ਗੋਲਕ ਦੀ ਲੁੱਟ...

ਜਸਪਾਲ ਸਿੰਘ ਹੇਰਾਂ
ਸਿੱਖੀ ਸਿਧਾਂਤਾਂ ਅਨੁਸਾਰ “ਗੁਰੂ ਦੀ ਗੋਲਕ ਗਰੀਬ ਦਾ ਮੂੰਹ” ਹੈ। ਪ੍ਰੰਤੂ ਵਰਤਮਾਨ ਮਸੰਦਾਂ ਨੇ “ਗੁਰੂ ਦੀ ਗੋਲਕ ਮਸੰਦਾਂ ਦੀ ਲੁੱਟ” ਦਾ ਸਿਧਾਂਤ ਬਣਾ ਲਿਆ ਹੈ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੋਂ ਲੈ ਕੇ ਸਾਧਾਂ ਦੇ ਡੇਰਿਆਂ 'ਚ ਲੱਗੀਆਂ ਗੋਲਕਾਂ ਦੀ ਰੱਜ ਕੇ ਅੰਨ੍ਹੀ ਲੁੱਟ ਹੋ ਰਹੀ ਹੈ। ਕਦੇ ਦਾਨ ਦੇ ਪੈਸੇ ਨੂੰ ਖਾਣ 'ਤੇ ਕੋਹੜੀ ਹੋਣ ਦੀ ਭਾਵਨਾ ਹੁੰਦੀ ਸੀ, ਪ੍ਰੰਤੂ ਹੁਣ 'ਲੁੱਟ ਲਓ, ਜਿੰਨਾ ਲੁੱਟ ਹੁੰਦਾ' ਦੀ ਭਾਵਨਾ ਭਾਰੂ ਹੋ ਗਈ ਹੈ। ਗੋਲਕ ਦੀ ਲੁੱਟ ਤੇ ਚੌਧਰ ਦੀ ਅੰਨ੍ਹੀ ਦੌੜ ਕਾਰਨ ਗੁਰਦੁਆਰਾ ਸਾਹਿਬਾਨ ਦੀ ਗਿਣਤੀ 'ਚ ਅਥਾਹ ਵਾਧਾ ਹੋਇਆ ਹੈ। ਸ਼ਰਧਾ ਸਤਿਕਾਰ ਤਾਂ ਸੰਗਤਾਂ ਦੇ ਹਿੱਸੇ 'ਚ ਹੈ। ਪ੍ਰੰਬਧਕਾਂ ਨੇ ਤਾਂ ਚੌਧਰ ਚਮਕਾਉਣ ਤੇ ਲੁੱਟ ਨੂੰ ਆਪਣਾ ਧਰਮ ਬਣਾ ਲਿਆ ਹੈ। ਖ਼ੈਰ! ਸਾਡਾ ਅੱਜ ਦਾ ਵਿਸ਼ਾ ਬਾਦਲਾਂ ਦੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਵੱਲੋਂ ਗੁਰੁ ਦੀ ਗੋਲਕ ਦੀ ਲੁੱਟ ਦੇ ਦੋਸ਼ 'ਚ ਹੋਏ ਦਰਜ ਪਰਚੇ ਨੂੰ ਲੈ ਕੇ ਹੈ। ਪਰਚੇ ਅਨੁਸਾਰ ਜਿਸ ਤਰਾਂ੍ਹ ਬੇਖ਼ੌਫ ਹੋ ਕੇ ਜੀ.ਕੇ ਨੇ ਗੁਰੂ ਦੀ ਗੋਲਕ ਦੀ ਅੰਨ੍ਹੀ ਲੁੱਟ ਕੀਤੀ ਹੈ, ਉਸ ਨੂੰ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਇੱਕ ਕਰੋੜ ਤੋਂ ਵੱਧ ਦੀ ਲੁੱਟ ਦਾ ਤਾਂ ਇਹ ਪਰਚਾ ਦਰਜ ਹੋਇਆ ਹੈ। ਹਾਲੇ ਹੋਰ ਕੀ ਕੁਝ ਮਿਲਣਾ ਹੈ, ਇਹ ਜੀ. ਕੇ ਦੀ ਗ੍ਰਿਫਤਾਰੀ ਤੋਂ ਬਾਅਦ ਸਾਫ਼ ਹੋਵੇਗਾ। ਆਪਣੀ ਧੀ ਨੂੰ ਗੁਰੁ ਦੀ ਗੋਲਕ 'ਚੋਂ 42 ਕੁ ਲੱਖ ਦੀ ਰਕਮ ਦੀ ਲੁੱਟ ਕਰਵਾਉਣ ਲਈ ਜਾਅਲੀ ਫ਼ਰਮ ਬਣਾਈ ਗਈ , ਇਸ ਫਰਮ ਦਾ ਪਤਾ ਜੀ .ਕੇ ਨੇ ਆਪਣੇ ਘਰ ਦਾ ਦਿੱੱਤਾ। ਕਿਤਾਬਾਂ ਨਾ ਖ੍ਰੀਦੀਆਂ ,ਨਾ ਵੰਡੀਆਂ, ਸਿਰਫ ਜਾਅਲੀ ਬਿੱਲ ਬਣਾ ਕੇ, ਗੁਰੂ ਦੀ ਗੋਲਕ ਨੂੰ ਲੁੱਟ ਲਿਆ ਗਿਆ। ਇਸੇ ਤਰ੍ਹਾਂ ਕੈਨੇਡਾ ਤੋਂ ਆਇਆ ਇੱਕ ਲੱਖ ਡਾਲਰ ਵੀ ਸੁੱਕਾ ਹੀ ਡਕਾਰ ਲਿਆ ਗਿਆ।

ਜਿਵੇਂ ਕਿ ਅਸੀਂ ਉਪਰ ਲਿਖਿਆ ਹੈ ਕਿ ਇਹ ਇੱਕ ਕਰੋੜ  ਦੀ ਲੁੱਟ ਤਾਂ ਸਾਹਮਣੇ ਆਈ ਹੈ, ਅਸਲ 'ਚ ਲੁੱਟ  ਕਿੰਨੀ ਹੈ, ਇਸ ਦਾ ਸ਼ਾਇਦ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ, ਕਿਉਂਕਿ ਸਾਡੀ ਸੋਚ ਇਹ ਸੋਚ ਸਕਣ ਤੋਂ ਅਸਮੱਰਥ ਹੈ ਕਿ ਅੱਜ ਦੇ ਇਹ ਮਸੰਦ, ਕਿੰਨੀ ਵੱਡੀ ਮਾਰ, ਮਾਰ ਸਕਦੇ ਹਨ। ਬਾਦਲਾਂ ਵੱਲੋਂ, ਜਿਹੜੇ ਹੁਣ ਹਰ ਸਿੱਖ ਮੁੱਦੇ 'ਤੇ ਦਿੱਲੀ ਕਮੇਟੀ ਨੂੰ ਮੂਹਰੇ ਕਰਦੇ ਸਨ ਤੇ ਸਿੱਖਾਂ ਪ੍ਰਤੀ ਵੱਡੀ ਹਮਦਰਦੀ ਵਿਖਾਈ ਜਾਂਦੀ ਸੀ, ਹੁਣ ਉਹ ਕੌਮ ਨੂੰ ਕੀ ਜਵਾਬ ਦੇਣਗੇ? ਜੀ.ਕੇ ਐਂਡ ਪਾਰਟੀ ਨੂੰ ਜੇ ਗੁਰੁ ਕੀ ਗੋਲਕ ਨੂੰ ਲੁੱਟਣ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ ਤਾਂ ਬਾਦਲਕਿਆਂ ਨੂੰ ਉਸ ਬਦਲੇ ਕੀ ਮਿਲਦਾ ਸੀ? ਬਾਦਲਕਿਆਂ ਨੂੰ ਇਹ ਸਪੱਸ਼ਟ ਕਰਨਾ ਪਵੇਗਾ। ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਰਪ੍ਰਸਤੀ ਦੇ ਕੇ, ਫਿਰ ਬੇਅਦਬੀ ਦਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਨੂੰ ਗੋਲੀਆਂ ਨਾਲ ਭੁੰਨ ਕੇ, ਬਾਦਲਕੇ ਪਹਿਲਾਂ ਹੀ ਕੌਮ ਦੁਸ਼ਮਣਾਂ 'ਚ ਸ਼ਾਮਲ ਹੋ ਚੁੱਕੇ ਹਨ। ਗੁਰੂ ਦੀਆਂ ਗੋਲਕਾਂ ਦੀ ਅੰਨ੍ਹੀ ਲੁੱਟ ਦੇ ਵੀ ਉਹੋ ਜ਼ੁੰਮੇਵਾਰ ਹਨ। ਫਿਰ ਕੌਮ ਇਨ੍ਹਾਂ ਵਰਤਮਾਨ ਮਸੰਦਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਲਈ ਕਦੋਂ ਜਾਗੂਗੀ? ਕੌਮ 'ਚ ਖਾਸ ਕਰਕੇ ਪੰਥਕ ਧਿਰਾਂ 'ਚ ਫੁੱਟ ਕਾਰਨ ਬਾਦਲਕਿਆਂ ਦੇ ਚੁੰਗਲ 'ਚੋਂ ਆਜ਼ਾਦੀ ਮਿਲਦੀ ਵਿਖਾਈ ਨਹੀਂ ਦਿੰਦੀ। ਗੁਰੁ ਦੀਆਂ ਗੋਲਕਾਂ ਦੀ ਅੰਨ੍ਹੀ ਲੁੱਟ ਦੇ ਨੰਗੇ-ਚਿੱਟੇ ਖ਼ੁਲਾਸੇ ਹੋਣ ਤੋਂ ਬਾਅਦ ਵੀ, ਜੇ ਕੌਮ ਨਾਂਹ ਜਾਗੀ ਤਾਂ ਫਿਰ ਕੌਮ ਵੀ ਦੋਸ਼ੀਆਂ ਦੀ ਕਤਾਰ 'ਚ ਖੜ੍ਹੀ ਹੋਵੇਗੀ।

ਅਸੀਂ ਹਰ ਚੜ੍ਹਦੇ ਸੂਰਜ ਕੌਮ 'ਚ ਏਕੇ ਦਾ ਹੋਕਾ ਦਿੰਦੇ ਹਾਂ, ਪ੍ਰੰਤੂ ਹੁੰਦਾ ਇਸ ਤੋਂ ਉਲਟ ਹੈ। ਹਰ ਚੜ੍ਹਦੇ ਸੂਰਜ ਇੱਕ ਨਵਾਂ ਧੜ੍ਹਾ ਪੰਥ ਦਾ ਠੇਕੇਦਾਰ ਬਣ ਬੈਠਦਾ ਹੈ। ਕੌਮ ਨੂੰ ਸਮਝਣਾ ਪਵੇਗਾ ਕਿ ਜਿਸ ਤਰਾਂ੍ਹ ਜੀ.ਕੇ ਨੇ ਬੇ-ਖ਼ੌਫ ਹੋ ਕੇ, ਨੰਗੀ-ਚਿੱਟੀ ਗੁਰੂ ਦੀ ਗੋਲਕ ਦੀ ਲੁੱਟ ਕੀਤੀ ਹੈ, ਉਸ ਦੇ ਪਿੱਛੇ ਉਸਦੇ ਮਨ ਅੰਦਰ ਵੀ 'ਕੀਹਨੇ ਪੁੱਛਣਾ ਹੈ' ਦੀ ਭਾਵਨਾ ਕੰਮ ਕਰਦੀ ਸੀ। ਇਹ ਭਾਵਨਾ ਕੌਮ 'ਚ ਫੁੱਟ ਕਰ ਕੇ ਪੈਦਾ ਹੋਈ ਹੈ। ਅਸੀਂ ਜਾਣਦੇ ਹਾਂ ਕਿ ਗੁਰੁ ਦੀ ਗੋਲਕ ਦੀ ਬਾਦਲਾਂ ਵੱਲੋਂ ਲੁੱਟ ਦੇ ਪਹਿਲਾਂ ਵੀ ਇੱਕ ਨਹੀਂ ਅਨੇਕਾਂ ਕਿੱਸੇ ਸਾਹਮਣੇ ਆ ਚੁੱਕੇ ਹਨ। ਪ੍ਰੰਤੂ ਕੌਮ ਥੋੜ੍ਹੇ ਸਮੇਂ ਬਾਅਦ ਹੀ ਭੁੱਲ-ਵਿਸਰ ਜਾਂਦੀ ਹੈ। ਇਸੇ ਕਾਰਨ ਅੱਜ ਦੇ ਲੁਟੇਰੇ, ਕੱਲ੍ਹ ਨੂੰ ਫਿਰ ਕੌਮ ਦੇ ਠੇਕੇਦਾਰ ਬਣੇ ਦਿਖਾਈ ਦਿੰਦੇ ਹਨ। ਜੀ.ਕੇ ਦੀ ਲੁੱਟ ਤੇ ਸਜ਼ਾ ਦਾ ਫੈਸਲਾ ਵੀ ਰਾਜਨੀਤੀ ਨੇ ਕਰਨਾ ਹੈ। ਦਿੱਲੀ ਦੀ ਭਾਜਪਾ ਸਰਕਾਰ ਨੇ ਕਰਨਾ ਹੈ। ਜਦੋਂ ਕੁੱਤੀ ਚੋਰਾਂ ਨਾਲ ਰਲੀ ਹੋਵੇ ਤਾਂ ਫਿਰ ਚੋਰਾਂ ਨੂੰ ਡਰ ਕਾਹਦਾ? ਅਸੀਂ ਚਾਹੁਂੰੰਦੇ ਹਾਂ ਕਿ ਦਿੱਲੀ ਕਮੇਟੀ ਵੱਲੋਂ ਗੁਰੁ ਦੀ ਗੋਲਕ ਦੀ ਲੁੱਟ ਦਾ ਮੁੱਦਾ, ਗੁਰੂ ਘਰਾਂ 'ਚੋਂ ਮਸੰਦਾਂ ਦੀ ਸਫ਼ਾਈ ਦੀ ਬੁਨਿਆਦ ਬਣੇ ਅਤੇ ਕੌਮ ਗੁਰੁ ਘਰਾਂ ਨੂੰ ਵਰਤਮਾਨ ਮਸੰਦਾਂ ਤੋਂ ਆਜ਼ਾਦ ਕਰਵਾਉਣ ਲਈ ਹੋਰ ਕੁਰਬਾਨੀ ਨਹੀਂ ਤਾਂ ਘੱਟੋ-ਘੱਟ ਏਕੇ ਦਾ ਪ੍ਰਣ ਤਾਂ ਕਰ ਲਵੇ। 

Editorial
Jaspal Singh Heran

Click to read E-Paper

Advertisement

International