ਆਪਣਾ ਮੂਲ ਪਛਾਣ...

ਜਸਪਾਲ ਸਿੰਘ ਹੇਰਾਂ

6 ਅਤੇ 8 ਸਾਲ ਦੀ ਉਮਰ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਫ਼ਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਦੀ ਸ਼ਹਾਦਤ, ਸ਼ਹਾਦਤਾਂ ਦਾ ਸਿਖ਼ਰ ਹੈ, ਨਿੱਕੀਆਂ-ਨਿੱਕੀਆਂ ਮਾਸੂਮ ਜਿੰਦਾਂ ਨੂੰ ਕੋਈ ਦੁਨਿਆਵੀ ਲੋਭ, ਲਾਲਚ ਡੁਲਾ ਨਹੀਂ ਸਕਿਆ, ਤਸੀਹੇ ਡਰਾ ਨਹੀਂ ਸਕੇ ਅਤੇ ਮੌਤ ਦਾ ਖੌਫ਼ ਦਿ੍ਰੜਤਾ ਤੋਂ ਹਿਲਾ ਨਹੀਂ ਸਕਿਆ, ਇਸੇ ਤਰਾਂ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਤੇ ਭਾਈ ਤਾਰੂ ਸਿੰਘ ਵਰਗਿਆਂ ਨੇ ਦੇਗਾਂ ’ਚ ਉੱਬਲ ਕੇ, ਆਰਿਆਂ ਨਾਲ ਤਨ ਚਿਰਾ ਕੇ ਅਤੇ ਖੋਪੜੀਆਂ ਲੁਹਾ ਕੇ ਸਿੱਖੀ ਸਿਦਕ ਨੂੰ ਨਿਭਾਇਆ, ਮਾਵਾਂ ਨੇ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਗਲ਼ਾ ’ਚ ਪੁਆਏ ਅਤੇ ਭੁੱਖੇ ਤਿਹਾਏ ਰਹਿ ਕੇ ਸਵਾ-ਸਵਾ ਮਣ ਪੀਸਨਾ ਪੀਸਿਆ, ਪ੍ਰੰਤੂ ਸੀ ਤੱਕ ਨਾ ਕੀਤੀ, ਗੁਰੂ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਸ ਤੋਂ ਵੱਡਾ ‘ਚਮਤਕਾਰ’ ਨਾ ਅੱਜ ਤੱਕ ਦੁਨੀਆ ’ਚ ਹੋਇਆ ਹੈ ਅਤੇ ਸ਼ਾਇਦ ਨਾ ਹੋ ਸਕੇਗਾ। ਇਸ ਚਮਤਕਾਰ ਦੀ ਸ਼ਕਤੀ, ਇਨਾਂ ਮਹਾਨ ਆਤਮਾਵਾਂ ਵੱਲੋਂ ਆਪਣੇ ਮੂਲ ਨਾਲ ਜੁੜੇ ਰਹਿਣ ਦੀ ਸ਼ਕਤੀ ਸੀ ਅਤੇ ਜਿਹੜਾ ਇਨਸਾਨ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ ਅਤੇ ਆਪਣੇ ਮਨ ਦੀ ਸ਼ਕਤੀ ਦੀ ‘ਥਾਹ’ ਪਾ ਲੈਂਦਾ ਹੈ, ਉਹ ‘ਪਰਮ ਮਨੁੱਖ’ ਦੀ ਸ਼ੇ੍ਰਣੀ ’ਚ  ਚਲਾ ਜਾਂਦਾ ਹੈ। ਸਿੱਖੀ ਦੀ ਮਹਾਨਤਾ ਹਰ ਮਨੁੱਖ ਨੂੰ ਉਸਦੇ ਮੂਲ ਦੀ ਪਛਾਣ ਕਰਾਉਣ ਅਤੇ ਮਨ ਨੂੰ ‘ਰੱਬੀ ਜੋਤ’ ਦੀ ਉਚਾਈ ਤੱਕ ਲੈ ਕੇ ਜਾਣ ’ਚ ਹੈ, ਪ੍ਰੰਤੂ ਇਹ ਉੱਚਤਾ ਤਦ ਹੀ ਪ੍ਰਾਪਤ ਹੁੰਦੀ ਹੈ ਜੇ ਸਿੱਖ ਆਪਣਾ ‘ਸੀਸ’ ਗੁਰੂ ਨੂੰ ਭੇਂਟ ਕਰ ਦੇਵੇ ਅਤੇ ਗੁਰਮੱਤ ਦਾ ਧਾਰਣੀ ਹੋ ਜਾਵੇ। ਅੱਜ ਕੌਮ ਦੇ ਮਨ ਦੀ ਖੁਸ਼ੀ ਖੁੱਸ ਗਈ ਹੈ, ਹਰ ਚਿਹਰੇ ਤੇ ਚਿੰਤਾ ਤੇ ਸਿਰਫ਼ ਚਿੰਤਾ ਹੈ। ਕਾਰਣ ਸਿੱਖਾਂ ਦਾ ਆਪਣੇ ਮੂਲ ਨਾਲੋਂ ਟੁੱਟ ਕੇ ਪਦਾਰਥ ਤੇ ਸੁਆਰਥ ਦੀ ਖੱਡ ’ਚ ਡਿੱਗ ਪੈਣਾ ਹੈ। ਜਿਹੜਾ ਬੀਜ, ਜਿਸ ਧਰਤੀ ਤੇ ਉੱਗਣਾ ਹੁੰਦਾ ਹੈ, ਉਹ ਉਥੇ ਹੀ ਹਰਾ ਹੁੰਦਾ ਹੈ, ਇਸੇ ਤਰਾਂ ਮੂਲ ਨਾਲੋਂ ਟੁੱਟਿਆ ਮਨੁੱਖ ਕਦੇ ਵੀ ਸੰਤੁਸ਼ਟ, ਖੁਸ਼, ਸੇਵਾ ਭਾਵਨਾ ਵਾਲਾ ਤੇ ਪਰਉਪਕਾਰੀ ਨਹੀਂ ਬਣ ਸਕਦਾ।

ਮੂਲ ਨਾਲੋਂ ਟੁੱਟ ਕੇ ਸਿਰਫ਼ ਭਟਕਣਾ ਹੀ ਭਟਕਣਾ ਪੱਲੇ ਰਹਿ ਜਾਂਦੀ ਹੈ। ਸਿੱਖ ਕੌਮ ਅੱਜ ਜਿਸ ਦੁਬਿਧਾ ਦੇ ਚੌਰਾਹੇ ਤੇ ਆ ਖੜੀ ਹੋਈ ਹੈ, ਜਿਸ ਉਚਾਈ ਤੋਂ ਡਿੱਗ ਕੇ ਤੜਫ਼ ਰਹੀ ਹੈ, ਉਸ ਉਚਾਈ ਤੇ ਮੁੜ ਪੁੱਜਣ ਲਈ ਕੌਮ ਨੂੰ ਆਪਣਾ ਉਹ ‘ਮੂਲ’ ਜਿਹੜਾ ਜਗਤ ਬਾਬੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕ੍ਰਾਂਤੀਕਾਰੀ ਫਲਸਫੇ ਨਾਲ ਪੈਦਾ ਕੀਤਾ ਸੀ ਅਤੇ ਉਸ ਮੂਲ ਨੂੰ ਦਸਾਂ ਪਾਤਸ਼ਾਹੀਆਂ ਨੇ ਸਿੱਖੀ ਦੇ ਮਹਾਨ ਸਿਧਾਂਤਾਂ ਦੇ ਨਾਲ ਪਕੇਰਾ ਕੀਤਾ ਸੀ, ਉਸ ‘ਮੂਲ’ ਦੀ ਭੁੱਲ ਗਈ ਪਛਾਣ ਨੂੰ ਆਪਣੇ ਮਨਾਂ ’ਚ ਮੁੜ ਤੋਂ ਤਾਜ਼ਾ ਕਰਨਾ ਹੋਵੇਗਾ ਅਤੇ ਆਪੋ-ਆਪਣੇ ਮਨ ’ਚ ਇਹ ਅਹਿਸਾਸ ਪੈਦਾ ਕਰਨਾ ਹੋਵੇਗਾ ਕਿ ਸਾਡਾ ਮੂਲ, ਬਾਬੇ ਨਾਨਕ ਦਾ ਮਾਰਗ ਹੈ, ਦਸਮੇਸ਼ ਪਿਤਾ ਦਾ ਪ੍ਰਮਾਤਮਾ ਦੀ ਮੌਤ ਉਪਜਾਇਆ ‘ਖਾਲਸਾ’ ਹੈ। ਦੁਬਿਧਾ ਵਾਲੇ ਹਮੇਸ਼ਾ ਅੱਧਵਾਟੇ ਰਹਿੰਦੇ ਹਨ, ਅੱਜ ਕੌਮ ਆਪਣੀ ਵਿਲੱਖਣਤਾ ਤੇ ਨਿਆਰੇਪਣ ਤੋਂ ਟੁੱਟ ਕੇ ਸੁਆਰਥ ਤੇ ਪਦਾਰਥ ਦੀ ਅੰਨੀ ਦੌੜ ਦਾ ਸ਼ਿਕਾਰ ਹੋ ਗਈ ਹੈ। ਸੁਆਰਥ ਦੀ ਗੁਲਾਮੀ ਦਾ ਅਰਥ ਸਿੱਖੀ ਨੂੰ ਪਿੱਠ ਵਿਖਾਉਣਾ ਹੈ ਅਤੇ ਗੁਰੂ ਵੱਲ ਮੂੰਹ ਕਰਨ ਦੀ ਸਮਰੱਥਾ, ਸਾਡਾ ਮੂਲ ਹੀ ਬਖ਼ਸ ਸਕਦਾ ਹੈ। ਜਦੋਂ ਤੱਕ ਗੁਰੂ ਗਿਆਨ ਨੂੰ ਮਨ ’ਚ ਵਸਾ ਕੇ ਸਤਿਮਾਰਗ ਦਾ ਧਾਰਣੀ ਨਹੀਂ ਹੋਇਆ ਜਾਂਦਾ, ਉਦੋਂ ਤੱਕ ‘ਸਚਿਆਰੇ’ ਨਹੀਂ ਬਣਿਆ ਜਾ ਸਕਦਾ। ਪ੍ਰੰਤੂ ‘ਸਚਿਆਰੇ’ ਬਣੇ ਤੋਂ ਬਿਨਾਂ ਕੂੜ ਦੇ ਜਾਲ ਨੂੰ ਨਹੀਂ ਤੋੜਿਆ ਜਾ ਸਕਦਾ। ਵਿਰਸਾ ਤੇ ਇਤਿਹਾਸ, ਮੂਲ ਨਾਲ ਜੋੜੀ ਰੱਖਣ ਦੀਆਂ ਅਹਿਮ ਕੜੀਆਂ ਹਨ, ਪਰ ਅਸੀਂ ਆਪਣੇ ਵਿਰਸੇ ਤੇ ਇਤਿਹਾਸ ਦੋਵਾਂ ਨੂੰ ਭੁੱਲ-ਵਿਸਰ ਗਏ ਹਾਂ, ਜਿਸ ਕਾਰਣ ਖ਼ੁਆਰ ਹੋ ਰਹੇ ਹਾਂ। ਭਾਵੇਂ ਕਿ ਮੂਲ ਪਛਾਣਨ ਦੇ ਗਹਿਰੇ ਅਰਥ ਅਧਿਆਤਮਕਤਾ ਨਾਲ ਜੁੜੇ ਹਨ, ਪ੍ਰੰਤੂ ਜਿਹੜਾ ਆਪਣੇ ਸੰਸਾਰਕ ਮੂਲ ਤੋਂ ਟੁੱਟਿਆ ਹੋਵੇਗਾ, ਉਹ ਕਦੇ ਵੀ ਆਪਣੇ ਸਿਖ਼ਰਲੇ ਮੂਲ ਦੀ ਪਛਾਣ ਨਹੀਂ ਕਰ ਸਕੇਗਾ। ਦੁਨੀਆਂ ਦੇ ਵੱਡੇ ਵੱਡੇ ਮਨੋਵਿਗਿਆਨੀ ਅਤੇ ਵਿਗਿਆਨੀ ਮਨ ਦੀ ਸ਼ਕਤੀ ਦੀ ਥਾਹ ਨਹੀਂ ਪਾ ਸਕੇ, ਜਿਸ ਕਾਰਣ ਇਸ ਨੂੰ ਸਮੁੰਦਰੋਂ ਡੂੰਘਾ ਵੀ ਆਖਿਆ ਜਾਂਦਾ ਹੈ, ਪ੍ਰੰਤੂ ਜਦੋਂ ਤੱਕ ਮਨ ਆਪਣੇ ਮੂਲ ਦੀ ਪਛਾਣ ਨਹੀਂ ਕਰਦਾ, ਉਦੋਂ ਤੱਕ ਉਹ ਭਟਕਣ ਦਾ ਸ਼ਿਕਾਰ ਹੀ ਰਹਿੰਦਾ ਹੈ।

Editorial
Jaspal Singh Heran

Click to read E-Paper

Advertisement

International