ਫ਼ਤਿਹਗੜ੍ਹ ਸਾਹਿਬ ਤੋਂ ਆਏ ਸੁਨੇਹੇ...

ਜਸਪਾਲ ਸਿੰਘ ਹੇਰਾਂ
ਦੁਨੀਆ ਦੀ ਇੱਕੋ-ਇੱਕ ਮਾਸੂਮ ਸ਼ਹਾਦਤ ਦੇਣ ਵਾਲੇ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਇਸ ਵਾਰ ਨਾਂਹ-ਪੱਖੀ ਦੇ ਨਾਲ-ਨਾਲ ਹਾਂ-ਪੱਖੀ ਸੁਨੇਹੇ ਵੀ ਆਏ ਹਨ। ਨਾਂਹ ਪੱਖੀ ਸੁਨੇਹਾ, ਇਹ ਰਿਹਾ ਕਿ ਬਾਦਲਕਿਆਂ ਵਲੋਂ ਸ਼੍ਰੋਮਣੀ ਕਮੇਟੀ ਤੇ ਆਪਣੇ ਕਬਜ਼ੇ ਦੀ ਧੌਂਸ ਦਿਖਾਉਂਦਿਆਂ ਹੋਇਆ ਸੱਚ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦਾ ਸਿੱਖ ਸੰਗਤਾਂ ਵਿਚ ਰੋਸ ਤੇ ਰੋਹ ਦੇਖਣ ਨੂੰ ਮਿਲਿਆ।

ਇਸ ਸ਼ਹੀਦੀ ਜੋੜਮੇਲੇ ਤੋਂ ਜਿਹੜਾ ਹਾਂ-ਪੱਖੀ ਸੁਨੇਹਾ ਆਇਆ ਹੈ, ਉਹ ਚਿੰਤਾ 'ਚ ਡੁੱਬੀ ਕੌਮ ਲਈ ਠੁੰਮਣਾ ਹੈ, ਉਹ ਇਹ ਹੈ ਕਿ ਸਿੱਖ ਜੁਆਨੀ, ਜਿਸਦਾ ਮੂੰਹ ਨਸ਼ਿਆਂ ਤੇ ਨਾਈਆਂ ਦੀਆਂ ਦੁਕਾਨਾਂ ਵੱਲ ਹੋ ਚੁੱਕਾ ਸੀ। ਉਹ ਜੁਆਨੀ ਦਸਤਾਰ ਵੱਲ ਮੁੜੀ ਹੈ। ਇਸ ਵਾਰ ਸੋਹਣੀਆਂ ਪੱਗਾਂ ਵਾਲੇ ਸਿੱਖ ਗੱਭਰੂਆਂ ਦੀ ਗਿਣਤੀ ਪਿਛਲੇ ਵਰ੍ਹਿਆਂ ਨਾਲੋਂ ਕਈ ਗੁਣਾਂ ਵੱਧ ਸੀ। ਪਤਿਤ ਤੇ ਨਸ਼ੇੜੀ, ਜਿਹੜੇ ਸਿੱਖ ਮੁੰਡਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੁਨੇਹੇ ਦੀ ਅਵਾਜ਼ ਸੁਣਾਈ ਦੇਣ ਲੱਗ ਪਈ ਹੈ, ਇਸਦਾ ਅਰਥ ਹੈ ਕਿ ਵਿਰਸੇ ਦੀ ਗੁੜ੍ਹਤੀ ਮੁੜ ਜ਼ੋਰ ਮਾਰ ਰਹੀ ਹੈ। ਲੋੜ ਹੈ ਇਸ ਜੁਆਨੀ ਨੂੰ ਸੰਭਾਲਣ ਦੀ, ਉਨ੍ਹਾਂ ਨੂੰ ਸਿੱਖੀ ਮਾਰਗ ਦੇ ਸੱਚੇ ਪਾਂਧੀ ਬਣਾਉਣ ਦੀ। ਇਸ ਜੁਆਨੀ ਨੂੰ ਜਦੋਂ ਕੋਈ ਗੁਰੂ ਦੇ ਮਾਰਗ ਵੱਲ ਤੋਰਣ ਵਾਲਾ ਰਾਹ ਦਸੇਰੇ ਨਹੀਂ ਦਿੱਸਦਾ ਤਾਂ ਇਹ ਜੁਆਨੀ ਨਿਰਾਸ਼ ਹੋ ਕੇ, ਮੁੜ ਉਸੇ ਤਬਾਹੀ ਦੀ ਖੱਡ ਜਾ ਡਿੱਗਦੀ ਹੈ। ਕੌਮ ਦੇ ਮਕਾਰ ਆਗੂਆਂ ਦੀ ਮਕਾਰੀ, ਸੁਆਰਥੀ ਤੇ ਪਦਾਰਥੀ ਸੋਚ ਇਸ ਕਰਵੱਟ ਲੈ ਰਹੀ ਜੁਆਨੀ ਨੂੰ ਨਫ਼ਰਤ ਨਾਲ ਭਰ ਦਿੰਦੀ ਹੈ ਤਾਂ ਇਸ ਨਫ਼ਰਤ ਦੀ ਅੱਗ ਨਾਲ ਉਹ ਆਪਣਾ ਆਪ ਹੀ ਸਾੜ ਬੈਠਦੇ ਹਨ। ਸਾਡੀ ਕੌਮ ਦੇ ਉਨ੍ਹਾਂ ਧਾਰਮਿਕ, ਰਾਜਸੀ ਆਗੂਆਂ ਨੂੰ ਜਿਨ੍ਹਾਂ ਦੇ ਮਨ 'ਚ ਸੱਚੀ-ਮੁੱਚੀ ਪੰਥਕ ਜਜ਼ਬਾ ਤੇ ਕੌਮ ਪ੍ਰਤੀ ਦਰਦ ਹੈ, ਉਨ੍ਹਾਂ ਨੂੰ ਹਾਰਦਿਕ ਬੇਨਤੀ ਹੈ ਕਿ ਉਹ ਜੁਆਨੀ ਦੇ ਇਸ ਮੋੜੇ ਨੂੰ ਸੰਭਾਲ ਲੈਣ। ਕੁਦਰਤ ਮੌਕੇ ਵਾਰ-ਵਾਰ ਨਹੀਂ ਦਿੰਦੀ। ਜੇ ਇਸ ਮੌਕੇ ਨੂੰ ਵੀ ਸੰਭਾਲਿਆ ਨਾ ਗਿਆ ਤਾਂ ਵਰਤਮਾਨ ਸਮੁੱਚੀ ਸਿੱਖ ਲੀਡਰਸ਼ਿਪ ਚਾਹੇ ਉਹ ਧਾਰਮਿਕ ਖੇਤਰ ਦੀ ਹੈ, ਚਾਹੇ ਰਾਜਸੀ ਖੇਤਰ ਦੀ, ਉਸਨੂੰ ਵੀ ਇਤਿਹਾਸ ਮਾਫ਼ ਨਹੀਂ ਕਰੇਗਾ। ਸ਼ਹਾਦਤ ਦਾ ਵਿਰਸਾ, ਵਾਰਿਸ ਹੀ ਸੰਭਾਲਦੇ ਹਨ। ਅੱਜ ਤੱਕ ਵਾਰਿਸਾਂ ਦੀਆਂ ਅੱਖਾਂ ਮੁੜ ਤੋਂ ਉਹ ਮਹਾਨ ਸ਼ਹਾਦਤਾਂ ਦੀ ਤੇਜ਼ ਅਦੁੱਤੀ ਰੋਸ਼ਨੀ ਨੇ ਖੋਲ੍ਹ ਦਿੱਤੀਆਂ ਹਨ ਤਾਂ ਉਨ੍ਹਾਂ ਨੂੰ ਜਾਂ ਰਾਹ ਦੱਸਣ ਤੇ ਉਸ ਰਾਹ ਤੇ ਤੋਰਣਾ। ਵਰਤਮਾਨ ਆਗੂਆਂ ਦਾ ਪਹਿਲਾ ਮੁੱਢਲਾ ਫਰਜ਼ ਬਣਦਾ ਹੈ।

ਆਪਣੇ ਫਰਜ਼ ਤੋਂ ਮੂੰਹ ਮੋੜ ਲੈਣ ਵਾਲੇ ਜਾਂ ਫਰਜ਼ ਦੀ ਪੂਰਤੀ ਨਾ ਕਰ ਸਕਣ ਵਾਲੇ, ਆਗੂ ਨਹੀਂ ਅਖਵਾ ਸਕਦੇ। ਖੈਰ! ਸ਼ਹੀਦੀ ਜੋੜ ਮੇਲੇ ਤੇ ਉਨ੍ਹਾਂ ਹਾਂ ਪੱਖੀ ਸੁਨੇਹਿਆਂ ਤੋਂ ਇਲਾਵਾ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉੱਚ ਸਿੱਖ ਸੰਸਥਾਵਾਂ ਦੇ ਪਾਏ ਭੋਗ ਦੀ ਜੁੰਮੇਵਾਰੀ ਇਕ ਵਾਰ ਫ਼ਿਰ ਬਾਦਲਕਿਆਂ ਦੇ ਸਿਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਗਵਾਹ ਮੰਨ ਕੇ ਧਰ ਦਿੱਤੀ ਹੈ। ਜਿਸ ਤਰ੍ਹਾਂ ਲੱਖਾਂ ਦੀ ਗਿਣਤੀ 'ਚ ਆਈ ਸ਼ਰਧਾਲੂ ਸੰਗਤ ਨੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲਕਿਆਂ ਵੱਲੋਂ ਇਸ ਸ਼ਹੀਦੀ ਜੋੜ ਮੇਲੇ ਤੇ ਉਸ ਪਵਿੱਤਰ ਧਰਤੀ ਦੇ ਹਿੱਸੇ 'ਚ ਕੀਤੀ ਕਾਨਫਰੰਸ ਤੋਂ ਵੀ ਦੂਰੀ ਬਣਾਈ, ਜਿਸ ਪਵਿੱਤਰ ਧਰਤੀ ਦੇ ਕਣ-ਕਣ ਨੂੰ ਉਹ ਨਤਮਸਤਕ ਹੋ ਰਹੀ ਸੀ! ਉਸਨੇ ਸਿੱਖ ਸੰਗਤਾਂ ਦੇ ਜਜ਼ਬਾਤਾਂ ਤੇ ਜਖ਼ਮੀ ਰੂਹ ਦੀ ਤਰਜਮਾਨੀ ਕੀਤੀ ਹੈ। ਵਿਕਾਸ ਦੇ ਛਲਾਵੇ, ਗ੍ਰਾਟਾਂ ਦੇ ਗੱਫੇ, ਸਹੂਲਤਾਂ ਦੀਆਂ ਰਿਊੜੀਆਂ ਅਹੁਦਿਆਂ ਦੀਆਂ ਪੂਛਾਂ, ਗੁਰੂ ਤੇ ਸਿੱਖ ਦੇ ਰੂਹ ਦੇ ਜਜ਼ਬਾਤੀ ਰਿਸ਼ਤੇ ਨੂੰ ਨਾ ਤੋੜ ਸਕਦੇ ਹਨ, ਨਾ ਖਰੀਦ ਸਕਦੇ ਹਨ, ਨਾ ਗੁੰਮਰਾਹ ਕਰ ਸਕਦੇ ਹਨ। ਇਹ ਸੁਨੇਹਾ ਵੀ ਇਸ ਪਵਿੱਤਰ ਧਰਤੀ ਤੇ ਜੁੜ੍ਹੀਆਂ ਸੰਗਤਾਂ ਨੇ ਦਿੱਤਾ ਹੈ। ਸਿੱਖੀ, ਸੰਤ-ਸਿਪਾਹੀਆਂ ਦਾ ਕਾਫ਼ਲਾ ਹੈ। ਪਰਮ ਮਨੁੱਖ ਦੀ ਜੀਵਨ ਜਾਂਚ ਹੈ। ਕੁਰਬਾਨੀਆਂ ਦੀ ਗੁੜ੍ਹਤੀ ਹੈ। ਤਿਆਗ ਦੀ ਪ੍ਰਤੀਕ ਹੈ, ਬਹਾਦਰੀ ਦਾ ਮਾਦਾ ਹੈ।

ਸ਼ਹਾਦਤਾਂ ਦੀ ਕਸਵੱਟੀ ਹੈ। ਸਮੇਂ ਦਾ ਹੇਰ-ਫੇਰ ਥੋੜ੍ਹੇ ਸਮੇਂ ਲਈ ਤਾਂ ਇਸ ਮਹਾਨ ਚਾਨਣ ਮੁਨਾਰੇ ਦੀ ਰੌਸ਼ਨੀ ਅੱਗੇ ਚਾਦਰ ਤਾਣ ਸਕਦੇ ਹਨ, ਪ੍ਰੰਤੂ ਸਦੀਵੀ ਜਾਂ ਲੰਬਾ ਸਮਾਂ ਨਹੀਂ। ਇਹ ਪੁਖ਼ਤਾ ਸੁਨੇਹਾ ਛੋਟੇ ਸਾਹਿਬਜ਼ਾਦਿਆਂ ਦੀ ਮਾਸੂਮ ਸ਼ਹਾਦਤ ਤੇ ਇਕੱਤਰ ਸਿੱਖੀ ਦੇ ਦਰਿਆ 'ਚ ਵੱਗਦੇ ਪਾਣੀ ਨੇ ਦਿੱਤਾ ਹੈ। ਕਿਸੇ ਨੂੰ ਸਮਝ ਆਉਂਦੀ ਹੈ ਜਾਂ ਨਹੀਂ, ਇਹ ਉਸਦੀ ਸੋਚ ਤੇ ਨਿਰਭਰ ਹੈ। ਪ੍ਰੰਤੂ ਅਸੀਂ ਉਮੀਦ ਕਰਦੇ ਹਾਂ ਕਿ ਇਹ ਇਤਿਹਾਸਕ ਦਿਹਾੜਾ ਕੌਮ 'ਚ ਇਕ 'ਮੌੜਾ' ਜ਼ਰੂਰ ਸਾਬਤ ਹੋਵੇਗਾ।

Editorial
Jaspal Singh Heran

Click to read E-Paper

Advertisement

International