ਅੱਜ ਦਸਮੇਸ਼ ਪਿਤਾ ਨੂੰ ਕੀ ਮੂੰਹ ਵਿਖਾਵਾਂਗੇ...?

ਜਸਪਾਲ ਸਿੰਘ ਹੇਰਾਂ
ਅੱਜ ਨਾਨਕਸ਼ਾਹੀ ਮੂਲ ਕੈਲੰਡਰ ਅਨੁਸਾਰ ਦਸਮੇਸ਼ ਪਿਤਾ, ਸਾਹਿਬ-ਏ-ਕਮਾਲ, ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ, ਬਾਦਸ਼ਾਹ-ਦਰਵੇਸ਼, ਆਪੇ ਗੁਰ-ਚੇਲਾ, ਵਰਿਆਮ ਅਕੇਲਾ, ਸਵਾ ਲੱਖ ਨਾਲ ਇਕ ਲੜਾਉਣ ਵਾਲੇ, ਚਿੜੀਆਂ ਤੋਂ ਬਾਜ਼ ਤੜਾਉਣ ਵਾਲੇ, ਗਰੀਬ ਸਿੱਖਾਂ ਨੂੰ ਪਾਤਸ਼ਾਹੀ ਬਖ਼ਸਣ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪੁਰਬ ਹੈ। ਕੌਮ ਨੂੰ ਗਿੱਦੜੋ, ਸ਼ੇਰ ਬਣਾਉਣ ਵਾਲੇ ਅਤੇ 'ਸਿਰਦਾਰੀ' ਬਖ਼ਸਣ ਵਾਲੇ ਦਸਮੇਸ਼ ਪਿਤਾ ਦੇ ਆਗਮਨ ਪੁਰਬ ਤੇ ਜੇ ਕੌਮ 'ਚ ਵੰਡੀਆਂ, ਫੁੱਟ, ਦੂਸ਼ਣਬਾਜ਼ੀ ਅਤੇ ਦੁਬਿਧਾ ਪੈਦਾ ਹੁੰਦੀ ਹੈ ਤਾਂ ਇਸ ਦਾ ਸਿੱਧਾ-ਸਿੱਧਾ ਤੇ ਸਾਫ਼ ਚਿੱਟੇ ਦਿਨ ਵਰਗਾ ਅਰਥ ਇਹੋ ਹੈ ਕਿ ਅਸੀਂ ਦਸਮੇਸ਼ ਪਿਤਾ ਦੇ 'ਪੁੱਤਰਨ' ਨਹੀਂ ਰਹੇ। ਹੁਣ ਅਸੀਂ ਕਪੁੱਤ ਤੇ ਅਕ੍ਰਿਤਘਣ ਹੋ ਗਏ ਹਾਂ। ਜਿਸ ਇਨਕਲਾਬੀ ਰਹਿਬਰ ਦੇ ਸੁਨੇਹੇ ਨੂੰ, ਉਸ ਵੱਲੋਂ ਦੁਨੀਆ ਨੂੰ ਵਿਖਾਏ ਸੰਤ-ਸਿਪਾਹੀ ਦੇ ਮਾਰਗ ਨੂੰ ਉਨ੍ਹਾਂ ਦੇ ਆਗਮਨ ਪੁਰਬ ਤੇ ਅਸੀਂ ਸਮੁੱਚੀ ਦੁਨੀਆ ਨੂੰ ਗੱਜ-ਵੱਜ ਕੇ ਦਰਸਾਉਣਾ ਸੀ, ਕੌਮ ਦੀ ਮਹਾਨਤਾ ਤੋਂ ਜਾਣੂ ਕਰਵਾਉਣਾ ਸੀ, ਉਲਟਾ ਅਸੀਂ ਸਰਬੰਸ ਦਾਨੀ ਦੇ ਆਗਮਨ ਪੁਰਬ ਨੂੰ ਜੱਗ ਹਸਾਈ ਦਾ ਸਬੱਬ ਬਣਾ ਦਿੱਤਾ। ਕੀ ਇਸ ਗੁਨਾਹ ਦਾ ਭਾਰ ਕੋਈ ਆਪਣੇ ਸਿਰ ਮਹਿਸੂਸ ਕਰ ਰਿਹਾ ਹੈ? ਨਾਨਕਸ਼ਾਹੀ ਕੈਲੰਡਰ ਕੌਮ ਦੀ ਵੱਖਰੀ, ਅੱਡਰੀ, ਅਜ਼ਾਦ ਹੋਂਦ ਦਾ ਪ੍ਰਤੀਕ ਹੈ। ਇਸ ਲਈ ਕੌਮ ਚਾਹੁੰਦੀ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਨਾ ਕੀਤਾ ਜਾਵੇ। ਜੇ ਕੈਲੰਡਰ 'ਚ ਕੋਈ ਤਰੁੱਟੀਆਂ ਹਨ ਤਾਂ ਉਨ੍ਹਾਂ ਨੂੰ ਮਾਹਿਰਾਂ ਵੱਲੋਂ ਮਿਲ ਬੈਠ ਕੇ ਦੂਰ ਕੀਤਾ ਜਾ ਸਕਦਾ ਹੈ। ਪ੍ਰੰਤੂ ਕੌਮ ਦੀ ਵੱਖਰੀ, ਅੱਡਰੀ, ਅਜ਼ਾਦ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣਾ, ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਵਾਲਿਆਂ ਦੇ ਹੱਥਾਂ 'ਚ ਖੇਡਣਾ ਹੈ।

ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਕੌਮ ਨੂੰ ਆਪਣੀ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਸੰਭਾਲਣਾ ਚਾਹੀਦਾ ਹੈ। ਕੌਮ ਦੀ ਨਿਆਰੀ-ਨਿਰਾਲੀ ਹੋਂਦ ਦੇ ਖ਼ਾਤਮੇ ਲਈ ਪੰਥ ਵਿਰੋਧੀ ਤਾਕਤਾਂ ਵੱਲੋਂ ਕੌਮ ਦੀਆਂ ਜੜ੍ਹਾਂ ਤੇ ਕੀਤੇ ਜਾ ਰਹੇ ਵਾਰ, ਬਾਰੇ ਜਾਣੂ ਹੋਣ ਅਤੇ ਇਸ ਵਾਰ ਨੂੰ ਰੋਕ ਕੇ, ਉਲਟ ਵਾਰ ਕਰਨਾ ਹੁਣ ਬੇਹੱਦ ਜ਼ਰੂਰੀ ਹੋ ਗਿਆ ਹੈ। ਕੌਮੀ ਮੁੱਦਿਆਂ ਨੂੰ ਲੈ ਕੇ ਫੁੱਟ, ਦੁਫੇੜ ਅਤੇ ਧੜੇਬੰਦੀ ਪੈਦਾ ਹੋਣ ਤੋਂ ਰੋਕਣ ਲਈ ਕੌਮ ਨੂੰ ਜਗਾ ਕੇ, ਕੌਮ ਵਿਰੋਧੀ ਤਾਕਤਾਂ ਨੂੰ ਬੇਨਕਾਬ ਕਰਨਾ, ਹਰ ਸਿੱਖ ਮੁੱਦੇ ਦਾ ਇੱਕੋ-ਇਕ ਹੱਲ ਜਾਪਦਾ ਹੈ। ਅਸੀਂ ਚਾਹੁੰਦੇ ਹਾਂ ਕਿ ਕੌਮ ਘੱਟੋ-ਘੱਟ ਉਸ ਸਰਬੰਸ ਦਾਨੀ ਦਾ, ਜਿਸਨੇ ਆਪਣਾ ਸਰਬੰਸ ਵਾਰ ਕੇ, ਇਸ ਕੌਮ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਬਖ਼ਸੀ ਸੀ, ਕਰਜ਼ੇ ਨੂੰ ਤਾਂ ਨਾਂਹ ਭੁੱਲੀਏ? ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ, ਦਸਮੇਸ਼ ਪਿਤਾ ਦੇ ਆਗਮਨ ਪੁਰਬ ਵਰਗੇ ਦਿਹਾੜੇ ਕੌਮ ਨੂੰ ਨਵੀਂ ਚੇਤਨਾ, ਨਵਾਂ ਉਤਸ਼ਾਹ, ਨਵਾਂ ਜਜ਼ਬਾ, ਡੂੰਘੀ ਸ਼ਰਧਾ ਅਤੇ ਨਵੀਂ ਦਿਸ਼ਾ ਪ੍ਰਾਪਤ ਹੁੰਦੀ ਹੈ। ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਗੁਰਬਾਣੀ, ਸਿੱਖ ਸਿਧਾਂਤਾਂ, ਸਿੱਖ ਇਤਿਹਾਸ, ਸਿੱਖ ਵਿਰਸੇ 'ਚ ਭੰਬਲਭੂਸਾ ਪੈਦਾ ਕਰਕੇ, ਸਿੱਖੀ ਦੇ ਬੂਟੇ ਨੂੰ ਸੁਕਾਉਣ ਦੇ ਯਤਨਾਂ 'ਚ ਹਨ, ਉਨ੍ਹਾਂ ਤਾਕਤਾਂ ਵੱਲੋਂ ਸਿੱਖਾਂ ਦੀ ਹਰ ਉਸ ਧਾਰਾ ਨੂੰ ਜਿਹੜੀ ਕੌਮ ਨੂੰ ਸ਼ਕਤੀ ਪ੍ਰਦਾਨ ਕਰਦੀ ਸੀ, ਸੁਕਾਉਣ ਦਾ ਯਤਨ ਨਹੀਂ, ਸਗੋਂ ਡੂੰਘੀ ਸਾਜ਼ਿਸ ਰਚੀ ਹੀ ਨਹੀਂ, ਨੇਪਰੇ ਚਾੜ੍ਹੀ ਜਾ ਰਹੀ ਹੈ।

ਹਰ ਸੱਚੇ ਸਿੰਘ ਨੂੰ ਇਸ ਸਮੇਂ ਨਿੱਜਵਾਦੀ ਸੋਚ ਦਾ, ਪਾਰਟੀਬਾਜ਼ੀ ਤੇ ਧੜੇਬੰਦੀ ਦੀਆਂ ਵਲਗਣਾਂ ਨੂੰ ਤਿਆਗ ਕੇ ਕੌਮੀ ਆਨ-ਸ਼ਾਨ ਦੀ, ਕੌਮੀ ਸਵੈਮਾਣ ਦੀ ਰਾਖ਼ੀ ਲਈ ਡੱਟ ਕੇ ਮੈਦਾਨ 'ਚ ਨਿੱਤਰ ਆਉਣਾ ਚਾਹੀਦਾ ਹੈ। ਹਰ ਸਿੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਸਿੱਖੀ ਦੀ ਹੋਂਦ ਨੂੰ ਸੱਚੀ ਮੁੱਚੀ ਖ਼ਤਰਾ ਹੈ। ਕੌਮ ਨੂੰ ਦੁਸ਼ਮਣ ਤਾਕਤਾਂ ਦੀ ਮਕਾਰੀ, ਨੀਚ ਸੋਚ ਤੇ ਸ਼ਾਤਰ ਚਾਲਾਂ ਨੂੰ ਸਮਝ ਲੈਣਾ ਚਾਹੀਦਾ ਹੈ। ਗੁਰੂ ਦਸਮੇਸ਼ ਪਿਤਾ ਨੇ ਸਾਨੂੰ ਜੇ ਸੰਤ-ਸਿਪਾਹੀ ਬਣਾਇਆ ਸੀ ਤਾਂ ਇਸਦਾ ਅਰਥ ਹੈ ਕਿ ਸਾਨੂੰ ਆਪਣੀ ਬੁੱਧੀ, ਬਿਬੇਕ ਦੀ ਵਰਤੋਂ ਹਰ ਸਮੇਂ ਕਰਨੀ ਚਾਹੀਦੀ ਹੈ। ਕੌਮੀ ਵਿਵਾਦਾਂ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਪੁਰਾਤਨ ਪਿਰਤ ਨੂੰ ਮੁੜ ਸੁਰਜੀਤ ਕਰਕੇ, ਕੌਮੀ ਸ਼ਕਤੀ ਦੀ ਇਕਮੁੱਠਤਾ ਦਾ ਪ੍ਰਗਟਾਵਾ ਕਰਕੇ, ਦਸਮੇਸ਼ ਪਿਤਾ ਵੱਲੋਂ ਬਖ਼ਸੀ 'ਸਿਰਦਾਰੀ' ਦੀ ਆਨ-ਸ਼ਾਨ ਦੀ ਰਾਖ਼ੀ ਕਰਨੀ, ਅੱਜ ਹਰ ਸੱਚੇ ਸਿੱਖ ਦੇ ਸਿੱਖ ਹੋਣ ਦਾ ਸਬੂਤ ਹੋਵੇਗਾ।

Editorial
Jaspal Singh Heran

Click to read E-Paper

Advertisement

International