ਬੀਬੀ ਚਾਵਲਾ ! ਸਿੱਖ ਜੁਆਨੀ ਨੂੰ ਕੋਹ-ਕੋਹ ਕੇ ਮਾਰਨ ਵਾਲੇ ਨੂੰ ਫਿਰ ਕੀ ਆਖਿਆ ਜਾਵੇ?

ਜਸਪਾਲ ਸਿੰਘ ਹੇਰਾਂ
ਪੰਥਕ ਵਿਦਵਾਨ ਸਰਬਜੀਤ ਸਿੰਘ ਘੁਮਾਣ ਨੇ ਪੰਜਾਬ 'ਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲ਼ਿਆਂ 'ਚ ਹੋਏ ਵਹਿਸ਼ੀਆਨਾ ਕਤਲੇਆਮ ਸੰਬੰਧੀ ਅਤੇ ਇਸ ਕਤਲੇਆਮ ਦੇ ਮੁੱਖ ਦੋਸ਼ੀ ਕੇ.ਪੀ.ਐੱਸ ਗਿੱਲ ਦੇ ਅਣਮਨੁੱਖੀ  ਵਤੀਰੇ ,ਜ਼ਾਲਮਾਨਾ ਰੋਲ ਸੰਬੰਧੀ ਇੱਕ ਕਿਤਾਬ “ਪੰਜਾਬ ਦਾ ਬੁੱਚੜ” ਲਿਖੀ ਹੈ। ਲੇਖਕ ਨੇ ਗਿੱਲ ਲਈ ਵਿਸ਼ੇਸ਼ਣ  “ਬੁੱਚੜ” ਲਿਖਿਆ ਹੈ। ਜਿਸ ਵਿਅਕਤੀ ਨੇ ਖੂੰਖਾਰ ਬਣਕੇ, ਪੰਜਾਬ 'ਚ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਖੂਨ ਪੀਤਾ ਹੋਵੇ, ਉਸ ਲਈ ਲੇਖਕ ਨੂੰ 'ਬੁੱਚੜ' ਤੋਂ ਇਲਾਵਾ ਹੋਰ ਕੋਈ ਢੁੱਕਵਾਂ ਵਿਸ਼ੇਸ਼ਣ ਹੀ ਨਹੀਂ ਲੱਭਿਆ ਹੋਣਾ। ਇਸ ਲਈ ਸਿਰਲੇਖ ਤੋਂ ਕਿਤਾਬ ਅੰਦਰਲੇ ਵਿਸ਼ੇ ਦੀ ਝਲਕ ਮਿਲਣੀ ਚਾਹੀਦੀ ਹੈ,ਉਸ ਲੋੜ ਦੀ ਪੂਰਤੀ ਲਈ ਲੇਖਕ ਨੇ ਇਸ ਕੌੜੇ ਪਰ ਪੁੱਖਤਾ ਸ਼ਬਦ ਦੀ ਵਰਤੋਂ ਕੀਤੀ ਹੈ। ਬੀਬੀ ਲਕਸ਼ਮੀ ਕਾਂਤ ਚਾਵਲਾ, ਜਿਸ ਨੇ ਹਮੇਸ਼ਾਂ ਸਿੱਖਾਂ ਦੇ ਅੱਲੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ,ਉਸ ਨੂੰ ਲੇਖਕ ਦੁਆਰਾ ਵਰਤੇ ਗਏ 'ਬੁੱਚੜ 'ਸ਼ਬਦ ਦੀ ਡਾਢੀ ਪੀੜ ਹੋਈ ਹੈ। ਸਿੱਖਾਂ ਨੂੰ ਕੋਹ-ਕੋਹ ਕੇ ਮਾਰਨ ਵਾਲਾ ਬੀਬੀ ਲਈ ਵੱਡਾ ਦੇਸ਼ ਭਗਤ ਹੈ। ਉਸ ਲਈ 'ਬੁੱਚੜ' ਦਾ ਖ਼ਿਤਾਬ ਬੀਬੀ ਤੋਂ ਝੱਲ੍ਹ ਨਹੀਂ ਹੋਇਆ। ਬੀਬੀ ਭਗਵਾਂ ਬ੍ਰਿਗੇਡ ਦੀ ਭਗਤ ਹੈ, ਜਿਹੜੀ ਭਗਵਾਂ ਬ੍ਰਿਗੇਡ ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨ ਲਈ ਦਿਨ-ਰਾਤ ਕਾਹਲੀ ਹੈ। ਸਿੱਖ ਵਿਰੋਧੀ ਸੋਚ ਦੀ ਧਾਰਨੀ ਬੀਬੀ ਨੇ ਪੰਜਾਬ 'ਚ ਹਮੇਸ਼ਾਂ ਜ਼ਹਿਰੀਲੀ ,ਫਿਰਕੂ ਅੱਗ ਦੇ ਭਾਂਬੜ ਬਾਲਣ ਦੀ ਕੋਸ਼ਿਸ਼ ਕੀਤੀ ਹੈ। ਕਦੇ ਪੰਜਾਬੀ ਸੂਬੇ ਦਾ ਕਰੜਾ ਵਿਰੋਧ ਕਰਕੇ, ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਮਨੁੱਖੀ  ਅਧਿਕਾਰਾਂ ਦੀ ਰਾਖ਼ੀ ਲਈ ਆਰੰਭੀ ਲਹਿਰ ਵਿਰੁੱਧ ਜ਼ਹਿਰ ਉਗਲ ਕੇ, ਕਦੇ ਸਿੱਖਾਂ ਦੇ ਆਜ਼ਾਦ ਰਾਜ ਦੀ ਮੰਗ ਨੂੰ ਦੇਸ਼ ਧ੍ਰੋਹੀ ਗਰਦਾਨ ਕੇ, ਕਦੇ ਸਿੱਖਾਂ ਵੱਲੋਂ ਕੀਤੀਨ ਇਨਸਾਫ਼ ਦੀ ਮੰਗ ਨੂੰ ਵੀ ਦੇਸ਼ ਲਈ ਖ਼ਤਰਨਾਕ ਆਖ ਕੇ ,ਇਸ ਬੀਬੀ ਨੇ ਹਮੇਸ਼ਾਂ ਸਿੱਖਾਂ ਤੇ ਪੰਜਾਬੀ ਵਿਰੁੱਧ ਜ਼ਹਿਰੀਲਾ ਪ੍ਰਚਾਰ ਕੀਤਾ ਹੈ ਤੇ ਨਿਰੰਤਰ ਕਰ ਰਹੀ ਹੈ।

ਅਸੀਂ ਬੀਬੀ ਨੂੰ ਜ਼ਰੂਰ ਪੁੱਛਣਾ ਚਾਹਾਂਗੇ ਕਿ ਡੇਢ ਦਹਾਕਾ ਪੰਜਾਬ 'ਚ ਸਿੱਖ ਗੱਭਰੂਆਂ ਦੇ ਖੂਨ ਦੀ ਹੋਲੀ ਖੇਡੀ ਗਈ । ਪੰਜਾਬ ਦਾ ਚੱਪਾ -ਚੱਪਾ ਸਿੱਖ ਨੌਜਵਾਨਾਂ ਦੇ ਖੁਨ ਨਾਲ ਰੰਗਿਆ ਗਿਆ। ਪਿੰਡ-ਪਿੰਡ ਰੋਜ਼ਾਨਾ ਦਰਜਨਾਂ ਸਿਵੇ ਸਿੱਖ ਗੱਭਰੂਆਂ ਦੀਆਂ ਮ੍ਰਿਤਕ ਦੇਹਾਂ ਦੇ ਬਲ਼ਦੇ ਰਹੇ। 25 ਹਜ਼ਾਰ ਲਾਸ਼ਾਂ ਅਣਪਛਾਤੀਆਂ ਆਖ ਕੇ ਸਾੜ ਦਿੱਤੀਆਂ ਗਈਆਂ, ਅੱਜ ਵੀ ਸੈਂਕੜੇ ਸਿੱਖ ਪਿਛਲੇ 30 ਵਰ੍ਹਿਆਂ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਸਾੜੇ ਜਾ ਰਹੇ ਹਨ ਉਸ ਬਾਰੇ ਬੀਬੀ ਦੇ ਕੀ ਵਿਚਾਰ ਹਨ? ਸਾਕਾ ਦਰਬਾਰ ਸਾਹਿਬ ਸਮੇਂ 5 ਹਜ਼ਾਰ ਤੋਂ ਵੱਧ ਸਿੱਖ ਸੰਗਤ, ਜਿਸ 'ਚ ਬੱਚੇ, ਬਜ਼ੁਰਗ, ਔਰਤਾਂ ਸ਼ਾਮਲ ਸਨ, ਉਹਨਾਂ ਬੇਦੋਸ਼ੀਆਂ ਸਿੱਖ ਸੰਗਤਾਂ ਦੇ ਕਾਤਲਾਂ ਨੂੰ ਬੀਬੀ ਨੇ ਕਦੇ ਕਾਤਲ ਕਿਉਂ ਨਹੀਂ ਮੰਨਿਆਂ? ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਬੀਬੀ ਦੀ ਜ਼ੁਬਾਨ ਨੂੰ ਤਾਲਾ ਕਿਉਂ ਲੱਗਿਆ ਰਿਹਾ ਹੈ? ਜਿਨ੍ਹਾਂ ਮਾਪਿਆਂ ਦੇ ਬੇਕਸੂਰ ਸਿੱਖ ਮੁੰਡਿਆਂ ਨੂੰ ਰਾਤ ਨੂੰ ਘਰੋਂ ਸੁੱਤਿਆਂ ਪਿਆ ਚੁੱਕਿਆਂ ਤੇ ਅਗਲੇ ਦਿਨ ਚੜ੍ਹਦੇ ਸੂਰਜ ਉਹਨਾਂ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀ ਖ਼ਬਰ ਆ ਗਈ ਜਾਂ ਪੁਲਿਸ ਨੇ ਤਿੰਨ ਦਹਾਕੇ ਬੀਤ ਜਾਣ 'ਤੇ ਵੀ ਅੱਜ ਤੱਕ ਕੋਈ ਉੱਘ-ਸੁੱਘ ਨਹੀਂ ਦਿੱਤੀ। ਉਹਨਾਂ ਪਰਿਵਾਰਾਂ 'ਤੇ ਕੀ ਬੀਤਦੀ ਹੈ? ਬੀਬੀ ਨੇ ਕਦੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ? ਰੋ-ਰੋ ਕੇ ਅੱਖਾਂ ਦੀ ਰੋਸ਼ਨੀ ਗੁਆ ਚੁੱਕੇ ਬਜ਼ੁਰਗ ਮਾਪੇ, ਜਿਹੜੇ ਅੱਜ ਵੀ ਆਪਣੇ ਪੁੱਤਰ ਦੇ ਵਾਪਸ ਮੁੜ ਆਉੁਣ ਦੀ ਕਿਤੇ-ਨਾ-ਕਿਤੇ ਝੂਠੀ ਆਸ ਲਾਈ ਬੈਠੇ ਹਨ, ਉਹਨਾਂ ਦੇ ਪਹਾੜ ਤੋਂ ਭਾਰੇ ਦੁੱਖ ਦਾ ਇਸ ਬੀਬੀ ਨੇ ਕਦੇ ਅੰਦਾਜ਼ਾ ਲਾਇਆ? ਸਿੱਖ ਕੌਮ, ਜਿਸ ਨੇ ਇਸ ਦੇਸ਼ ਦੀ ਆਜ਼ਾਦੀ ਲਈ 85 ਫ਼ੀਸਦੀ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣਾ ਬੀਬੀ ਨੂੰ ਕਦੇ ਚੁੱਭਿਆ ਕਿਉਂ ਨਹੀਂ? ਹਿੰਦੂਤਵੀ ਤਾਕਤਾਂ ਦੀ ਜ਼ਹਿਰੀਲੀ ਸੋਚ ਤੇ ਨੀਤੀ ਕਾਰਨ ਅਜ ਪੰਜਾਬ ਮਰ ਰਿਹਾ ਹੈ, ਪਰ ਬੀਬੀ ਨੂੰ ਦੁੱਖ ਕਿਉਂ ਨਹੀਂ ਪਹੁੰਚਿਆ?

25 ਹਜ਼ਾਰ ਅੱਣਪਛਾਤੀਆਂ ਲਾਸ਼ਾਂ ਤੇ 67 ਹਜ਼ਾਰ ਤੋਂ ਵੱਧ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਨੂੰ ਆਖਰ ਕੀ ਕਿਹਾ ਜਾਵੇ? ਕਿਸੇ ਨੂੰ ਮਾਰਨ ਵਾਲੇ ਨੂੰ ਕਾਤਲ ਆਖਿਆ ਜਾਂਦਾ ਹੈ,ਕਿਸੇ ਨੂੰ ਕੋਹ-ਕੋਹ ਕੇ ਮਾਰਨ ਵਾਲੇ ਨੂੰ 'ਬੁੱਚੜ'। ਫਿਰ ਬੁੱਚੜ ਨੂੰ ਬੁੱਚੜ ਕਹਿਣਾ ਕਿਵੇਂ ਗ਼ਲਤ ਆਖਿਆ ਜਾ ਸਕਦਾ ਹੈ? ਚੰਗਾ ਹੁੰਦਾ ਪਹਿਲਾਂ ਬੀਬੀ ਸਾਰੀ ਕਿਤਾਬ ਨੂੰ ਧਿਆਨ ਨਾਲ ਪੜ੍ਹਦੀ, ਫਿਰ ਲੇਖਕ ਵੱਲੋਂ ਕੇ.ਪੀ.ਐੱਸ ਗਿੱਲ 'ਤੇ ਲਾਏ ਦੋਸ਼ ,ਜਿਨ੍ਹਾਂ ਕਾਰਨ, ਉਸ ਨੂੰ ਪੰਜਾਬ ਦਾ ਬੁੱਚੜ ਆਖਿਆ ਗਿਆ ਹੈ ,ਉਹਨਾਂ ਦਾ ਸਬੂਤਾਂ ਸਮੇਤ ਖੰਡਨ ਕਰੇ। ਜੇ ਉਹ ਅਜਿਹਾ ਨਹੀਂ ਕਰ ਸਕਦੀ ਤਾਂ ਇਸਦਾ ਸਾਫ਼-ਸਾਫ਼ ਅਰਥ ਇਹੋ ਹੈ ਕਿ ਕੇ.ਪੀ.ਐਸ ਗਿੱਲ ਬਾਰੇ ਲਾਏ ਦੋਸ਼ ਸੱਚੇ ਹਨ। ਫਿਰ ਪੰਜਾਬ ਦੀ ਜੁਆਨੀ ਨੂੰ ਕੋਹ-ਕੋਹ ਕੇ ,ਵਹਿਸ਼ੀਆਨਾ ਢੰਗ ਨਾਲ ਕਤਲੇਆਮ ਕਰਨ ਦੇ ਦੋਸ਼ੀ ਨੂੰ 'ਬੁੱਚੜ' ਤੋਂ ਇਲਾਵਾ ਹੋਰ ਕੀ ਆਖਿਆ ਜਾ ਸਕਦਾ ਸੀ? ਇਸ ਦਾ  ਜਵਾਬ ਵੀ ਦੇ ਹੀ ਦਿੱਤਾ ਜਾਵੇ। ਸਿਰਫ਼ ਹਿੰਦੂਤਵੀ ਤਾਕਤਾਂ ਨੂੰ ਖ਼ੁਸ਼ ਕਰਨ ਲਈ ਅਤੇ ਆਪਣੀ ਜ਼ਹਿਰੀਲੀ ਫ਼ਿਰਕੂ ਭਾਵਨਾ ਨੂੰ ਪੱਠੇ ਪਾਉਣ ਲਈ ਬਿਆਨਬਾਜ਼ੀ ਕਰਨ ਦਾ ਕੋਈ ਅਰਥ ਨਹੀਂ।

Editorial
Jaspal Singh Heran

Click to read E-Paper

Advertisement

International