ਕੇ ਵੀ ਹੌਸਲਾ ਨਹੀਂ ਸੀ ਹਾਰਿਆ। ਜੇ ਮਨ 'ਚ ਜਿੱਤ ਦਾ ਨਿਸ਼ਚਾ ਤੇ ਕੁਝ ਕਰ ਵਿਖਾਉਣ ਦਾ ਜਜ਼ਬਾ ਹੋਵੇ ਤਾਂ ਅਸਫਲਤਾ ਵੀ ਤਜ਼ਰਬਾ ਬਣਾ ਜਾਂਦੀ ਹੈ ਤੇ ਜੇਕਰ ਮਨ ਵਿੱਚ ਕੌਮੀ ਭਾਵਨਾ ਦੀ ਬਜਾਏ ਨਿਜੀ ਗਰਜ਼ਾਂ ਹੋਣ ਤਾਂ ਵੱਡੀਆਂ ਵੱਡੀਆਂ ਜਿੱਤਾਂ ਵੀ ਰੁਲ਼ ਜਾਂਦੀਆਂ ਹਨ। ਦੁਨੀਆਂ ਦੀ ਕੋਈ ਵੀ ਵੱਡੀ ਸਫਲਤਾ ਅਜਿਹੀ ਨਹੀਂ ਜਿਸ ਦੀ ਨੀਂਹ ਵਿੱਚ ਕਈ ਅਸਫਲਤਾਵਾਂ ਨਾ ਦੱਬੀਆਂ ਪਈਆਂ ਹੋਣ। ਅਸੀਂ ਇਤਿਹਾਸ ਤੋਂ ਸੇਧ ਲੈ ਕੇ ਨਿਰਾਸ਼ਾ ਨੂੰ ਜਿੱਤ ਵਿੱਚ ਬਦਲਣਾ ਹੈ।

Unusual
Jathedar
Jagtar Singh Hawara
bargari
Sikhs

Click to read E-Paper

Advertisement

International