ਸਿੱਖੋਂ ! ਰਾਜਸੀ ਤਾਕਤਾਂ ਤੋ ਬਿਨ੍ਹਾਂ ਕੋਈ ਮੰਗ ਮੰਨੀ ਨਹੀ ਜਾਣੀ...

ਜਸਪਾਲ ਸਿੰਘ ਹੇਰਾਂ
ਕਾਰਣ ਕੋਈ ਵੀ ਰਹੇ  ਹੋਣ, ਪ੍ਰੰਤੂ ਇਸ ਸੱਚ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਬਰਗਾੜੀ ਮੋਰਚਾ, ਕੌਮ ਦੀਆਂ ਆਸਾਂ ਉਮੀਦਾਂ ਨੂੰ ਤੋੜਦਾ ਹੋਇਆ ਬੀਤੇ ਦੀ ਗੱਲ ਬਣ ਗਿਆ ਹੈ। ਪ੍ਰਾਪਤੀਆਂ ਤੋਂ ਮਾੜੀ ਗੱਲ ਇਹ ਹੋਈ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਨਾਲ ਕੌਮ 'ਚ ਫੁੱਟ ਹੋਰ ਵੱਧ ਗਈ, ਵੰਡੀਆਂ ਹੋਰ ਪੈ ਗਈਆਂ। ਪ੍ਰਗਟ ਗੁਰਾ ਕੀ ਦੇਹਿ'' ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਦਅਬੀ ਤੇ ਬੇਅਦਬੀ ਦੇ ਦੋਸ਼ੀਆਂ , ਸਾਜਿਸ਼ਘਾੜਿਆ ਤੇ ਸਰਪ੍ਰਸਤਾਂ ਦੀ ਗ੍ਰਿਫ਼ਤਾਰੀ ਨਾ ਹੋਈ, ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਦਾ ਦੋਸ਼ੀਆਂ 'ਚ ਨਾਮ ਨਾ ਆਉਣਾ, ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਦੀਆਂ ਕਾਲ ਕੋਠੀਆਂ 'ਚ ਸੜ੍ਹ ਰਹੇ, ਸਿੱਖ ਸੰਘਰਸ਼ੀ ਨੌਜਵਾਨ ਜਿਹੜੇ ਹੁਣ ਬਾਬੇ ਬਣ ਚੁੱਕੇ ਹਨ।  ਉਨ੍ਹਾਂ ਦੀ ਰਿਹਾਈ ਨਾ ਹੋਣਾ। ਇਤਿਹਾਸਕ ਨਮੋਸ਼ੀ ਵਾਲੀਆਂ, ਘਟਨਾਵਾਂ ਹਨ। ਜਿੰਨ੍ਹਾਂ ਨੂੰ ਲੈ ਕੇ ਇਤਿਹਾਸ ਵਰਤਮਾਨ ਸਮੇਂ ਦੀ ਸਮੁੱਚੀ ਸਿੱਖ ਕੌਮ ਨੂੰ ਕਟਿਹਰੇ 'ਚ ਖੜ੍ਹਾ ਕਰੂੰਗਾ। ਸਾਡੇ ਕਿਸੇ ਪਾਸ ਕੋਈ ਜਵਾਬ ਨਹੀਂ ਹੋਵੇਗਾ। ਆਗੂਆਂ ਦੀ ਗ਼ੱਦਾਰੀ ਸਿੱਖ ਕੌਮ 'ਚ ਨਵੀ ਗੱਲ ਨਹੀਂ। ਜੇ ਕੌਮ ਵਾਰ-ਵਾਰ ਇਸੇ ਗ਼ੱਦਾਰੀ ਦਾ ਸ਼ਿਕਾਰ ਹੋ ਰਹੀ ਹੈ। ਫ਼ਿਰ ਦੋਸ਼ੀ ਕੌਣ ਮੰਨਿਆ ਜਾਵੇ? ਬਿਨ੍ਹਾਂ ਸ਼ੱਕ ਬਰਗਾੜੀ ਮੋਰਚੇ ਦੀਆਂ ਉਪਰੋਕਤ ਮੰਗਾਂ ਧਾਰਮਿਕ ਤੇ ਕੌਮੀ ਹਨ, ਪ੍ਰੰਤੂ ਸਾਨੂੰ ਯਾਦ ਰੱਖਣਾ ਪਵੇਗਾ ਕਿ ਧਾਰਮਿਕ ਮੰਗਾਂ ਦੀ ਪੂਰਤੀ ਵੀ ਤਦ ਹੀ ਹੁੰਦੀ ਹੈ ਜੇ ਤੁਸੀ ਰਾਜਸੀ ਤੌਰ ਤੇ ਤਾਕਤਵਰ ਹੋ। ਰਾਜਨੀਤੀ ਤੇ ਧਰਮ ਦਾ ਡੰਡਾ ਜ਼ਰੂਰ ਹੋਣਾ ਚਾਹੀਦਾ ਹੈ, ਨਹੀ ਤਾਂ ਰਾਜਨੀਤੀ ਅੱਜ ਵਾਗੂੰ ਆਪ ਮੁਹਾਰੀ ਤੇ ਭ੍ਰਿਸ਼ਟ ਹੋ ਜਾਂਦੀ ਹੈ। ਪ੍ਰੰਤੂ ਰਾਜਸੀ ਤਾਕਤ ਤੋ ਬਿਨ੍ਹਾਂ ਧਰਮ ਦੀ ਰੱਖਿਆ ਵੀ ਨਹੀਂ ਕੀਤੀ ਜਾ ਸਕਦੀ। ਇਸੇ ਲਈ ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਦਾ ਸਿਧਾਂਤ ਕੌਮ ਦੀ ਅਗਵਾਈ ਲਈ ਸਿਰਜਿਆ ਸੀ।

ਵਾਰ-ਵਾਰ ਸੰਘਰਸ਼ ਵਿੱਢਕੇ, ਸੰਘਰਸ਼ ਨੂੰ ਸਿਖ਼ਰਾਂ ਤੇ ਪਹੁੰਚਾਕੇ ਫ਼ਿਰ ਧੋਖਾ ਖਾ ਕੇ, ਕੌਮ ਨਿਰਾਸ਼ਤਾ ਦੀ ਖੱਡ 'ਚ ਡਿੱਗੀ ਹੋਈ ਹੈ। ਪ੍ਰੰਤੂ ਕੀ ਅਸੀਂ ਉਨ੍ਹਾਂ ਕਮਜ਼ੋਰਾਂ, ਕਾਇਰਾਂ, ਡਰਪੋਕਾਂ ਤੇ ਗ਼ਦਾਰਾਂ ਦੀ ਕਤਾਰ 'ਚ ਖੜ੍ਹੇ ਹੋਵਾਂਗੇ, ਜਿੰਨ੍ਹਾਂ ਦੇ ਮੱਥੇ ਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਾਂਹ ਲੈ ਸਕਣ ਦਾ ਕਾਲਾ ਧੱਬਾ ਲੱਗੇਗਾ? ਕੀ ਦਸਮੇਸ਼ ਪਿਤਾ ਦਾ ਨਿਰਭਉ ਖ਼ਾਲਸਾ, ਐਨਾ ਨਿਤਾਣਾ ਤੇ ਨਿਮਾਣਾ ਹੋ ਸਕਦਾ ਹੈ। ਇਹ ਜੰਗ ਗੁਰੂ ਦੇ ਨਾਮ ਤੇ ਸ਼ੁਰੂ ਹੋਈ ਹੈ, ਇਸ ਜੰਗ 'ਚ ਹਾਰਨਾ ਜਾਂ ਇਸ ਜੰਗ 'ਚੋ ਭੱਜਣਾ ਵਰਗੀ ਲਾਹਨਤ ਹੋਰ ਕੋਈ ਨਹੀਂ ਹੋ ਸਕਦੀ। ਇਤਿਹਾਸ ਨੇ ਸਾਨੂੰ ਮਾਫ਼ ਨਹੀਂ ਕਰਨਾ। ਪ੍ਰੰਤੂ ਜਿਵੇਂ ਅਸੀਂ ਉਪਰ ਲਿਖਿਆ ਹੈ, ਇਸ ਦੁਨੀਆਂ 'ਚ ਕਮਜ਼ੋਰਾਂ ਲਈ ਕੋਈ ਥਾਂ ਨਹੀਂ। ਜੇ ਤੁਸੀ ਰਾਜਸੀ ਤੌਰ ਤੇ ਜ਼ੀਰੋ ਹੋ ਗਏ ਤਾਂ ਤੁਹਾਡੀ ਕੋਈ ਹੋਂਦ ਜਾਂ ਔਕਾਤ ਨਹੀ ਰਹਿ ਜਾਣੀ। ਬਰਗਾੜੀ ਮੋਰਚੇ ਵਾਲੀਆਂ ਕੌਮੀ ਮੰਗਾਂ ਦੀ ਪ੍ਰਾਪਤੀ ਤੋਂ ਬਿਨ੍ਹਾਂ ਸਾਡੇ ਜਿਉਣ ਦਾ ਕੋਈ ਹੱਜ ਨਹੀ ਹੈ। ਇੰਨ੍ਹਾਂ ਮੰਗਾਂ ਦੀ ਪ੍ਰਾਪਤੀ ਸਾਨੂੰ ਹਰ ਹੀਲੇ ਹਰ ਮੁੱਲ ਤਾਰ ਕੇ ਕਰਨੀ ਪੈਣੀ ਹੈ। ਸਾਡੇ ਸਾਹਮਣੇ ਪੰਥ ਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਦਾ ਇਸ ਤੋਂ ਵੀ ਵੱਡਾ ਸਵਾਲ ਖੜ੍ਹਾ ਹੈ। ਜੇ ਪੰਥ ਤੇ ਪੰਜਾਬ ਦੇ ਵਾਰਿਸ ਘੂਕ ਸੁੱਤੇ ਰਹੇ ਜਾਂ ਨਿਮਾਣੇ ਤੇ ਨਿਤਾਣੇ ਬਣਕੇ ਸਿਰ ਸੁੱਟ ਗਏ, ਫ਼ਿਰ ਸਾਡੀ ਹੋਂਦ ਨੂੰ ਕੌਣ ਬਚਾਊਗਾ? ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਰਾਜਸੀ ਤਾਕਤ ਜ਼ਰੂਰੀ ਹੈ? ਪ੍ਰੰਤੂ ਇਸ ਸਮੇਂ ਪੰਜਾਬ 'ਚ ਪੰਥਕ ਸਿਆਸਤ ਦਾ ਵਿਹੜਾ ਖ਼ਾਲੀ ਪਿਆ ਹੈ।  2019 ਦੀਆਂ ਲੋਕ ਸਭਾ ਚੋਣਾਂ ਮਾਰੋ-ਮਾਰ ਕਰਦੀਆਂ ਸਿਰ ਤੇ ਆ ਰਹੀਆਂ ਹਨ। ਪ੍ਰੰਤੂ ਪੰਥ 'ਚ ਉਲਟਾ ਫੁੱਟ, ਧੜੇਬੰਦੀ  ਤੇ ਅੰਦੂਰਨੀ ਕਾਟੋ ਕਲੇਸ਼ ਵੱਧਦਾ ਜਾ ਰਿਹਾ ਹੈ। ਹਊਮੈਂ 'ਚ ਗ੍ਰਰਸੇ ਆਗੂ ਇੱਕ ਦੂਜੇ ਨੂੰ ਨੀਵਾ ਵਿਖਾਉਣ ਤੇ ਆਪਣਾ ਮੁੱਲ ਪਵਾਉਣ 'ਚ ਲੱਗੇ ਹੋਏ ਹਨ।

ਬਰਗਾੜੀ ਮੋਰਚੇ ਦਾ ਫ਼ਲਾਪ ਹੋਣਾ ਦੋ-ਚਾਰ ਆਗੂਆਂ ਦੀ ਗ਼ਲਤੀ ਜਾਂ ਗ਼ੱਦਾਰੀ ਹੋ ਸਕਦੀ ਹੈ। ਉਸਦੀ ਸਜ਼ਾ ਉਨ੍ਹਾਂ ਆਗੂਆਂ ਨੂੰ ਦਿੱਤੀ ਜਾ ਸਕਦੀ ਹੈ, ਪੂਰੀ ਕੌਮ ਦਾ ਕੀ ਕਸੂਰ? ਕੌਮ ਨੇ ਤਨੋ, ਮਨੋ, ਧਨੋ ਡੱਟਕੇ ਬਰਗਾੜੀ ਮੋਰਚੇ ਦਾ ਸਾਥ ਦਿੱਤਾ ਅਤੇ ਉਹ ਇਸ ਲਈ ਅੱਜ ਵੀ ਤੱਤਪਰ ਹੈ। ਵੱਡੇ-ਵੱਡੇ ਪੰਥਕ ਅਖ਼ਵਾਉਂਦੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਜਸੀ ਤਾਕਤ ਲਈ ਬਾਰਾਂ ਮਿਸ਼ਲਾਂ ਵਾਗੂੰ ਇਕੱਠੇ ਹੋਣ। ਪੰਥ ਨੂੰ ਭਰੋਸਾ ਦਿੱਤਾ ਜਾਵੇਂ ਕਿ  ਭਵਿੱਖ 'ਚ ਉਸਨੂੰ ਧੋਖਾ ਨਹੀਂ ਦਿੱਤਾ ਜਾਵੇਗਾ। ਜਦੋਂ ਤੱਕ ਕੌਮ ਨੂੰ ਭਰੋਸੇਯੋਗ, ਨਿਧੜਕ ਸੂਝਵਾਨ, ਦੂਰਅੰਦੇਸ਼ ਸਾਝਾ ਆਗੂ ਨਹੀ ਲੱਭਦਾ, ਉਦੋਂ ਤੱਕ ਸਾਂਝੀ ਅਗਵਾਈ ਨਾਲ ਪੰਥਕ ਸ਼ਕਤੀ ਨੂੰ ਇਕੱਠਾ ਕੀਤਾ ਜਾਵੇ। ਫੁੱਟ ਦੀ ਚਿੰਗਾਰੀ ਨੂੰ ਭਾਂਬੜ ਬਣਾਉਣ ਵਾਲੇ ਤਾਂ ਬਥੇਰੇ ਹਨ, ਪ੍ਰੰਤੂ ਏਕੇ ਦਾ ਪਾਣੀ ਪਾ ਕੇ ਚਿੰਗਾਰੀ ਨੂੰ ਸਾਂਤ ਕਰਨ ਵਾਲਾ ਕੋਈ ਵਿਖਾਈ ਨਹੀਂ ਦੇ ਰਿਹਾ। ਅਸੀ ਵਾਰ-ਵਾਰ ਹੋਕਾ ਦਿੱਤਾ ਹੈ ਕਿ ਪੰਥ ਰੂਪੀ ਪੰਛੀ ਇਕੱਲਾ ਹੈ, ਸ਼ਿਕਾਰੀ ਬਥੇਰੇ ਹਨ। ਸ਼ਿਕਾਰੀ ਦੇ ਦੰਦ ਖੱਟੇ ਕਰਨ ਲਈ ਪੰਥਕ ਏਕਤਾ ਸਭ ਤੋਂ ਵੱਡਾ ਬ੍ਰਹਮ ਅਸਤਰ ਹੈ। ਬਰਗਾੜੀ ਮੋਰਚੇ ਦੇ ਹਸ਼ਰ ਨੂੰ ਛੱਡਕੇ, ਉਸਦੀਆਂ ਕੌਮੀ ਮੰਗਾਂ ਨੂੰ ਏਜੰਡਾ ਬਣਾਕੇ ਸਾਰੀਆਂ ਪੰਥਕ ਧਿਰਾਂ ਨੂੰ ਇਸ ਸਾਂਝੇ ਪਲੇਟਫਾਰਮ ਤੇ ਇਕੱਠਾ ਹੋਣ ਦਾ ਹੋਕਾ ਦਿੱਤਾ ਜਾਵੇ।

ਇੰਨ੍ਹ੍ਹਾਂ ਮੰਗਾਂ ਦੀ ਪੂਰਤੀ ਤੱਕ ਹੋਰ ਕੋਈ ਗੱਲ ਨਾਂਹ ਕੀਤੀ ਜਾਵੇ, ਹੋਕਾ ਦੇਣ ਦੀ ਪਹਿਲ ਕੋਈ ਵੀ ਕਰ ਲਵੇ, ਪ੍ਰੰਤੂ ਸਾਰੀਆਂ ਪੰਥਕ ਧਿਰਾਂ ਇਸਨੂੰ ਭਰਵਾਂ ਹੁੰਗਾਰਾ ਦੇਣ। ਜੇ ਹੋ ਸਕੇ ਤਾਂ ਇੰਨ੍ਹਾਂ ਮੰਗਾਂ ਨੂੰ ਹੀ ਸਾਹਮਣੇ ਰੱਖਕੇ ਲੋਕ ਸਭਾ ਚੋਣਾਂ 'ਚ ਕੁੱਦਿਆ ਜਾਵੇ। ਜੇ ਅਸੀਂ ਥੋੜੀ ਬਹੁਤ ਹੀ ਰਾਜਸੀ ਤਾਕਤ ਹਾਸਲ ਕਰ ਲੈਂਦੇ ਹਾਂ ਤਾਂ ਸਮੇਂ ਦੀਆਂ ਹਾਕਮ ਧਿਰਾਂ ਦੇ ਗਲ 'ਚ ਅਗੂੰਠਾ ਦੇ ਕੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਦੇ ਸਮਰੱਥ ਹੋ ਸਕਾਂਗੇ। ਪ੍ਰੰਤੂ ਇਸ ਸਮੇਂ ਸਾਰੇ ਦੁੱਖਾਂ ਦਾ ਇੱਕੋ ਦਾਰੂ 'ਕੌਮ 'ਚ ਏਕਾ '' ਹੈ।

Editorial
Jaspal Singh Heran

Click to read E-Paper

Advertisement

International