ਖਹਿਰਾ ਨੇ ‘ਆਪ’ ਨੂੰ ਆਖੀ ਆਖ਼ਰੀ ਸਲਾਮ, ਭਲਕੇ ਕਰ ਸਕਦੇ ਨੇ ਨਵੀਂ ਪਾਰਟੀ ਦਾ ਐਲਾਨ

ਚੰਡੀਗੜ, 6 ਜਨਵਰੀ (ਹਰੀਸ਼ ਚੰਦਰ ਬਾਗਾਂਵਾਲਾ/ਮੇਜਰ ਸਿੰਘ/ਰਾਜਵਿੰਦਰ ਰਾਜੂ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੂੰ ਭੇਜੇ ਅਸਤੀਫੇ ਵਿਚ ਉਨਾਂ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇਣ ਲਈ ਮਜਬੂਰ ਹਾਂ ਕਿਉਂਕਿ ਪਾਰਟੀ ਉਹਨਾਂ ਸਾਰੇ ਆਦਰਸ਼ਾਂ ਅਤੇ ਵਿਚਾਰਧਾਰਾ ਤੋਂ ਪੂਰੀ ਤਰਾਂ ਨਾਲ ਭਟਕ ਚੁੱਕੀ ਹੈ ਜਿਹਨਾਂ ਉੱਪਰ ਚੱਲਦਿਆਂ ਅੰਨਾ ਹਜਾਰੇ ਅੰਦੋਲਨ ਤੋਂ ਬਾਅਦ ਇਸ ਨੂੰ ਬਣਾਇਆ ਗਿਆ ਸੀ। ਦੱਸਣ ਦੀ ਲੋੜ ਨਹੀਂ ਕਿ ਦੇਸ਼ ਵਿਚਲੀਆਂ ਰਵਾਇਤੀ ਸਿਆਸੀ ਪਾਰਟੀਆਂ ਦਾ ਮੋਜੂਦਾ ਸਿਆਸੀ ਕਲਚਰ ਬੁਰੀ ਤਰਾਂ ਨਾਲ ਗੰਦਲਾ ਹੋ ਗਿਆ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਬਣਨ ਉੱਪਰ ਲੋਕਾਂ ਵਿੱਚ ਭਾਰੀ ਉਮੀਦ ਜਾਗੀ ਸੀ।ਭਿ੍ਰਸ਼ਟ ਸਿਸਟਮ ਨੂੰ ਸਾਫ ਕਰਨ ਦੇ ਉਦੇਸ਼ ਨਾਲ ਭਾਰਤ ਦੇ ਸਿਆਸੀ ਘਟਨਾਕ੍ਰਮ ਵਿੱਚ ਆਮ ਆਦਮੀ ਪਾਰਟੀ ਦੇ ਉੱਭਰਣ ਨਾਲ ਵਿਸ਼ਵ ਦੇ ਹੋਰਨਾਂ ਲੋਕਾਂ ਵਾਂਗ ਮੈਂ ਵੀ ਬਹੁਤ ਪ੍ਰਭਾਵਿਤ ਹੋਇਆ। ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੇ ਮੈਨੂੰ ਤੁਹਾਡੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ ਤਾਂ ਕਿ ਪੰਜਾਬ ਦੇ ਹਾਲਤ ਸੁਧਾਰੇ ਜਾ ਸਕਣ।

ਪਰੰਤੂ ਬਦਕਿਸਮਤੀ ਨਾਲ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੈਂ ਇਹ ਮਹਿਸੂਸ ਕੀਤਾ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਕਿਸੇ ਪੱਖ ਤੋਂ ਵੀ ਵੱਖ ਨਹੀਂ ਸੀ। 2017 ਪੰਜਾਬ ਚੋਣਾਂ ਤੋਂ ਪਹਿਲਾਂ ਹੋਏ ਘਟਨਾਕ੍ਰਮ ਨੇ ਮੇਰੀ ਇਸ ਸੋਚ ਨੂੰ ਪੁਖਤਾ ਸਾਬਿਤ ਕੀਤਾ ਕਿ ਪਾਰਟੀ ਵਿੱਚ ਕਿਸੇ ਪ੍ਰਕਾਰ ਦਾ ਵੀ ਅੰਦਰੂਨੀ ਲੋਕਤੰਤਤਰ ਨਹੀਂ ਹੈ। ਜੇਕਰ ਤੁਹਾਨੂੰ ਯਾਦ ਹੋਵੇ ਮੈਂ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਦੀ ਵੰਡ ਉੱਪਰ ਸਖਤ ਇਤਰਾਜ ਜਤਾਇਆ ਸੀ ਕਿਉਂਕਿ ਸਾਨੂੰ ਪੈਸੇ ਦੇ ਲੈਣ ਦੇਣ ਅਤੇ ਪੱਖਪਾਤ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਅਤਿ ਵਿਸ਼ਵਾਸ ਦੇ ਕਾਰਨ ਤੁਸੀਂ ਪੰਜਾਬੀਆਂ ਦੀ ਮਾਨਸਿਕਤਾ ਸਮਝਣ ਵਿੱਚ ਵੀ ਅਸਫਲ ਰਹੇ। ਤੁਸੀਂ ਸਿਰਫ ਆਪਣੇ ਦੋ ਸੂਬੇਦਾਰਾਂ ਦੀ ਹੀ ਗੱਲ ਸੁਣੀ ਜੋ ਕਿ ਪੰਜਾਬ ਨੂੰ ਚਲਾਉਣ ਲਈ ਨਿਯੁਕਤ ਕੀਤੇ ਸਨ ਅਤੇ ਜਮੀਨੀ ਪੱਧਰ ਦੇ ਆਮ ਆਦਮੀ ਪਾਰਟੀ ਵਲੰਟੀਅਰਾਂ ਦੀਆਂ ਭਾਵਨਾਵਾਂ ਦਾ ਰਤਾ ਭਰ ਵੀ ਖਿਆਲ ਨਹੀ ਕੀਤਾ। ਪੰਜਾਬ ਵਿੱਚ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਦੇ ਕੇ ਤੁਸੀਂ ਅਕਸਰ ਲਗਾਏ ਜਾਂਦੇ ਇਹਨਾਂ ਇਲਜਾਮਾਂ ਨੂੰ ਵੀ ਪੁਖਤਾ ਸਾਬਿਤ ਕੀਤਾ ਕਿ ਜਿੱਤ ਉਪਰੰਤ ਕੋਈ ਬਾਹਰੀ ਵਿਅਕਤੀ ਆ ਕੇ ਸੂਬੇ ਨੂੰ ਚਲਾਵੇਗਾ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਕਿਸੇ ਬਾਹਰੀ ਵਿਅਕਤੀ ਦੀ ਈਨ ਨਹੀਂ ਮੰਨਦੇ।

ਜਿਵੇਂ ਕਿ ਆਸ ਸੀ ਤੁਹਾਡੇ ਸੂਬੇਦਾਰਾਂ ਵੱਲੋਂ ਅਕਸਰ ਕੀਤੇ ਜਾਂਦੇ 100 ਸੀਟਾਂ ਦੇ ਦਾਅਵਿਆਂ ਦੇ ਬਾਵਜੂਦ ਪਾਰਟੀ ਸਿਰਫ 20 ਸੀਟਾਂ ਹੀ ਪ੍ਰਾਪਤ ਕਰ ਸਕੀ। ਦੁਖਦਾਈ ਪਹਿਲੂ ਇਹ ਹੈ ਕਿ ਇੱਕ ਪਾਰਟੀ ਜੋ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਹਾਮੀ ਹੋਵੇ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਨੂੰ ਇਸ ਸ਼ਰਮਨਾਕ ਹਾਰ ਲਈ ਜਿੰਮੇਵਾਰ ਨਹੀਂ ਠਹਿਰਾ ਸਕੀ। ਇਹ ਵੀ ਤੱਥ ਹੈ ਕਿ ਇਹਨਾਂ ਸੂਬੇਦਾਰਾਂ ਵਿੱਚੋਂ ਹੀ ਇੱਕ ਅੱਜ ਵੀ ਪਰਦੇ ਦੇ ਪਿੱਛੇ ਤੋਂ ਪੰਜਾਬ ਨੂੰ ਚਲਾ ਰਿਹਾ ਹੈ ਜਦਕਿ ਉਸ ਖਿਲਾਫ ਭਾਰੀ ਰੋਲਾ ਪਿਆ।

ਡਰੱਗਸ ਦੇ ਦਾਗੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਕੋਲੋਂ ਤੁਹਾਡੇ ਵੱਲੋਂ ਮੰਗੀ ਗਈ ਕਾਇਰਤਾ ਭਰਪੂਰ ਮੁਆਫੀ ਨੇ ਸਿਆਸਤ ਵਿੱਚ ਤੁਹਾਡੇ ਦੋਹਰੇ ਮਾਪਦੰਡਾਂ ਦਾ ਖੁਲਾਸਾ ਕੀਤਾ। ਪੰਜਾਬ ਦੇ ਦਰਿਆਈ ਪਾਣੀਆਂ ਦੇ ਅਹਿਮ ਮੁੱਦੇ ਉੱਪਰ ਤੁਹਾਡੇ ਦੋਗਲੇ ਬਿਆਨਾਂ ਨੇ ਤੁਹਾਨੂੰ ਭਾਰਤ ਦੇ ਚਤੁਰ ਲੀਡਰਾਂ ਦੀ ਜਮਾਤ ਵਿੱਚ ਲਿਆ ਖੜਾ ਕੀਤਾ। ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਕੋਲ ਕਰਕੇ ਤੁਸੀਂ ਆਪਣੇ ਸੱਭ ਤੋਂ ਅਹਿਮ ਵਾਅਦੇ ਸਵਰਾਜ ਤੋਂ ਵੀ ਸ਼ਰੇਆਮ ਮੁੱਕਰ ਗਏ ਹੋ।ਸਿਰਫ ਪਾਰਟੀ ਉੱਪਰ ਆਪਣਾ ਕਬਜ਼ਾ ਰੱਖਣ ਅਤੇ ਕਨਵੀਨਰ ਬਣੇ ਰਹਿਣ ਲਈ ਤੁਸੀਂ ਪਾਰਟੀ ਦੇ ਸੰਵਿਧਾਨ ਨੂੰ ਵੀ ਛਿੱਕੇ ਉੱਪਰ ਟੰਗ ਦਿੱਤਾ। ਕਾਂਗਰਸ ਨਾਲ ਮੁੜ ਮੁੜ ਹੋ ਰਹੀ ਤੁਹਾਡੀ ਗੱਲਬਾਤ ਵੀ ਸਿਆਸੀ ਮੋਕਾਪ੍ਰਸਤੀ ਦੀ ਇੱਕ ਉਦਾਹਰਣ ਹੈ ਜਿਸਨੇ ਕਿ ਭਾਰਤ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਮੈਨੂੰ ਇਹ ਦੱਸਦੇ ਬਹੁਤ ਦੁੱਖ ਹੋ ਰਿਹਾ ਹੈ ਕਿ ਗਲ ਸੜ ਚੁੱਕੇ ਸਿਸਟਮ ਦਾ ਇੱਕ ਸਾਫ ਬਦਲ ਦੇ ਭਾਰਤੀਆਂ ਅਤੇ ਪੰਜਾਬੀਆਂ ਦੇ ਸੁਪਨਿਆਂ ਨੂੰ ਤੁਹਾਡੇ ਤਾਨਾਸ਼ਾਹੀ ਵਤੀਰੇ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਜਿਸ ਦੇ ਨਤੀਜੇ ਵਜੋਂ ਪ੍ਰਸ਼ਾਂਤ ਭੂਸ਼ਨ ਤੋਂ ਲੈ ਕੇ ਐਚ.ਐਸ.ਫੂਲਕਾ ਤੱਕ ਪਾਰਟੀ ਦੇ ਅਹਿਮ ਆਗੂ ਜਾਂ ਤਾਂ ਪਾਰਟੀ ਛੱਡ ਗਏ ਹਨ ਜਾਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੈ। ਸਾਫ ਸੁਥਰੇ ਸਿਆਸੀ ਬਦਲ ਦੇ ਸੁਪਨੇ ਨੂੰ ਪੰਜਾਬ ਵਿੱਚ ਹਕੀਕਤ ਵਿੱਚ ਬਦਲਣ ਲਈ ਅਸੀਂ ਅਜ ਵੀ ਆਸਵੰਦ ਹਾਂ ਜੋ ਕਿ ਤੁਹਾਡੇ ਮੁਕੰਮਲ ਕੇਂਦਰੀਕਰਨ ਵਾਲੇ ਹਾਈ ਕਮਾਂਡ ਕਲਚਰ ਦਾ ਹਿੱਸਾ ਰਹਿ ਕੇ ਪੂਰਾ ਹੋਣਾ ਅਸੰਭਵ ਹੈ।

ਭਾਂਵੇ ਕਿ ਤੁਸੀਂ ਸਾਡੇ ਚੰਗੇ ਕੰਮਾਂ ਦਾ ਇਨਾਮ ਮੈਨੂੰ ਅਤੇ ਕੰਵਰ ਸੰਧੂ ਨੂੰ ਪਾਰਟੀ ਵਿੱਚੋਂ ਸਸਪੈਂਡ ਕਰਕੇ ਦੇ ਚੁੱਕੇ ਹੋ ਪਰੰਤੂ ਹੁਣ ਮੈਂ ਤੁਹਾਡੇ ਅਤੇ ਆਪ ਨਾਲੋਂ ਨਾਤਾ ਮੁਕੰਮਲ ਤੋਰ ਉੱਪਰ ਤੋੜਣ ਲਈ ਮਜਬੂਰ ਹਾਂ ਅਤੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।

 

ਖਹਿਰਾ ਧੜੇ ’ਚ ਜਾ ਸਕਦੇ ਹਨ ਦੋ ਹੋਰ ‘ਆਪ’ ਵਿਧਾਇਕ

ਚੰਡੀਗੜ, 6 ਜਨਵਰੀ : ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅੱਜ ਅਸਤੀਫ਼ਾ ਦੇਣ ਤੋਂ ਬਾਅਦ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਭਲਕੇ ਸੋਮਵਾਰ ਨੂੰ ਜਾਂ ਨੇੜ ਭਵਿੱਖ ਚ ਆਪਣੀ ਅਗਲੇਰੀ ਸਿਆਸੀ ਰਣਨੀਤੀ ਦਾ ਖ਼ੁਲਾਸਾ ਇੱਕ ਪ੍ਰੈੱਸ-ਕਾਨਫ਼ਰੰਸ ਰਾਹੀਂ ਕਰਨਗੇ। ਇਸ ਦੌਰਾਨ ਖਰੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਕੰਵਰ ਸੰਧੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਦੇ ਨਾਲ ਦੇ ਛੇ ਵਿਧਾਇਕ ਇੱਕ-ਦੋ ਦਿਨਾਂ ਵਿੱਚ ਆਪਣੀ ਅਗਲੇਰੀ ਰਣਨੀਤੀ ਦਾ ਐਲਾਨ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਭਰੋਸੇਯੋਗ ਸੂਤਰਾਂ ਨੇ ਇਹ ਵੀ ਦੱਸਿਆ ਕਿ ਮੰਗਲਵਾਰ 8 ਜਨਵਰੀ ਨੂੰ ਇਹ ਸਾਰੇ ਆਗੂ ਆਪਣੀ ਵੱਖਰੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਘੱਟੋ-ਘੱਟ ਦੋ ਹੋਰ ਵਿਧਾਇਕ ਦਿੱਲੀ-ਪੱਖੀ ਧੜੇ ਤੋਂ ਟੁੱਟ ਕੇ ਸੁਖਪਾਲ ਖਹਿਰਾ ਵਾਲੀ ਪਾਰਟੀ ਨਾਲ ਆ ਕੇ ਜੁੜ ਜਾਣਗੇ। ਉਹ ਕਿਹੜੇ ਵਿਧਾਇਕ ਹੋ ਸਕਦੇ ਹਨ, ਇਸ ਬਾਰੇ ਵੀ ਸਿਆਸੀ ਗਲਿਆਰਿਆਂ ਚ ਕਈ ਤਰਾਂ ਦੀਆਂ ਕਿਆਸਅਰਾਈਆਂ ਲੱਗਣ ਲੱਗ ਪਈਆਂ ਹਨ। ਇਸ ਧੜੇ ਵੱਲੋਂ ਪਹਿਲਾਂ ਐਲਾਨੇ ਗਏ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਵੀ ਇਸ ਨਵੀਂ ਪਾਰਟੀ ਚ ਵੱਡੀ ਭੂਮਿਕਾ ਰਹੇਗੀ।

ਇਹ ਕੱਲ ਸੋਮਵਾਰ ਨੂੰ ਹੀ ਪਤਾ ਲੱਗੇਗਾ (ਜੇ ਭਲਕੇ ਉਨਾਂ ਪ੍ਰੈੱਸ ਕਾਨਫ਼ਰੰਸ ਕੀਤੀ) ਕਿ ਕੀ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾ ਉਨਾਂ ਨਾਲ ਆ ਕੇ ਖਲੋਂਦੇ ਹਨ ਜਾਂ ਨਹੀਂ ਜਾਂ ਅਜਿਹੇ ਵੇਲੇ ਕੀ ਸ੍ਰੀ ਹਰਵਿੰਦਰ ਸਿੰਘ ਫੂਲਕਾ ਉਨਾਂ ਨਾਲ ਕੋਈ ਸਟੈਂਡ ਲੈਂਦੇ ਹਨ ਜਾਂ ਨਹੀਂ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਉਂਝ ਸ੍ਰੀ ਫੂਲਕਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਹੁਣ ਚੋਣ ਨਹੀਂ ਲੜਨਗੇ।

ਇੰਨਾ ਜ਼ਰੂਰ ਤੈਅ ਹੈ ਕਿ ਸਪੀਕਰ ਹੁਣ ਉਨਾਂ ਨੂੰ ਕਾਨੂੰਨ ਮੁਤਾਬਕ ਅਯੋਗ ਕਰਾਰ ਦੇ (ਡਿਸਕੁਆਲੀਫ਼ਾਈ ਕਰ) ਸਕਦੇ ਹਨ ਅਤੇ ਜਾਂ ਉਨਾਂ ਬਾਰੇ ਫ਼ੈਸਲਾ ਕੁਝ ਸਮੇਂ ਲਈ ਮੁਲਤਵੀ ਵੀ ਕਰ ਸਕਦੇ ਹਨ। ਜੇ ਆਮ ਜਨਤਕ ਰਾਇ ਨੂੰ ਵੇਖੀਏ, ਤਾਂ ਪਿਛਲੇ ਕੁਝ ਦਿਨਾਂ ਦੌਰਾਨ ਸੁਖਪਾਲ ਖਹਿਰਾ ਦੀ ਹਰਮਨਪਿਆਰਤਾ ਵਿੱਚ ਹੁਣ ਥੋੜੀ ਕਮੀ ਵੇਖੀ ਜਾ ਰਹੀ ਹੈ। ਲੋਕਾਂ ਨੇ ਸ੍ਰੀ ਖਹਿਰਾ ਤੋਂ ਆਸਾਂ ਬਹੁਤ ਉੱਚੀਆਂ ਰੱਖੀਆਂ ਹਨ ਤੇ ਉਨਾਂ ਨੂੰ ਹੁਣ ਇਨਾਂ ਆਸਾਂ ਤੇ ਖਰੇ ਉੱਤਰ ਕੇ ਵਿਖਾਉਣਾ ਹੀ ਹੋਵੇਗਾ।

 

ਖਹਿਰਾ ਵਿਧਾਇਕੀ ਤੋਂ ਅਸਤੀਫ਼ਾ ਦੇਵੇ : ਮਾਨ

ਸੰਗਰੂਰ, 6 ਜਨਵਰੀ (ਹਰਬੰਸ ਮਾਰਡੇ) : ਆਮ ਆਦਮੀ ਪਾਰਟੀ ਤੋਂ ਸੁਖਪਾਲ ਖਹਿਰਾ ਵੱਲੋਂ ਅਸਤੀਫ਼ੇ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਦੀ ਮੈਂਬਰੀ ਤਿਆਗਣ ਦੀ ਮੰਗ ਕੀਤੀ ਹੈ। ਮਾਨ ਨੇ ਕਿਹਾ ਹੈ ਕਿ ਖਹਿਰਾ ਪਾਰਟੀ ਦੇ ਨਿਸ਼ਾਨ ‘ਤੇ ਹੀ ਵਿਧਾਇਕ ਬਣੇ ਸਨ। ਇਸ ਲਈ ਉਨਾਂ ਨੂੰ ਵਿਧਾਇਕੀ ਵੀ ਛੱਡਣੀ ਚਾਹੀਦੀ ਹੈ। ਉਨਾਂ ਅਕਾਲੀ ਲੀਡਰ ਜਗੀਰ ਕੌਰ ਦੇ ਬਿਆਨ ਦੀ ਹਮਾਇਤ ਕਰਦਿਆਂ ਖਹਿਰਾ ਨੂੰ ਪੋਲਿੰਗ ਏਜੰਟ ਜੋਗੇ ਕਰਾਰ ਦੇ ਦਿੱਤਾ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਖਹਿਰਾ ਪਾਰਟੀ ਦਾ ਹਿੱਸਾ ਹੀ ਨਹੀਂ ਰਹਿਣਾ ਚਾਹੁੰਦੇ ਤਾਂ ਪਾਰਟੀ ਵੱਲੋਂ ਆਪਣੇ ਚੋਣ ਨਿਸ਼ਾਨ ‘ਤੇ ਦਿਵਾਇਆ ਵਿਧਾਇਕ ਦਾ ਅਹੁਦਾ ਵੀ ਛੱਡਣਾ ਚਾਹੀਦਾ ਹੈ। ਅਜਿਹਾ ਨਾ ਕਰਕੇ ਉਹ ਲੋਕਾਂ ਨੂੰ ਧੋਖਾ ਦੇ ਰਹੇ ਹਨ। ਉਨਾਂ ਕਿਹਾ ਕਿ ਖਹਿਰਾ ਨੂੰ ਪਤਾ ਹੈ ਕਿ ਜੇਕਰ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ਤੋਂ ਉਹ ਚੋਣ ਲੜਦੇ ਹਨ ਤਾਂ ਹਾਰ ਜਾਣਗੇ।

ਮਾਨ ਨੇ ਕਿਹਾ ਕਿ ਲੋਕਾਂ ਨੇ ਖਹਿਰਾ ਨੂੰ ਪਹਿਲਾਂ ਹੀ ਸ਼ੀਸ਼ਾ ਦਿਖਾ ਦਿੱਤਾ ਹੈ, ਇਸੇ ਕਰਕੇ ਉਨਾਂ ਦੀ ਭਰਜਾਈ ਵੀ ਸਰਪੰਚੀ ਦੀ ਚੋਣ ਹਾਰ ਗਈ। ਉਨਾਂ ਕਿਹਾ ਕਿ ਖਹਿਰਾ ਤਾਂ ਕਹਿੰਦੇ ਆਏ ਹਨ ਕਿ ਉਹ ਸਾਰੇ ਅਹੁਦੇ ਤਿਆਗਦੇ ਹਨ ਤਾਂ ਫਿਰ ਐਮਐਲਏਸ਼ਿਪ ਤੋਂ ਵੀ ਅਸਤੀਫ਼ਾ ਦੇਣ ਤੇ ਆਪਣੀ ਪਾਰਟੀ ਤੋਂ ਚੋਣ ਲੜਨ ਤਾਂ ਹੀ ਹਕੀਕਤ ਦਾ ਪਤਾ ਲੱਗੇਗਾ।

 

ਕੀ ਖਹਿਰਾ ਵਿਧਾਇਕੀ ਛੱਡਣਗੇ?

ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਚਰਚਾ ਚੱਲ ਪਈ ਹੈ ਕਿ ਸੁਖਪਾਲ ਸਿੰਘ ਖਹਿਰਾ ਕੀ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇਣਗੇ। ਖਹਿਰਾ ਦੇ ਸਿਆਸੀ ਵਿਰੋਧੀ ਕਹਿ ਰਹੇ ਹਨ ਕਿ ਖਹਿਰਾ ਜੇਕਰ ਪੰਜਾਬ ਦੇ ਹਿਤੈਸ਼ੀ ਅਖਵਾਉਂਦੇ ਹਨ ਤਾਂ ਉਹ ਪਹਿਲਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਉਸ ਤੋਂ ਬਾਅਦ ਫਿਰ ਚੋਣ ਲੜਨ ਤਾਂ ਕਿ ਪਤਾ ਲੱਗ ਸਕੇ ਕਿ ਲੋਕ ਖਹਿਰਾ ਨੂੰ ਕਿੰਨਾ ਕੁ ਹੁੰਗਾਰਾ ਦਿੰਦੇ ਹਨ ।

ਇਕ ਚਰਚਾ ਇਹ ਵੀ ਹੈ ਕਿ ਜੇਕਰ ਖਹਿਰਾ ਵੱਖਰੀ ਪਾਰਟੀ ਬਣਾ ਕੇ ਪਾਰਟੀ ਨੂੰ ਰਜਿਸਟਰਡ ਕਰਵਾ ਲੈਂਦੇ ਹਨ ਤਾਂ ਉਨਾਂ ਨੂੰ ਵਿਧਾਇਕ ਦਾ ਅਹੁਦਾ ਵੀ ਛੱਡਣਾ ਪਵੇਗਾ। ਸਿਆਸੀ ਮਾਹਰ ਇਹ ਵੀ ਕਹਿ ਰਹੇ ਹਨ ਕਿ ਖਹਿਰਾ ਜੇਕਰ ਡਾਕਟਰ ਧਰਮਵੀਰ ਗਾਂਧੀ ਦੀ ਤਰਾਂ ਕੋਈ ਫਰੰਟ ਜਾਂ ਮੰਚ ਬਣਾ ਲੈਂਦੇ ਹਨ ਤਾਂ ਉਨਾਂ ਦੀ ਵਿਧਾਇਕ ਦੀ ਕੁਰਸੀ ਬਚੀ ਰਹੇਗੀ ।

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦਾ ਕਹਿਣਾ ਹੈ ਕਿ ਖਹਿਰਾ  ਖੁਦਗਰਜ਼ ਆਗੂ ਹਨ ਇਹੋ ਜਿਹੇ ਆਗੂਆਂ ਦੀ ਆਮ ਆਦਮੀ ਪਾਰਟੀ ਨੂੰ ਕੋਈ ਲੋੜ ਨਹੀਂ। ਪੰਜਾਬ ਕਾਂਗਰਸ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਪਹਿਲਾਂ ਵਿਧਾਇਕ ਪਦ ਤੋਂ ਅਸਤੀਫਾ ਦਿੰਦੇ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਦੋਫਾੜ ਸੀ ਅਤੇ ਹੌਲੀ ਹੌਲੀ ਬਿਲਕੁਲ ਹੀ ਇਸ ਪਾਰਟੀ ਦਾ ਖਾਤਮਾ ਹੋ ਜਾਵੇਗਾ।

Unusual
Sukhpal Singh Khaira
Resign
Punjab Politics
Aam Aadmi Party

Click to read E-Paper

Advertisement

International