ਕੁਝ ਨੇ ਇੱਕ ਵੋਟ ਲਈ ਕੁਝ ਨੇ ਇੱਕ ਬੋਤਲ ਲਈ, ਭੁਲਾ ਦਿੱਤਾ ਸ਼ਾਹਿਬਜਾਦਿਆਂ ਦੀ ਮਾਸੂਮ ਸ਼ਹਾਦਤ ਨੂੰ

ਜਸਪਾਲ ਸਿੰਘ ਹੇਰਾਂ
7 ਅਤੇ 9 ਸਾਲ ਦੇ ਛੋਟੇ-ਛੋਟੇ ਮਾਸੂਮ ਬੱਚਿਆਂ ਨੇ ਸਿੱਖੀ ਦੇ ਮਹਿਲ ਦੀਆਂ ਬੁਨਿਆਦਾਂ ਨੂੰ ਸਦੀਵੀ ਪਕੇਰਾ ਕਰਨ ਲਈ  ਆਪਣੀ ਮਾਸੂਮ ਸ਼ਹਾਦਤ ਦਿੱਤੀ। ਉਸ ਮਾਸੂਮ ਸ਼ਹਾਦਤ ਦੀ ਦ੍ਰਿੜਤਾ ਅੱਗੇ ਸਰਹਿੰਦ ਦੀ ਖੂਨੀ ਦੀਵਾਰ ਹਾਰੀ ਹੋਵੇ, ਹੰਕਾਰੀ ਵਜ਼ੀਰ ਖਾਨ ਦਾ ਹੰਕਾਰ ਟੁੱਟਿਆ ਹੋਵੇ, ਧਰਤੀ ਕੰਬੀ ਹੋਵੇ, ਅਸਮਾਨ ਰੋਇਆ ਹੋਵੇ, ਉਸ ਮਹਾਨ ਮਾਸੂਮ ਸ਼ਹਾਦਤ ਨੂੰ ਯਾਦ ਕਰਨ ਦੀ ਥਾਂ ਕੌਮ, ਵੋਟਾਂ ਦੀ ਖੇਡ, ਖੇਡ ਰਹੀ ਹੋਵੇ, ਵੋਟਾਂ ਲਈ ਸ਼ਰਾਬਾਂ ਤੇ ਨਸ਼ੇ ਵੰਡੇ ਜਾ ਰਹੇ ਹੋਣ, ਵੋਟਾਂ ਦੇਣ ਵਾਲੇ ਮੁਫ਼ਤ ਦੀ ਦਾਰੂ ਪੀ ਕੇ ਲਲਕਾਰੇ ਮਾਰਦੇ ਹੋਣ, ਤਾਂ ਕੀ ਨਤੀਜਾ ਕੱਢਿਆ ਜਾਵੇ? ਕੀ ਇੱਕ ਵੋਟ ਲਈ ਜਾਂ ਫ਼ਿਰ ਬੋਤਲ ਲਈ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਭੁਲਾਇਆ ਜਾ ਸਕਦਾ ਹੈ? ਰਾਜਨੀਤੀ ਇੱਕ ਵਾਰ ਫ਼ਿਰ ਧਰਮ ਤੇ ਭਾਰੂ ਪੈ ਗਈ। ਹੁਣ ਜਦੋਂ ਹਾਈਕੋਰਟ ਨੇ ਰੱਦ ਨਾਮਜ਼ਦਗੀ ਕਾਗਜ਼ਾਂ ਦੀ ਮੁੜ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਵੀ ਵੋਟਾਂ ਕੁਝ ਦਿਨਾਂ ਲਈ ਅੱਗੇ ਪੈਣ ਦੀ ਸੰਭਾਵਨਾ ਬਣ ਹੀ ਗਈ ਹੈ। ਪ੍ਰੰਤੂ ਸ਼ਹੀਦੀ ਪੰਦਰਵਾੜਾ, ਸਾਡੇ ਲਈ ਐਨੀ ਮਹੱਤਤਾ ਵੀ ਨਹੀਂ ਰੱਖਦਾ ਕਿ ਉਸ ਪੰਦਰਵਾੜੇ ਨੂੰ ਅਸੀਂ ਸ਼ਹਾਦਤਾਂ ਦੀ ਰੁੱਤ ਐਲਾਨ ਕੇ ਸਾਰੇ ਜਸ਼ਨ ਤੇ ਸ਼ਗਨ ਰੋਕ ਦੇਈਏ। ਕੀ ਸਾਨੂੰ ਇਹ ਅਹਿਸਾਸ ਹੋਣ ਤੋਂ ਹੱਟ ਗਿਆ ਹੈ ਕਿ ਇੱਕ ਬਾਪ ਪਹਿਲਾ ਆਪਣੇ ਵੱਡੇ ਪੁੱਤਰ ਨੂੰ ਤੇ ਫ਼ਿਰ ਉਸਤੋਂ ਛੋਟੇ ਪੁੱਤਰ ਨੂੰ ਸ਼ਹੀਦ ਹੋਣ ਲਈ  ਖ਼ੁਦ ਥਾਪੜਾ ਦੇ ਕੇ ਤੋਰਦਾ ਹੈ ਅਤੇ ਫ਼ਿਰ ਅੱਖੀ ਉਨ੍ਹਾਂ ਨੂੰ ਸ਼ਹਾਦਤ ਦੇ ਜਾਮ ਪੀਦੇ ਤੱਕਦਾ ਹੈ। ਉਹੀ ਬਾਪ ਆਪਣੇ ਪੁੱਤਾਂ ਦੀਆਂ ਮ੍ਰਿਤਕਾਂ ਦੇਹਾਂ ਦੇ ਨੇੜਿਓ ਨਿਰਲੇਪ ਹੋ ਕੇ ਲੰਘਦਾ ਹੈ ਅਤੇ ਮਾਛੀਵਾੜੇ ਦੇ ਜੰਗਲਾਂ 'ਚ ਰੱਬ ਨੂੰ ਉਲਾਂਭਾ ਦੇਣ ਦੀ ਥਾਂ ਸ਼ੁਕਰਾਨਾ ਕਰਦਾ ਹੈ। ਉਹੀ ਬਾਪ, ਇਹ ਵੀ ਆਖਦਾ ਹੈ ਕਿ ਮੈਂ ਆਪਣੇ ਚਾਰ ਪੁੱਤਰ ਆਪਣੇ ਖ਼ਾਲਸਾ ਪੰਥ ਤੋਂ ਵਾਰੇ ਹਨ। ਕੀ ਸਾਨੂੰ ਹੁਣ ਯਾਦ ਨਹੀਂ ਕਿ 7 ਤੇ 9 ਸਾਲ ਦੇ ਮਾਸੂਮ ਬੱਚਿਆਂ ਨੇ ਸਰਹਿੰਦ ਦੀਆਂ ਨੀਹਾਂ 'ਚ ਕੌਮ ਦੀ ਚੜ੍ਹਦੀ ਕਲਾਂ ਦੇ ਜੈਕਾਰੇ ਲਾ ਕੇ ਸ਼ਹਾਦਤ ਪ੍ਰਾਪਤ ਕੀਤੀ। ਕੀ ਅਸੀਂ ਕਲਗੀਆਂ ਵਾਲੇ ਦੀ ਦੇਣ ਨੂੰ ਭੁੱਲ ਗਏ ਹਾਂ?

ਅੱਜ ਅਸੀਂ ਪੰਚੀ, ਸਰਪੰਚੀ ਵਰਗੀਆਂ ਚੌਧਰਾਂ ਲਈ ਦਰ-ਦਰ ਦੇ ਮੰਗਤੇ ਤਾਂ ਬਣੇ ਫ਼ਿਰਦੇ ਹਾਂ, ਪ੍ਰੰਤੂ ਇਹ ਭੁੱਲ ਗਏ ਹਾਂ ਕਿ ਦਸਮੇਸ਼ ਪਿਤਾ ਨੇ ਤਾਂ ਸਾਨੂੰ ਦੁਨੀਆਂ ਦੀ 'ਸਿਰਦਾਰੀ' ਬਖ਼ਸੀ ਸੀ। ਫ਼ਿਰ ਅਸੀਂ ਐਨੇ ਭੁੰਜੇ ਕਿਉਂ ਡਿੱਗ ਪਏ ਹਾਂ? ਸਾਨੂੰ ਇਹ ਅਹਿਸਾਸ ਕਿਉਂ ਨਹੀਂ ਹੋ ਰਿਹਾ ਕਿ ਸਾਹਿਬਜ਼ਾਦੇ ਸਮੁੱਚੀ ਕੌਮ ਦੇ ਲਾਲ ਸਨ। ਭਾਵੇਂ ਉਨ੍ਹਾਂ ਦੀ ਅਸਮਾਨੋ ਉੱਚੀ ਦ੍ਰਿੜਤਾ, ਕੁਰਬਾਨੀ ਬਹਾਦਰੀ, ਸੂਝ ਤੇ ਸ਼ਹਾਦਤ ਨੇ ਉਨ੍ਹਾਂ ਨੂੰ ''ਬਾਬੇ'' ਬਣਾ ਦਿੱਤਾ, ਪ੍ਰੰਤੂ ਸਭ ਤੋਂ ਪਹਿਲਾ ਉਹ ''ਲਾਲ'' ਹਨ। ਫ਼ਿਰ ਸਾਡੇ ਕਾਲਜੇ 'ਚ ਇੰਨ੍ਹਾਂ ਦਿਨਾਂ 'ਚ ਖੁਸ਼ੀਆਂ ਮਨਾਉਂਦੇ, ਨਸ਼ੇ ਕਰਦਿਆ ਜਾਂ ਨਸ਼ੇ ਵੰਡਦਿਆ ਚੀਸ ਕਿਉਂ ਨਹੀਂ ਪੈਂਦੀ। ਸਾਡਾ ਦੀਨ-ਇਮਾਨ ਐਨਾ ਵਿਕਾਊ ਹੋ ਗਿਆ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਸੀਂ ਸਿਰਫ਼ ਇੱਕ ਵੋਟ ਜਾਂ ਇੱਕ ਬੋਤਲ ਬਦਲੇ ਹੀ ਵਿਸਾਰ ਛੱਡਿਆ। ਗਿਆਨ ਦੇ, ਸ਼ਹਾਦਤਾਂ ਦੇ, ਅਨਮੋਲ ਖਜ਼ਾਨੇ ਦੀ ਵਾਰਿਸ ਸਿੱਖ ਕੌਮ ਦੀ ਜੇ ਅੱਜ ਝੋਲੀ ਖ਼ਾਲੀ ਹੈ, ਤਾਂ ਉਸਦਾ ਵੀ ਇੱਕੋ ਕਾਰਨ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ ਹਾਂ। ਸਾਡੀਆਂ ਸਾਰੀਆਂ  ਸ਼ਹਾਦਤਾਂ ਦੀਨ ਦੀ ਰਾਖੀ ਲਈ ਹੋਈਆਂ। ਸ਼ਹਾਦਤ ਦੇਣ ਵਾਲੇ ਨੇ ਦੀਨ ਛੱਡ ਕੇ ਈਨ ਕਬੂਲ ਨਹੀ ਕੀਤੀ। ਪ੍ਰੰਤੂ ਅਸੀਂ ਅੱਜ ਬੋਤਲ ਬਦਲੇ ਹੀ ਦੀਨ ਤਿਆਗੀ ਜਾ ਰਹੇ ਹਾਂ। ਕੋਈ ਸਾਹਿਬਜ਼ਾਦਿਆਂ ਦੀ ਲਾਸਾਨੀ ਤੇ ਮਾਸੂਮ ਸ਼ਹਾਦਤ ਨੂੰ ਕਿਵੇਂ ਯਾਦ ਕਰਦਾ ਹੈ? ਇਸ ਲਈ ਉਸ ਅਸਮਾਨੋ ਉੱਚੀ ਸ਼ਹਾਦਤ ਨੂੰ ਕੋਈ ਫ਼ਰਕ ਨਹੀ ਪੈਣ ਵਾਲਾ। ਪ੍ਰੰਤੂ ਅਸੀਂ ਜਿਹੜੇ ਉਨ੍ਹਾਂ ਸ਼ਹਾਦਤਾਂ ਦੇ ਕਰਜ਼ਾਈ ਹਾਂ, ਜ਼ਰੂਰ ਅਕ੍ਰਿਤਘਣਾਂ ਤੇ  ਬੇਈਮਾਨਾਂ ਦੀ ਕਤਾਰ 'ਚ ਜਾ ਖੜ੍ਹੇ ਹੁੰਦੇ ਹਾਂ। ਜਿੰਨ੍ਹਾਂ ਦਿਨਾਂ 'ਚ ਅਸੀਂ ਆਪਣੇ ਬੱਚਿਆਂ ਨੂੰ ਸ਼ਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣੀਆਂ ਸੀ, ਉਨ੍ਹਾਂ ਦਿਨਾਂ 'ਚ ਅਸੀਂ ਨਸ਼ੇ ਨਾਲ ਧੁੱਤ ਹਾਂ। ਫ਼ਿਰ ਅਸੀ ਆਪਣੀ ਨਵੀਂ ਪੀੜ੍ਹੀ ਤੋਂ ਇਹ ਉਮੀਦ ਕਿਵੇਂ ਕਰਦੇ ਹਾਂ ਕਿ ਉਹ ਆਪਣੇ ਮੂਲ ਨਾਲ ਜੁੜੀ ਰਹੇ। ਦਾਦੀ ਦਾ ਸੁਨੇਹਾ ਆਖ਼ਰ ਕੌਣ ਅੱਗੇ ਤੱਕ ਪੁੱਜਦਾ ਕਰੂੰਗਾ। ਸਾਡੇ ਸਾਹਮਣੇ ਮੁਸਲਮਾਨ ਧਰਮ ਦੇ ਪੈਰੋਕਾਰਾਂ ਵੱਲੋਂ ਆਪਣੇ ਪੈਗੰਬਰ ਦੀ ਯਾਦ 'ਚ ਮਨਾਈ ਜਾਂਦੀ ਮੁਹੱਰਮ ਤੇ ਈਸਾਈ ਧਰਮ ਦੇ ਪੈਰੋਕਾਰਾਂ ਵੱਲੋਂ ਮਨਾਈ ਜਾਂਦੀ ਕ੍ਰਿਸਮਿਸ ਦੀਆਂ ਉਦਾਹਰਨਾਂ ਹਨ।  

ਭਾਵੇਂ ਕਿ ਸ਼ਾਹਿਬਜਾਦਿਆਂ ਦੀ ਸ਼ਹਾਦਤ ਦਾ ਇੰਨ੍ਹਾਂ ਸ਼ਹਾਦਤ ਨਾਲ ਕੋਈ ਮੁਕਾਬਲਾ ਨਹੀਂ। ਸਿੱਖੀ ਦੇ ਆਪਣੇ ਸੁਨਿਹਰੇ ਸਿਧਾਂਤ ਹਨ। ਸਿੱਖ ਨੂੰ ਚਾਉ ਨਾਲ ਸ਼ਹਾਦਤ ਦੇਣ ਦੀ ਗੁੜ੍ਹਤੀ ਵਿਰਸੇ ਚੋ ਮਿਲੀ ਹੋਈ ਹੈ। ਪ੍ਰੰਤੂ ਛੋਟੇ ਸ਼ਾਹਿਬਜਾਦਿਆਂ ਦੀ ਸ਼ਹਾਦਤ ਦੁਨੀਆਂ ਦੀ ਇੱਕੋ-ਇੱਕ ਮਾਸੂਮ ਸ਼ਹਾਦਤ ਹੈ। ਇਸ ਲਈ ਇਸ ਸ਼ਹਾਦਤ ਦੀ ਵਿਲੱਖਣਤਾ ਤੇ ਸ਼ਹਾਦਤ ਦੇਣ ਵਾਲ੍ਹਿਆਂ ਦੀ ਦ੍ਰਿੜਤਾ ਦੀ ਦੁਨੀਆਂ 'ਚ ਹੋਰ ਕੋਈ ਮਿਸ਼ਾਲ ਨਹੀਂ। ਫ਼ਿਰ ਕਮੀ ਕਿਥੇ ਰਹਿ ਗਈ ਹੈ? ਕਿ ਅਸੀਂ ਦੁਨੀਆਂ 'ਚ ਇਸ ਵਿਲੱਖਣਤਾ ਨੂੰ, ਇਸ ਮਹਾਨਤਾ ਨੂੰ ਲੈ ਕੇ ਜਾਣ ਦੇ ਸਮਰੱਥ ਨਹੀ ਹੋ ਸਕੇ। ਕਾਰਣ ਹੁਣ ਸਾਡੇ ਸਾਹਮਣੇ ਹੈ ਕਿ ਅਸੀਂ ਸਰਬੰਸਦਾਨੀ ਦੇ ਕੌਤਕਾਂ ਨੂੰ, ਸੁਨੇਹਿਆਂ ਨੂੰ, ਅਗਵਾਈ ਨੂੰ, ਆਪਣੇ ਮਨਾਂ 'ਚ ਵਸਾ ਹੀ ਨਹੀਂ ਸਕੇ। ਅਸੀ ਉਸਦੇ ਝੂਠਮੂਠ ਦੇ ਪੁੱਤਰ ਬਣੇ ਹੋਏ ਹਾਂ, ਜਦੋਂ ਕਿ ਅਸਲ 'ਚ ਅਸੀਂ ਉਸਨੂੰ ਬੇਦਾਵਾ ਦੇ ਚੁੱਕੇ ਹਾਂ। ਜੇ ਬੇਦਾਵਾ ਨਾ ਦਿੱਤਾ ਹੁੰਦਾ ਤਾਂ ਹਰ ਪਿੰਡ 'ਚ ਸਿਆਣੇ ਸੂਝਵਾਨ ਲੋਕ ਇਹ ਫੈਸਲਾ ਜ਼ਰੂਰ ਲਾਗੂ ਕਰਵਾ ਲੈਂਦੇ ਕਿ ਸਰਕਾਰ ਨੇ ਤਾਂ ਵੋਟਾਂ ਅੱਗੇ ਪਿੱਛੇ ਕਰਨ ਦੀ ਸਾਡੀ ਮੰਗ ਨਹੀਂ ਮੰਨੀ, ਪ੍ਰੰਤੂ ਅਸੀਂ ਸ਼ਹਾਦਤਾਂ ਦੀ ਰੁੱਤ 'ਚ ਪਿੰਡਾਂ 'ਚ ਕਿਸੇ ਕਿਸਮ ਦਾ ਨਸ਼ਾ ਵੰਡਣ ਅਤੇ ਵਰਤਣਾ ਨਹੀ ਦੇਣਾ। ਪ੍ਰੰਤੂ ਪਿੰਡਾਂ ਦੇ ਸਿਆਣੇ ਲੋਕਾਂ ਨੇ ਵੀ ਆਪਣੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਮੁਨਾਦੀ ਕਰਵਾ ਕੇ ਹੀ ਪੂਰੀ ਹੋਈ ਸਮਝ ਲਈ। ਇਹ ਠੀਕ ਹੈ ਲੱਖਾਂ ਸੰਗਤਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਫ਼ਤਹਿਗੜ੍ਹ ਸਾਹਿਬ ਪੁੱਜਦੀਆਂ ਹਨ। ਉਹ ਸਾਰੀਆਂ ਧੰਨਤਾ ਦੇ ਯੋਗ ਹਨ। ਪ੍ਰੰਤੂ ਕੀ ਇਹ ਸੰਗਤਾਂ ਆਪੋ-ਆਪਣੇ ਪਿੰਡਾਂ 'ਚ ਨਸ਼ਿਆਂ ਵਿਰੁੱਧ, ਜਸ਼ਨਾਂ ਤੇ ਸ਼ਗਨਾਂ ਵਿਰੁੱਧ ਲਹਿਰ ਨਹੀਂ ਖੜ੍ਹੀ ਕਰ ਸਕਦੀਆਂ? ਮੈਨੂੰ ਕੀ? ਵਾਲੀ ਭਾਵਨਾਵਾਂ ਸਾਡੀ ਸ਼ਰਧਾ ਨੂੰ ਗ੍ਰਹਿਣ ਲਾਉਂਦੀ ਹੈ। ਅਸੀਂ ਹਰ ਵਰ੍ਹੇ ਹੋਕਾ ਦਿੱਤਾ ਹੈ ਕਿ ਕੌਮ ਸ਼ਾਹਿਬਜਾਦਿਆਂ ਦੀ ਸ਼ਹਾਦਤ ਲਈ ਇੱਕ ਸਰਬਸਾਂਝਾ ਵਿਲੱਖਣ ਯੋਗ ਤਰੀਕਾ ਅਪਨਾਵੇਂ, ਤਾਂ ਕਿ ਇੰਨ੍ਹਾਂ ਲਾਸ਼ਾਨੀ ਸ਼ਹਾਦਤਾਂ ਦੀ ਮਹਾਨਤਾ ਨੂੰ ਸਮੁੱਚੀ ਦੁਨੀਆਂ ਤੱਕ ਪਹੁੰਚਾਇਆ ਜਾਵੇ। ਜੇ ਇਨ੍ਹਾਂ ਸ਼ਹਾਦਤਾਂ ਸਮੇਂ, ਸਮਾਂ ਤੇ ਪੌਣ ਰੁੱਕ ਸਕਦੇ ਹਨ ਤਾਂ ਅਸੀਂ ਜਿਹੜੇ  ਉਨ੍ਹਾਂ ਸ਼ਹਾਦਤਾਂ ਦੇ ਵਾਰਿਸ ਹਾਂ, ਪੂਰੇ ਸਾਲ 'ਚ ਦੋ-ਚਾਰ ਮਿੰਟ ਨਹੀਂ ਕੱਢ ਸਕਦੇ। 27-28 ਦਸੰਬਰ ਦਾ ਦਿਨ ਸਾਹਿਬਜ਼ਾਦਿਆਂ ਦੀ ਯਾਦ 'ਚ ਨਸ਼ਾ ਤੇ ਖੁਸ਼ੀ ਮੁਕਤ ਮਨਾਓ। ਸਾਡੀ ਕਲਮ ਦੀ ਪੀੜ ਹੈ ਕਿ ਸਿੱਖਾਂ ਅੱਗੇ ਵੀ ਇੰਨ੍ਹਾਂ ਦਿਨਾਂ ਦੀ ਪੀੜਾਂ ਨੂੰ ਯਾਦ ਕਰਵਾਉਣ ਲਈ ਹੋਕਾ ਦੇਣਾ ਪੈ ਰਿਹਾ ਹੈ। ਕਿਸੇ ਦੂਜੇ ਵੱਲ ਵੇਖੇ ਤੋਂ ਬਿਨ੍ਹਾਂ ਹਰ ਕੋਈ ਆਪਣੇ-ਆਪ ਨਾਲ ਪ੍ਰਣ ਕਰੇ ਕਿ ਉਹ ਸਾਹਿਬਜ਼ਾਦਿਆਂ ਦੀ ਯਾਦ ਨੂੰ ਕਦੇ ਭੁਲਾਵੇਗਾ ਨਹੀਂ। ਬੱਸ ਐਨਾ ਹੀ ਬਹੁਤ ਹੈ। 

Editorial
Jaspal Singh Heran

Click to read E-Paper

Advertisement

International