ਦਾਦੀ ਮਾਂ ਦਾ ਸੁਨੇਹਾ...

ਜਸਪਾਲ ਸਿੰਘ ਹੇਰਾਂ
ਦਾਦੀ ਪੋਤਿਆਂ ਦੇ ਰਿਸ਼ਤੇ ਦੀ ਗੱਲ ਜਦੋਂ ਵੀ ਦੁਨੀਆਂ 'ਚ ਕਿਧਰੇ ਤੁਰੂਗੀ ਤਾਂ ਉਹ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਹੋਵੇਗੀ। ਜੇ ਕਿਸੇ ਔਰਤ ਦੀ ਅਡੋਲਤਾ ਦੀ ਗਾਥਾ ਸੁਣਾਈ ਜਾਊਗੀ ਤਾਂ ਉਹ ਮਾਤਾ ਗੁਜਰੀ ਜੀ ਦੀ ਹੋਵੇਗੀ। ਜੇ ਕਿਸੇ ਔਰਤ ਦੇ ਪਹਾੜ ਵਰਗੇ ਜਿਗਰੇ ਦੀ ਉਦਾਹਰਣ ਦਿੱਤੀ ਜਾਵੇਗੀ ਤਾਂ ਉਹ ਮਾਤਾ ਗੁਜਰੀ ਜੀ ਦੀ ਹੋਵੇਗੀ। ਆਪਣੇ ਪਤੀ ਦਾ ਸੀਸ, ਝੋਲੀ ਪੁਆਉਣ ਵਾਲੀ ਮਾਤਾ ਗੁਜਰੀ ਹੀ ਸੀ, ਜਿਹੜੀ ਆਪਣੇ  ਇਕਲੌਤੇ ਲਾਲ ਗੋਬਿੰਦ ਰਾਏ, ਜਿਸਦੀ ਉਮਰ ਉਸ ਸਮੇਂ ਸਿਰਫ਼ 9 ਕੁ ਸਾਲ ਦੀ ਹੀ ਸੀ ਨੂੰ ਜਾਬਰ-ਜ਼ੁਲਮ ਹਕੂਮਤ ਵਿਰੁੱਧ ਜੰਗ-ਯੁੱਗ ਦੀਆਂ ਤਿਆਰੀਆਂ ਤੋਂ ਨਹੀਂ ਰੋਕਦੀ, ਜਾਬਰ ਹਕੂਮਤਾਂ ਨੂੰ ਕੰਬਾਉਣ ਲਈ ਰਣਜੀਤ ਨਗਰਾ ਵਜਾਉਣ ਤੋਂ ਨਹੀਂ ਵਰਜਦੀ। ਆਪਣੇ ਪੁੱਤਰ ਦੇ, ਹਰ ਜ਼ੁਲਮ-ਜਬਰ ਦੇ ਖ਼ਾਤਮੇ ਲਈ ਜਦੋਂ ਹੋਰ ਸਾਰੇ ਰਾਹ ਮੁੱਕ ਜਾਣ ਤਾਂ ਤਲਵਾਰਾਂ ਦਾ ਉਠਾਉਣਾ ਜਾਇਜ਼ ਹੈ, ਦੇ ਸਿਧਾਂਤ ਨੂੰ ਆਪਣੀ ਪ੍ਰਵਾਨਗੀ ਦਿੰਦੀ ਹੈ। ਅਨੰਦਪੁਰੀ 'ਚ ਸੰਗਤਾਂ ਲਈ ਕਦੇ ਲੰਗਰ 'ਚ ਕਿਸੇ ਕਿਸਮ ਦੀ ਤੋਟ ਨਹੀਂ ਆਉਣ ਦਿੱਤੀ ਜਾਂਦੀ। ਜਦੋਂ ਇਹ ਮਾਂ ਗੁਜਰੀ, ਦਾਦੀ ਗੁਜਰੀ ਬਣ ਜਾਂਦੀ ਹੈ ਤਾਂ ਇਹ ਦਾਦੀ ਗੁਜਰੀ ਵੱਲੋਂ ਸਿਖਾਏ ਸਬਕ ਹੀ ਸਨ ਕਿ ਸਿਰਸਾ ਨਦੀ ਕੰਢੇ, ਵੈਰੀ ਦਲ ਆਪਣੀਆਂ ਕੁਰਾਨ ਤੇ ਗਾਂ ਦੀਆਂ ਖਾਧੀਆਂ ਝੂਠੀਆਂ ਸਹੁੰਆਂ ਨੂੰ ਤੋੜ ਕੇ ਮਾਰੋ-ਮਾਰ ਕਰਦਾ , ਗੁਰੂ ਸਾਹਿਬ ਤੇ ਹੱਲਾ ਬੋਲਾ ਦਿੰਦਾ ਹੈ। ਅੰਮ੍ਰਿਤ ਵੇਲੇ ਜਦੋਂ ਦਸਮੇਸ਼ ਪਿਤਾ ਵੈਰੀ ਦਲ ਦੇ ਸਿਰ ਚੜ੍ਹ ਆਉਣ ਦੀ ਪ੍ਰਵਾਹ ਨਾ ਕਰਦਿਆਂ '' ਆਸਾ ਜੀ ਵਾਰ ਦਾ ਦੀਵਾਨ'' ਲਾ ਕੇ, ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦੇ ਹਨ ਤਾਂ ਦਾਦੀ ਦਾ ਵੱਡਾ ਪੋਤਾ ਆਪਣੇ ਪਿਤਾ ਨੂੰ ਉੱਠ ਤੁਰਨ ਲਈ ਨਹੀ ਆਖਦਾ ਸਗੋਂ ਵੈਰੀ ਦਲ ਅੱਗੇ ਉਸਨੂੰ ਠੱਲ੍ਹਣ ਲਈ ਦੀਵਾਰ ਬਣਕੇ ਖੜ੍ਹ ਜਾਂਦਾ ਹੈ।

ਮਾਤਾ ਗੁਜਰੀ ਦੀਆਂ ਅਸ਼ੀਸਾਂ ਸਦਕਾ ਹੀ 14 ਕੁ ਸਾਲ ਦਾ ਮੁੱਛ ਫੁੱਟ ਗੱਭਰੂ ਜੁਝਾਰ ਸਿੰਘ ਆਪਣੇ ਵੱਡੇ ਵੀਰ ਦੇ ਸ਼ਹੀਦ ਹੋਣ ਜਾਣ ਤੇ ਖ਼ੁਦ ਆਪਣੇ ਬਾਪ ਤੋਂ ਜੰਗ 'ਚ ਜਾਣ ਦੀ ਆਗਿਆ ਮੰਗਦਾ ਹੈ। ਦਾਦੀ ਮਾਂ ਦੀ ਉਂਗਲੀ ਲੱਗੇ ਛੋਟੇ ਸਾਹਿਬਜ਼ਾਦੇ ਜ਼ਾਬਰ ਹਾਕਮ, ਸੂਬਾ ਸਰਹਿੰਦ ਦੀ ਕਚਹਿਰੀ 'ਚ ਪੁੱਜ ਜਾਂਦੇ ਹਨ। ਪੋਹ ਦੀਆਂ ਸਰਦ ਰਾਤਾਂ ਨੂੰ ਦਾਦੀ ਮਾਂ ਦੀ ਬੁੱਕਲ ਦੇ ਨਿੱਘ ਅਤੇ ਸਿੱਖਿਆ ਨੇ ਕਿੰਨਾ ਵੱਡਾ ਜ਼ੇਰਾ ਦਿੱਤਾ ਹੋਵੇਗਾ, ਕਿ ਠੰਡੇ ਬੁਰਜ ਦੀ ਠੰਡ ਤੇ ਤਿੰਨ ਦਿਨਾਂ ਦੀ ਭੁੱਖ ਉਨ੍ਹਾਂ ਦੇ ਜ਼ੇਰੇ ਨੂੰ, ਉਨ੍ਹਾਂ ਦੇ ਹੌਂਸਲੇ ਨੂੰ, ਉਨ੍ਹਾਂ ਦੀ ਆਡੋਲਤਾ ਨੂੰ ਡੁਲਾ ਨਹੀਂ ਸਕੀ। ਨਿੱਕੇ-ਨਿੱਕੇ ਮਾਸੂਮ ਬੱਚਿਆਂ ਤੇ ਦਾਦੀ ਮਾਂ ਦੀ ਆਡੋਲਤਾ ਤੇ ਰੱਬ ਵਰਗੀ ਸ਼ਖ਼ਸੀਅਤ ਦਾ ਹੀ ਪ੍ਰਭਾਵ ਸੀ ਕਿ ਉਹ ਵਜ਼ੀਰ ਖਾਨ ਦੇ ਸੱਤਾ ਹੰਕਾਰ ਨੂੰ ਆਪਣੀ ਜੁੱਤੀ ਦੀ ਨੋਕ ਤੇ ਲੈਂਦੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਆਡੋਲਤਾ ਅੱਗੇ, ਸਰਹਿੰਦ ਦੀ ਦੀਵਾਰ ਡੋਲ ਜਾਂਦੀ ਹੈ, ਉਹ ਵੀ ਗਸ਼ ਖਾ ਕੇ ਡਿੱਗ ਪੈਦੀ ਹੈ। 72 ਘੰਟਿਆਂ 'ਚ ਤਿੰਨ ਵਾਰੀ ਸਾਹਿਬਜ਼ਾਦਿਆਂ ਨੂੰ ਵਾਰ-ਵਾਰ ਵਜ਼ੀਰ ਖਾਨ ਅੱਗੇ ਪੇਸ਼ ਕੀਤਾ ਜਾਂਦਾ ਹੈ, ਪ੍ਰੰਤੂ ਦਾਦੀ ਮਾਂ ਦੇ ਬੋਲ '' ਦੇਖਿਓ ਕਿਤੇ ਦਾਦੇ ਅਤੇ ਬਾਪ ਦੀ ਪੱਗ ਨੂੰ ਦਾਗ ਨਾ ਲੱਗ ਜਾਵੇ'' ਉਨ੍ਹਾਂ ਦੇ ਕੰਨ 'ਚ ਹਮੇਸ਼ਾ ਗੂੰਜਦੇ ਰਹਿੰਦੇ ਹਨ, ਜਿਹੜੇ ਉਨ੍ਹਾਂ ਦੀ ਅਡੋਲਤਾ ਨੂੰ ਹੋਰ ਤਾਕਤ ਦਿੰਦੇ ਹਨ। ਦਾਦੀ ਮਾਂ ਆਪਣੇ ਪੋਤਿਆਂ 'ਚ ਇਹੋ ਜਿਹੀ ਸਪਰਿਟ ਭਰ ਸਕਦੀ ਹੈ ਉਸਦੀ ਉਦਾਹਰਨ ਮਾਤਾ ਗੁਜਰੀ ਜੀ ਤੋਂ ਇਲਾਵਾ ਕਿਧਰੇ ਵਿਖਾਈ ਨਹੀ ਦਿੰਦੀ। ਮਾਤਾ ਗੁਜਰੀ ਨੇ ਆਪਣੇ ਦਾਦਾ ਸਹੁਰੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਆਪਣੀ ਆਡੋਲਤਾ ਦੀ ਬੁਨਿਆਦ ਬਣਾ ਲਿਆ ਸੀ ਆਪਣੇ ਸਹੁਰੇ, ਛੇਵੇਂ ਪਾਤਸਾਹ ਦੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਦੀਵੀ ਲਾਗੂ ਕਰਨ ਲਈ ਆਪਣੇ ਲਾਲ ਦਸਵੇਂ ਪਾਤਸ਼ਾਹ ਨੂੰ ਨਸੀਹਤ ਦਿੱਤੀ ਹੋਈ ਸੀ। ਜਿਸ ਕਾਰਣ ਇਸ ਦਾਦੀ ਮਾਂ ਦੀ ਸ਼ਖ਼ਸੀਅਤ ਅਸਮਾਨੋ ਉੱਚੀ ਹੋ ਗਈ ਸੀ। ਅੱਜ ਜਦੋਂ ਸਾਡੇ ਸਿੱਖ ਪੰਥ 'ਚ ਆਮ ਸਮਾਜ ਵਾਗੂੰ ਰਿਸ਼ਤੇ ਤਿੜਕ ਰਹੇ ਹਨ, ਬਜ਼ੁਰਗਾਂ ਦਾ ਸਤਿਕਾਰ ਖ਼ਤਮ ਹੋ ਰਿਹਾ ਹੈ। ਦਾਦੀ-ਪੋਤੇ, ਨਾਨੀ-ਦੋਹਤੇ ਦੇ ਰਿਸ਼ਤੇ ਦਾ ਪਿਆਰ, ਸਤਿਕਾਰ ਤਾਂ ਦੂਰ ਮਾਂ-ਬਾਪ ਤੇ ਬੱਚਿਆਂ 'ਚ ਦੂਰੀ ਪੈਦਾ ਹੋ ਚੁੱਕੀ ਹੈ। ਉਸ ਸਮੇਂ ਮਾਤਾ ਗੁਜਰੀ ਜੀ ਦੇ ਸੁਨੇਹੇ ਨੂੰ ਸੁਣਨਾ ਹੋਰ ਵਧੇਰੇ ਜ਼ਰੂਰੀ ਹੋ ਗਿਆ ਹੈ।

ਮਾਤਾ ਗੁਜਰੀ ਵਾਂਗੂੰ ਲੱਟ ਲੱਟ ਕਰਦੀ ਜੱਗਦੀ ਜੋਤ, ਜਿਹੜੀ ਆਪਣੇ ਧੀਆਂ ਪੁੱਤਾਂ ਤੋਂ ਬਾਅਦ ਪੋਤਿਆਂ-ਦੋਹਤਿਆਂ ਤੱਕ ਵੀ ਉਸੇ ਰੂਪ 'ਚ ਪੁੱਜੇ, ਪੈਦਾ ਕਰਨ ਲਈ ਗੁਰੂ ਦੇ ਭਾਣੇ ਨੂੰ ਮੰਨਣ ਦੀ ਆਡੋਲਤਾ ਪੈਦਾ ਕਰਨੀ ਪਵੇਗੀ। ਜਦੋਂ ਅਸੀਂ ਗੁਰੂ ਦੇ ਭਾਣੇ ਨੂੰ ਧੁਰ ਆਤਮਾ ਤੋਂ ਪ੍ਰਵਾਨ ਕਰਨ ਲੱਗ ਪਏ, ਫ਼ਿਰ ਆਡੋਲਤਾ ਆਪਣੇ ਆਪ ਆ ਜਾਵੇਗੀ।  ਜੇ ਸਾਡੀਆਂ ਪੁਰਾਤਨ ਪੀੜ੍ਹੀਆਂ ਆਪਣੇ ਵਿਰਸੇ ਨਾਲ ਜੁੜੀਆਂ ਰਹੀਆਂ ਹਨ ਤਾਂ ਉਸ ਪਿੱਛੇ ਵੀ ਦਾਦੇ-ਦਾਦੀਆਂ, ਨਾਨੇ-ਨਾਨੀਆਂ ਵੱਲੋਂ ਆਪਣੀ ਬੁੱਕਲ 'ਚ ਲੈ ਕੇ ਸੁਣਾਈਆਂ ਗਈਆਂ, ਗੁਰੂ ਸਾਹਿਬਾਨ ਤੇ ਸ਼ਾਹਿਬਜ਼ਾਦਿਆਂ ਦੀਆਂ ਸਾਖੀਆਂ ਸਨ। ਜਦੋਂ ਆਪਣੀ ਅਗਲੀ ਜਾਂ ਉਸਤੋਂ ਅਗਲੀ ਪੀੜ੍ਹੀ ਨਾਲ ਤੁਹਾਡੇ ਦਿਲ ਦੀ ਤਾਰ ਜੁੜ ਜਾਂਦੀ ਹੈ ਤਾਂ ਗੁਰੂ ਸਾਹਿਬ ਦੀ ਕਿਰਪਾ ਵੀ ਹੋ ਜਾਂਦੀ ਹੈ। ਮਾਤਾ ਗੁਜਰੀ ਨੇ ਭਾਣੇ ਮੰਨਣ ਦੀ ਆਡੋਲਤਾ ਨੂੰ ਆਪਣੇ ਜੀਵਨ 'ਚ ਢਾਲ ਕੇ 'ਲੋਹ ਮਾਂ' ਹੋਣ ਦਾ ਸਬੂਤ ਦਿੱਤਾ। ਮੂਲ ਨਾਲੋ ਵਿਆਜ ਪਿਆਰਾ ਹੋਣ ਦੀ ਕਹਾਵਤ ਵੀ ਉਸ ਤੇ ਬੇਅਸਰ ਰਹੀ। ਉਸਨੇ ਆਪਣੇ ਪੋਤਿਆਂ ਨੂੰ ਸਵੈਮਾਣ ਅਣਖ਼ ਤੇ ਅਜ਼ਾਦੀ ਨਾਲ ਜਿਉਣ ਦੀ ਜਾਂਚ ਸਿਖਾਈ ਤੇ ਜ਼ਮੀਰ ਨੂੰ ਮਾਰ ਲੈਣ ਨਾਲੋ ਖ਼ੁਦ ਮਰ ਜਾਣ ਦੀ ਤਰਜੀਹ ਦਾ ਪਾਠ ਪੱਕਾ ਕਰਵਾਇਆ। ਦੁਨੀਆ 'ਚ ਇਤਿਹਾਸ ਸਿਰਜਣ ਵਾਲੀਆਂ ਮਹਾਨ ਔਰਤਾਂ ਦਾ ਜਦੋਂ ਵੀ ਜ਼ਿਕਰ ਹੋਵੇਗਾ ਤਾਂ ਮਾਤਾ ਗੁਜਰੀ ਦਾ ਨਾਮ ਸਭ ਤੋਂ ਪਹਿਲਾ ਲਿਆ ਜਾਵੇਗਾ। ਅੱਜ ਜਦੋਂ ਨਵੀਂ ਪੀੜ੍ਹੀ ਤੇ ਬਾਗੀ ਹੋਣ ਦੀ ਚਿੰਤਾ ਕੀਤੀ ਜਾਂਦੀ ਹੈ ਤਾਂ ਪਹਿਲੀ ਪੀੜ੍ਹੀ ਨੂੰ ਵੀ ਸੋਚਣਾ ਪਵੇਗਾ ਕਿ ਉਹ ਮਾਤਾ ਗੁਜਰੀ ਦੇ ਸੁਨੇਹੇ ਨੂੰ ਕਿੰਨਾ ਕੁ ਯਾਦ ਕਰਦੀ ਹੈ? ਸਬਕ ਦੇਣ ਨਾਲੋ ਸਬਕ ਸਿਖਣਾ ਕਿਤੇ ਚੰਗਾ ਹੁੰਦਾ ਹੈ। ਇਸ ਲਈ ਨਵੀ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਹਰ ਮਾਂ ਨੂੰ, ਹਰ ਦਾਦੀ ਮਾਂ ਨੂੰ ਮਾਤਾ ਗੁਜਰੀ ਦਾ ਸੁਨੇਹਾ ਜ਼ਰੂਰ ਪੱਲੇ ਬੰਨਣਾ ਪਵੇਗਾ।

Editorial
Jaspal Singh Heran

Click to read E-Paper

Advertisement

International