ਕੈਪਟਨ ਸਰਕਾਰ ਨੇ ਚੁੱਪ ਚੁਪੀਤੇ ਸੇਵਾ ਫ਼ੀਸ 'ਚ ਕੀਤਾ ਵਾਧਾ

ਚੰਡੀਗੜ੍ਹ 4 ਜਨਵਰੀ (ਪ.ਬ.) : ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਨਵੇਂ ਸਾਲ 'ਤੇ ਇੱਕ ਨਵਾਂ ਤੋਹਫ਼ਾ ਦੇਣ ਦਾ ਫੈਸਲਾ ਲਿਆ ਹੈ। ਕੈਪਟਨ ਸਰਕਾਰ ਨੇ ਚੁੱਪ ਚੁਪੀਤੇ ਸੇਵਾ ਕੇਂਦਰਾਂ ਦੀ 'ਸੇਵਾ ਫੀਸ' ਵਿੱਚ ਵਧਾ ਦਿੱਤੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ 'ਤੇ ਨਵਾਂ ਬੋਝ ਪਵੇਗਾ। ਪੰਜਾਬ ਸਰਕਾਰ ਨੇ ਸੇਵਾ ਫੀਸ ਦੇ ਨਵੇਂ ਵਾਧੇ ਨੂੰ ਨਵੇਂ ਵਰ੍ਹੇ ਤੋਂ ਲਾਗੂ ਕੀਤਾ ਹੈ। ਵਿਰੋਧੀ ਆਖਦੇ ਹਨ ਕਿ ਕੈਪਟਨ ਸਰਕਾਰ ਨੇ ਇਹ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਅਸਲਾ ਲਾਇਸੈਂਸਾਂ ਦੀ ਸੇਵਾ ਫੀਸ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ ਜਦਕਿ ਬਾਕੀ ਸੇਵਾਵਾਂ ਦੀ ਸੇਵਾ ਫੀਸ ਕਈ ਗੁਣਾ ਵਧਾਈ ਗਈ ਹੈ। ਦਰਅਸਲ ਗੱਠਜੋੜ ਸਰਕਾਰ ਨੇ ਸੁਵਿਧਾ ਕੇਂਦਰ ਬੰਦ ਕਰਕੇ 3 ਅਕਤੂਬਰ 2016 ਨੂੰ ਪੰਜਾਬ ਭਰ ਵਿੱਚ 2147 ਸੇਵਾ ਕੇਂਦਰ ਚਲਾਏ ਸਨ ਜਿਨ੍ਹਾਂ 'ਚੋਂ 1759 ਕੇਂਦਰ ਦਿਹਾਤੀ ਖੇਤਰ ਵਿੱਚ ਸਨ।

ਸ਼ੁਰੂ ਤੋਂ ਹੀ ਇਹ ਸੇਵਾ ਕੇਂਦਰ ਭੱਲ ਖੱਟਣ ਵਿਚ ਨਾਕਾਮ ਰਹੇ ਹਨ। ਕੈਪਟਨ ਸਰਕਾਰ ਨੇ ਵੱਡੀ ਗਿਣਤੀ ਵਿੱਚ ਸੇਵਾ ਕੇਂਦਰ ਬੰਦ ਕਰ ਦਿੱਤੇ ਹਨ ਅਤੇ ਹੁਣ ਪੰਜਾਬ ਭਰ ਵਿੱਚ ਕਰੀਬ 550 ਸੇਵਾ ਕੇਂਦਰ ਹੀ ਬਚੇ ਹਨ। ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਸੇਵਾ ਕੇਂਦਰਾਂ ਦੀ ਸੇਵਾ ਫੀਸ ਵਿੱਚ ਵਾਧਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਨੂੰ 31 ਦਸੰਬਰ ਨੂੰ ਲਾਗੂ ਕਰਨ ਲਈ ਸੇਵਾ ਕੇਂਦਰਾਂ ਵਿੱਚ ਭੇਜਿਆ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਨਵਾਂ ਅਸਲਾ ਲਾਇਸੈਂਸ ਦੀ ਪਹਿਲਾਂ ਜੋ 2000 ਹਜ਼ਾਰ ਰੁਪਏ ਸੇਵਾ ਫੀਸ ਸੀ, ਉਹ ਵਧਾ ਕੇ ਚਾਰ ਹਜ਼ਾਰ ਰੁਪਏ ਕਰ ਦਿੱਤੀ ਗਈ ਹੈ ਜਦਕਿ ਸਰਕਾਰੀ ਫੀਸ 1000 ਰੁਪਏ ਵੱਖਰੀ ਹੈ। ਅਸਲਾ ਲਾਇਸੈਂਸ ਰੀਨਿਊ ਕਰਾਉਣ ਲਈ ਐੱਨਪੀ ਬੋਰ ਰਿਵਾਲਵਰ/ਪਿਸਟਲ ਦੀ ਸੇਵਾ ਫੀਸ 400 ਤੋਂ ਵਧਾ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ।

ਅਸਲਾ ਦਰਜ ਕਰਨ ਦੀ ਫੀਸ 400 ਤੋਂ ਵਧਾ ਕੇ 1000 ਰੁਪਏ, ਅਸਲਾ ਵੇਚਣ ਦੀ ਮਨਜ਼ੂਰੀ ਦੀ ਫੀਸ 500 ਤੋਂ ਵਧਾ ਕੇ 1000 ਰੁਪਏ, ਅਸਲਾ ਕਟਵਾਉਣ ਦੀ ਪ੍ਰਤੀ ਹਥਿਆਰ ਫੀਸ 400 ਰੁਪਏ ਤੋਂ ਵਧਾ ਕੇ 2000 ਰੁਪਏ, ਅਸਲਾ ਵਧਾਉਣ ਦੀ ਫੀਸ 400 ਤੋਂ ਵਧਾ ਕੇ 1000, ਕਾਰਤੂਸਾਂ ਦੀ ਗਿਣਤੀ ਵਧਾਉਣ ਦੀ ਫੀਸ 400 ਤੋਂ 500 ਰੁਪਏ, ਮੌਤ ਹੋਣ ਜਾਣ ਦੇ ਮਾਮਲੇ 'ਚ ਅਸਲਾ ਵੇਚਣ ਦੀ ਮਨਜ਼ੂਰੀ ਫੀਸ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਸਰਕਾਰੀ ਫੀਸ ਇਸ ਤੋਂ ਵੱਖਰੀ ਹੈ।

Unusual
Capt Amarinder Singh
Punjab Government
Income Tax

Click to read E-Paper

Advertisement

International