ਭਾਰਤੀ ਸਿਸਟਮ ਤੋਂ ਅੱਕਿਆ ਪਹਿਲਾ ਕਸ਼ਮੀਰੀ ਆਈਏਐਸ ਨੌਜਵਾਨ ਨੌਕਰੀ ਨੂੰ ਲੱਤ ਮਾਰ ਗਿਆ

ਮੁਸਲਿਮ ਭਾਈਚਾਰੇ ਤੇ ਹੋ ਰਹੇ ਜੁਲਮਾਂ ਲਈ 'ਸ਼ਾਹੀ ਕੁਰਸੀ' ਛੱਡ ਦਿੱਤੀ ਸ਼ਾਹ ਫ਼ੈਸਲ ਨੇ 

ਬੱਲੂਆਣਾ 11 ਜਨਵਰੀ (ਸੁਰਿੰਦਰਪਾਲ ਸਿੰਘ) : ਭਾਰਤੀ ਸਿਸਟਮ ਤੋਂ ਤੰਗ ਆਕੇ ਕਸ਼ਮੀਰ ਦੇ ਪਹਿਲੇ ਆਈਏਐਸ ਕਰਨ ਵਾਲੇ ਨੌਜਵਾਨ ਸ਼ਾਹ ਫੈਸਲ ਨੇ ਨੌਕਰੀ ਨੂੰ ਲੱਤ ਮਾਰ ਦਿੱਤੀ ਹੈ। ਸ਼ਾਹ ਫੈਸਲ ਅਜਿਹਾ ਨੌਜਵਾਨ ਹੈ ਜਿਸ ਨੇ ਐਮਬੀਬੀਐਸ ਦੀ ਪੜ੍ਹਾਈ ਕੀਤੀ ਤੇ ਉਸਦੇ ਸਿਰ ਉਪਰ ਪਿਓ ਦਾ ਸਾਇਆ ਨਹੀਂ ਸੀ, ਉਹ ਆਪਣੇ ਸਮਾਜ ਤੇ ਲੋਕਾਂ ਦੀ ਸੇਵਾ ਕਰਨ ਲਈ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਬੈਠਾ ਤੇ ਮੁਲਕ ਵਿੱਚੋਂ ਮੋਹਰੀ ਹੋਕੇ ਨਿਕਲਿਆ ਜਿਸ ਤੋਂ ਬਾਅਦ ਉਸਦੀ ਮਾਂ ਮੁਬੀਨਾ ਬਾਨੋ ਕਾਫੀ ਖੁਸ਼ ਹੋਈ ਕਿ ਉਸਦਾ ਬੇਟਾ ਡੀ.ਸੀ. ਜਾਂ ਏ.ਡੀ.ਸੀ. ਲੱਗੇਗਾ। ਪਰ ਕੁੱਝ ਸਮੇਂ ਬਾਅਦ ਹੀ ਸ਼ਾਹ ਫੈਸਲ ਨੇ ਸ਼ਾਹੀ ਕੁਰਸੀ ਆਪਣੇ ਭਾਈਚਾਰੇ ਮੁਸਲਿਮ 'ਤੇ ਹੋ ਰਹੇ ਜੁਲਮਾਂ ਕਰਕੇ ਛੱਡ ਦਿੱਤੀ।

ਇੱਕ ਅਖਬਾਰ ਤੇ ਪੀਟੀਆਈ ਦੇ ਹਵਾਲੇ ਨਾਲ ਲੱਗੀ ਖਬਰ ਵਿੱਚ ਸ਼ਾਹ ਫੈਸਲ ਨੇ ਆਪਣਾ ਅਹੁਦਾ ਛੱਡਣ ਦਾ ਕਾਰਨ ਇਹ ਦੱਸਿਆ ਹੈ ਕਿ ਕਸ਼ਮੀਰ ਵਿੱਚ ਪਿਛਲੇ ਕਈ ਸਾਲਾਂ ਤੋਂ ਹੱਤਿਆਵਾਂ ਹੋ ਰਹੀਆਂ ਹਨ ਜਿਸ ਲਈ ਕੇਂਦਰ ਸਰਕਾਰ ਇਸ ਸਬੰਧੀ ਸਹੀ ਰੋਲ ਅਦਾ ਨਹੀਂ ਕਰ ਰਹੀ ਜਿਸ ਕਰਕੇ ਉਸਨੂੰ ਇਹ ਅਹੁਦਾ ਛੱਡਣਾ ਪਿਆ। ਉਸਨੇ ਕਿਹਾ ਕਿ ਹਿੰਦੂਤਵ ਤਾਕਤਾਂ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਲਗਾਤਾਰ ਹਾਸ਼ੀਏ ਵਿੱਚ ਧੱਕਿਆ ਜਾ ਰਿਹਾ ਹੈ ਤੇ ਕਸ਼ਮੀਰ ਵਿੱਚ ਨਫ਼ਰਤ ਵਾਲਾ ਮਾਹੌਲ ਸਰਕਾਰਾਂ ਵੱਲੋਂ ਪੈਦਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਹ ਅਜਿਹੇ ਭਾਰਤੀ ਸਿਸਟਮ ਵਿੱਚ ਨੌਕਰ ਬਣਕੇ ਨਹੀਂ ਰਹਿ ਸਕਦਾ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸ਼ਾਹ ਫੈਸਲ ਕਸ਼ਮੀਰ ਦੇ ਸਭ ਤੋਂ ਸੰਵੇਦਨਸ਼ੀਲ ਜਿਲ੍ਹੇ ਉਪਵਾੜਾ ਦਾ ਵਸਨੀਕ ਹੈ।

ਆਈਏਐਸ ਸ਼ਾਹ ਫੈਸਲ ਦੇ ਅਸਤੀਫੇ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਉਸਨੂੰ ਸਿਆਸਤ ਵਿੱਚ ਆਉਣ ਦਾ ਸੱਦਾ ਵੀ ਦਿੱਤਾ ਹੈ। ਇਸ ਸਬੰਧੀ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨ ਸ਼ਾਹ ਫ਼ੈਸਲ ਨੂੰ ਸਲਾਮ ਕਰਨੀ ਬਣਦੀ ਹੈ ਜਿਸਨੇ ਆਪਣੇ ਭਾਈਚਾਰੇ ਤੇ ਸਮਾਜ ਲਈ ਆਈਏਐਸ ਦੀ ਨੌਕਰੀ ਛੱਡ ਦਿੱਤੀ। 

Unusual
Kashmir
Resign
Center Government

International