ਸਾਹਿਬ-ਏ-ਕਮਾਲ ਦੇ ਕਮਾਲ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਅਸੀਂ 5 ਜਨਵਰੀ ਨੂੰ ਦਸ਼ਮੇਸ਼ ਪਿਤਾ ਨੂੰ ਯਾਦ ਕਰਦਿਆਂ ਲਿਖਿਆ ਸੀ ਕਿ ਜਿਹੜੀ ਕੌਮ ਆਪਣੇ ਪਿਤਾ ਦਾ ਆਗਮਨ ਪੁਰਬ ਇਕ ਦਿਹਾੜੇ, ਇਕ ਜੁੱਟ ਹੋ ਕੇ ਨਹੀਂ ਮਨਾ ਸਕਦੀ, ਉਹ ਕੌਮ ਘੱਟੋ ਘੱਟ ਆਪਣੀਆਂ ਦਸ਼ਮੇਸ਼ ਪਿਤਾ ਦੇ ਪੁੱਤਰ ਨਹੀਂ ਅਖਵਾ ਸਕਦੀਆਂ। ਅੱਜ ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਮਖੌਟੇ ਵਾਲੇ ਬਿਕਰਮੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ। ਬਹੁਗਿਣਤੀ ਵਿਚ ਸਿੱਖ ਸੰਗਤਾਂ ਇਤਿਹਾਸਿਕ ਗੁਰਦੁਆਰਿਆਂ ਵਿਚ ਅੱਜ ਦੇ ਦਿਹਾੜੇ ਮਨਾਏ ਜਾਂਦੇ ਗੁਰਪੁਰਬ ਕਾਰਨ, ਬਿਕਰਮੀ ਕੈਲੰਡਰ ਨੂੰ ਹੀ ਮਾਨਤਾ ਦੇਈ ਬੈਠੀ ਹੈ। ਅਸੀਂ ਅੱਜ ਦੇ ਦਿਨ ਖ਼ਾਲਸਾ ਪੰਥ ਦੀ ਦਸ਼ਮੇਸ਼ ਪਿਤਾ ਵਲੋਂ ਪਰਮਾਤਮ ਕੀ ਮੌਜ ਸਿਰਜੇ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਰਦਾਸ ਕਰਦੇ ਹਾਂ ਪ੍ਰੰਤੂ ਕੌਮ ਕਿੱਥੋਂ ਕਿੱਥੇ ਤੱਕ ਪਹੁੰਚ ਚੁੱਕੀ ਹੈ। ਉਹ ਸਵਾਲ ਵੀ ਜ਼ਰੂਰ ਖੜ੍ਹਾ ਹੁੰਦਾ ਹੈ। ਖਾਲਸੇ ਦੇ ਸਿਰਜਣਹਾਰ, ਸੰਤ ਸਿਪਾਹੀ, ਬਾਦਸ਼ਾਹ ਦਰਵੇਸ਼, ਸਾਹਿਬ-ਏ-ਕਮਾਲ, ਸਰਬੰਸ-ਦਾਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਜਿੱਥੇ ਕੌਮ ਲਈ ਇਤਿਹਾਸਕ ਦਿਹਾੜਾ ਹੈ, ਉਥੇ ਉਸ ਮਰਦ-ਏ-ਕਾਮਲ ਦੀ +ਅਦੁੱਤੀ ਕੁਰਬਾਨੀ ਅਤੇ ਉਸ ਕੁਰਬਾਨੀ ਦੇ ਕਾਰਣਾਂ ਤੇ ਝਾਤੀ ਮਾਰਨ ਦਾ ਦਿਨ ਵੀ ਹੈ। ਦਸਮੇਸ਼ ਪਿਤਾ ਨੇ ਪ੍ਰਮਾਤਮਾ ਦੀ ਮੌਜ, ਜਿਸ ਖਾਲਸਾ ਪੰਥ ਨੂੰ ਸਾਜ ਕੇ ਦੁਨੀਆ ਦੇ ਪਰਮ-ਮਨੁੱਖ ਦੀ ਸਿਰਜਣਾ ਕੀਤੀ, ਅੱਜ ਉਹ ਪਰਮ ਮਨੁੱਖ, ਕਿਥੇ ਖੜ੍ਹਾ ਹੈ ਅਤੇ ਜਿਹੜਾ ਮਾਰਗ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਲਈ ਚੁਣਿਆ ਸੀ, ਉਸ ਮਾਰਗ ਤੋਂ ਇਹ ਪੰਥ ਕਿੰਨਾ ਥਿੜਕ ਚੁੱਕਾ ਹੈ? ਇਹ ਲੇਖਾ-ਜੋਖਾ ਅੱਜ ਹਰ ਸਿੱਖ ਨੂੰ ਆਪਣੇ ਮਨ ਨਾਲ ਜ਼ਰੂਰ ਕਰਨਾ ਚਾਹੀਦਾ ਹੈ।

ਗੁਰੂ ਸਾਹਿਬ ਨੇ ਜਿਸ ਖਾਲਸਾ ਪੰਥ ਦੀ ਬੁਨਿਆਦ ਪੱਕੀ ਕਰਨ ਲਈ ਆਪਣਾ ਸਰਬੰਸ ਵਾਰਿਆ ਅਤੇ ਜਿਸ ਪੰਥ ਦਾ ਚੇਲਾ ਹੋਣਾ, ਉਨ੍ਹਾਂ ਖੁਦ ਲੋਚਿਆ, ਅੱਜ ਉਹ ਮਹਾਨ ਪੰਥ ਮਹਾਨਤਾ ਦੇ ਕਿਹੜੇ ਟੰਬੇ ਤੇ ਖੜ੍ਹਾ ਹੈ, ਇਸਦਾ ਸਹੀ-ਸਹੀ ਮੁਲਾਂਕਣ ਕਰਨਾ ਵੀ ਅੱਜ ਜ਼ਰੂਰੀ ਹੈ। ਗੁਰੂ ਨੇ ਸਾਡੇ ਤੇ ਪ੍ਰਤੀਤ ਕਰਨ ਲਈ ਜਿਹੜੀ ਨਿਆਰੇਪਣ ਦੀ ਸ਼ਰਤ ਰੱਖੀ ਸੀ, ਅਸੀਂ ਉਸ ਸ਼ਰਤ ਨੂੰ ਤੋੜ ਕੇ ਗੁਰੂ ਦੀ ਪ੍ਰਤੀਤ ਕਿਉਂ ਗੁਆ ਲਈ ਹੈ? ਇਹ ਸਾਰੇ ਸੁਆਲਾਂ ਦੇ ਅੱਜ ਜਵਾਬ ਦੇ ਕੇ ਹੀ ਅਸੀਂ ਗੁਰੂ ਸਾਹਿਬ ਦੀ ਯਾਦ ਨੂੰ ਨਤਮਸਤਕ ਹੋਣ ਦੇ ਭਾਗੀ ਹੋ ਸਕਦੇ ਹਾਂ, ਨਹੀਂ ਤਾਂ ਗੁਰੂ ਆਪਣੇ ਭਗੌੜਿਆਂ ਦੇ ਬੇਦਾਵਾ ਕਿੰਨੇ ਸੰਭਾਲ ਕੁ ਰੱਖਦਾ ਹੈ, ਇਹ ਵੀ ਹਰ ਸਿੱਖ ਚੰਗੀ ਤਰ੍ਹਾਂ ਜਾਣਦਾ ਹੀ ਹੋਵੇਗਾ। ਕਲਗੀਧਰ ਪਿਤਾ ਨੇ ਖਾਲਸਾ ਪੰਥ ਦੀ ਸਾਜਨਾ, ਇਸ ਦੁਨੀਆ ਤੋਂ ਊਚ-ਨੀਚ, ਛੂਆ-ਛਾਤ, ਜਾਤ-ਪਾਤ ਤੇ ਜ਼ੋਰ-ਜਬਰ ਦੇ ਖ਼ਾਤਮੇ ਲਈ ਕੀਤੀ, ਪ੍ਰੰਤੂ ਅੱਜ ਉਸ ਦਾ ਪੰਥ ਹੀ ਊਚ-ਨੀਚ ਤੇ ਜਾਤ-ਪਾਤ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ ਹੈ। ਜਾਤ ਦਾ ਹੰਕਾਰ ਤੇ ਜਾਤ ਦਾ ਵਿਤਕਰਾ ਅੱਜ ਸਿੱਖਾਂ ਪੰਥ 'ਚ ਹੋਰ ਧਰਮਾਂ ਤੋਂ ਵੱਧ ਨਹੀਂ ਤਾਂ ਘੱਟ ਵੀ ਨਹੀਂ। ਸਿੱਖਾਂ 'ਚ ਜਾਤ-ਪਾਤ ਦੀਆਂ ਵੰਡੀਆਂ ਗੂੜ੍ਹੀਆਂ ਹਨ, ਇੱਥੋਂ ਤੱਕ ਕਿ 'ਸਭੈ ਸਾਂਝੀਵਾਲ ਸਦਾਇਨ' ਵਾਲਿਆਂ ਨੇ ਆਪਣੇ ਗੁਰੂਆਂ ਦੀਆਂ ਵੰਡੀਆਂ ਪਾ ਲਈਆਂ ਹਨ, ਗੁਰੂ ਘਰ ਜਾਤ-ਪਾਤ ਤੇ ਗੋਤਾਂ ਤੇ ਅਧਾਰਿਤ ਬਣਾ ਲਏ ਹਨ। ਕੋਈ ਸਿੱਖ ਹੁਣ ਨਿਰੋਲ ਗੁਰੂ ਦਾ ਸਿੱਖ ਨਹੀਂ, ਸਗੋਂ ਜੱਟ ਸਿੱਖ, ਰਾਮਗੜ੍ਹੀਆ ਸਿੱਖ, ਰਵਿਦਾਸੀਆਂ ਸਿੱਖ, ਮਜ਼ਹਬੀ ਸਿੱਖ, ਭਾਪਾ ਸਿੱਖ ਆਦਿ ਬਣ ਗਿਆ ਹੈ। ਅੰਮ੍ਰਿਤ ਦੇ ਦਾਤੇ ਦਾ ਅੰਮ੍ਰਿਤ ਵੀ ਵੰਡ ਦਿੱਤਾ ਗਿਆ ਹੈ। ਜਿਨ੍ਹਾਂ ਨਿਮਾਣਿਆਂ, ਨਿਤਾਣਿਆਂ ਨੂੰ ਮਾਣ ਬਖ਼ਸ ਕੇ ਗੁਰੂ ਸਾਹਿਬ ਨੇ ਚਿੜੀਆਂ ਤੋਂ ਬਾਜ ਤੁੜਵਾਏ ਸਨ, ਅੱਜ ਉਨ੍ਹਾਂ ਲਈ ਸਿੱਖ ਪੰਥ ਦੇ ਬੂਹੇ ਬੰਦ ਹੋ ਰਹੇ ਹਨ ਤੇ ਡੇਰਿਆਂ ਦੇ ਬੂਹੇ ਖੁੱਲ੍ਹ ਰਹੇ ਹਨ। ਸਵਾ ਲੱਖ ਨਾਲ ਲੜ੍ਹਨ ਵਾਲਾ ਖਾਲਸਾ ਹੁਣ ਪਦਾਰਥ ਤੇ ਸੁਆਰਥ ਦੀ ਗੁਲਾਮੀ ਕਬੂਲ ਕਰਕੇ, ਸੰਸਾਰਕ ਗਰਜਾਂ ਲਈ ਚਾਪਲੂਸ, ਸੁਆਰਥੀ, ਲੋਭੀ, ਲਾਲਚੀ ਬਣ ਗਿਆ ਹੈ।

ਕਰਮਕਾਂਡ ਤੇ ਪਾਖੰਡ ਵਿਰੁੱਧ ਬਗਾਵਤ ਕਰਕੇ ਜਿਸ ਨਿਆਰੇ ਪੰਥ ਦੀ ਸਥਾਪਨਾ ਕੀਤੀ ਗਈ ਸੀ, ਉਸ ਖਾਲਸਾ ਪੰਥ ਦਾ ਹੁਣ ਗੁਰੂ ਤੇ ਗੁਰੂ ਦੀ ਬਾਣੀ ਤੇ ਭਰੋਸਾ ਹੀ ਨਹੀਂ ਰਿਹਾ, ਜੋਤਸ਼ੀ, ਤਾਂਤਰਿਕਾਂ ਤੇ ਗ੍ਰਹਿ ਚਾਲ ਹੁਣ ਉਸਨੂੰ ਪ੍ਰਭਾਵਿਤ ਕਰਨ ਲੱਗ ਪਏ ਹਨ। ਤਿੱਥਵਾਰ ਦਾ ਵਹਿਮ ਉਸਨੂੰ ਵਧੇਰੇ ਹੋਣ ਲੱਗ ਪਿਆ ਹੈ ਤੇ ਵਸਤੂ ਸ਼ਾਸਤਰ ਤੋਂ ਬਿਨਾਂ ਉਸਦਾ ਗੁਜ਼ਾਰਾ ਨਹੀਂ ਹੁੰਦਾ। ਸਾਹਿਬ-ਏ-ਕਮਾਲ ਦਾ ਇਹ ਸੰਤ-ਸਿਪਾਹੀ, ਹੁਣ ਨਾ ਤਾਂ ਸੰਤ ਰਹਿ ਗਿਆ ਹੈ ਅਤੇ ਨਾ ਹੀ ਸਿਪਾਹੀ, ਕਿਉਂਕਿ ਪਦਾਰਥਵਾਦ ਤੇ ਮੋਹ ਮਾਇਆ ਨੇ ਉਸਤੋਂ ਆਤਮਿਕ ਗਿਆਨ ਤੇ ਸ਼ਾਂਤੀ ਦੋਵੇਂ ਖੋਹ ਲਈਆਂ ਹਨ ਅਤੇ ਜ਼ੋਰ-ਜਬਰ ਦੇ ਖ਼ਾਤਮੇ ਲਈ ਸਭ ਤੋਂ ਅੱਗੇ ਹੋ ਕੇ ਲੜ੍ਹਨ ਵਾਲਾ ਇਹ ਖਾਲਸਾ ਹੁਣ ਆਪਣੇ ਲਈ ਇਨਸਾਫ਼ ਪ੍ਰਾਪਤ ਕਰਨ ਤੋਂ ਅਸਮਰੱਥ ਹੋ ਗਿਆ ਹੈ, ਫਿਰ ਦੂਜਿਆਂ ਦੀ ਰਾਖੀ ਕਿਵੇਂ ਕਰ ਸਕੇਗਾ? ਜਿਹੜੀ ਕੌਮ ਨੂੰ ਗੁਰੂ ਸਾਹਿਬ ਨੇ ਅਧਿਆਤਮਕ ਤੇ ਸਰੀਰਕ ਸ਼ਕਤੀਆਂ ਦੀਆਂ ਬੁਲੰਦੀਆਂ ਦਿੱਤੀਆਂ ਸਨ, ਨਸ਼ਿਆਂ ਤੋਂ ਦੂਰ ਰੱਖਣ ਲਈ ਨਸ਼ੇ ਨੂੰ ਕੁਰਹਿਤਾਂ 'ਚ ਸ਼ਾਮਲ ਤੱਕ ਕੀਤਾ ਸੀ, ਅੱਜ ਉਸ ਕੌਮ ਦੀ ਪੀੜ੍ਹੀ ਨਸ਼ਿਆਂ ਦੀ ਦਲਦਲ 'ਚ ਗਰਕ ਹੋ ਗਈ ਹੈ। ਜਿਸ ਧਰਤੀ ਨੂੰ ਗੁਰੂ ਸਾਹਿਬ ਨੇ ਜ਼ੋਰ-ਜ਼ਬਰ ਤੋਂ ਮੁਕਤ ਕੀਤਾ ਸੀ ਅਤੇ ਕਿਸੇ ਤੇ ਜ਼ੁਲਮ ਕਰਨ ਅਤੇ ਜ਼ੁਲਮ ਸਹਿਣ ਨੂੰ ਗੁਨਾਹ ਦੱਸਿਆ ਸੀ, ਅੱਜ ਉਸ ਧਰਤੀ ਤੇ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਦਾ ਬੋਲ-ਬਾਲਾ ਹੈ। ਬੌਧਿਕ ਗਿਆਨ ਨੂੰ ਪ੍ਰਮੁੱਖਤਾ ਦਿੱਤੀ ਸੀ, ਮਾਨਵਤਾ ਦੀ ਸੇਵਾ ਨੂੰ ਮਨੁੱਖ ਦਾ ਮੁੱਢਲਾ ਧਰਮ ਆਖਿਆ ਸੀ, ਅੱਜ ਉਸ ਕੌਮ ਨੂੰ ਦੁਨੀਆ ਅਕਲੋ ਹੀਣੀ ਦੱਸਦੀ ਹੈ ਅਤੇ ਸੇਵਾ, ਆਡੰਬਰ 'ਚ ਬਦਲ ਗਈ ਹੈ। ਮਾਤਾ ਭਾਗੋ ਵਰਗੀਆਂ ਮਹਾਨ ਔਰਤਾਂ ਪੈਦਾ ਕਰਨ ਵਾਲੀ ਕੌਮ, ਕੁੜੀਮਾਰਾਂ ਦੀ ਕੌਮ ਬਣਦੀ ਜਾ ਰਹੀ ਹੈ, ਸਰਬੱਤ ਦਾ ਭਲਾ ਮੰਗਣ ਵਾਲੇ, ਭਰਾ-ਮਾਰੂ ਜੰਗ ਤੋਂ ਗੁਰੇਜ਼ ਨਹੀਂ ਕਰਦੇ, ਫਿਰ ਵੀ ਜੇ ਅਸੀਂ ਅੱਜ ਉਸ ਗੁਰੂ ਦੇ ਪੁੱਤਰ ਬਣੀ ਫਿਰਦੇ ਹਾਂ, ਜਿਨ੍ਹਾਂ ਦੇ ਸਿਰ ਤੋਂ ਗੁਰੂ ਨੇ ਆਪਣੇ ਚਾਰੋਂ ਲਾਲ ਵਾਰ ਦਿੱਤੇ ਸਨ, ਫਿਰ ਸਾਡੇ ਤੋਂ ਵੱਡਾ ਅਕ੍ਰਿਤਘਣ ਅਤੇ ਅਹਿਸਾਨ ਫਰਾਮੋਸ਼ ਹੋਰ ਕੌਣ ਹੋਵੇਗਾ?

ਕੇਸਾਂ ਦੀ ਥਾਂ ਖੋਪੜੀਆਂ ਲਹਾਉਣ ਵਾਲੇ ਦਸਤਾਰ ਸਿਰਿਆਂ ਦੀ ਕੌਮ 'ਚ ਘੋਨ-ਮੋਨ, ਨੱਤੀਆਂ ਵਾਲਿਆਂ ਦੀ ਪੀੜ੍ਹੀ ਪੈਦਾ ਹੋ ਗਈ ਹੈ, ਪ੍ਰੰਤੂ ਸਿਵਾਏ ਚਿੰਤਾ ਦੇ ਦੋ ਬੋਲਾਂ ਤੋਂ ਅਸੀਂ ਕੁਝ ਕਰ ਹੀ ਨਹੀਂ ਰਹੇ। ਕੌਮੀ ਸਵੈਮਾਣ, ਅਣਖ਼ ਤੇ ਗੈਰਤ ਲਈ ਮੌਤ ਦੇ ਗਾਨੇ ਬੰਨ੍ਹਣ ਵਾਲੇ ਲਾੜਿਆਂ ਦੀ ਕੌਮ 'ਚ ਪਦਾਰਥ ਲੋਭ-ਲਾਲਚ ਲਈ ਝੱਟ ਸਿੱਖੀ ਤੋਂ ਬੇਮੁੱਖ ਹੋਣ ਵਾਲਿਆਂ ਦੀ ਗਿਣਤੀ 'ਚ ਅਥਾਹ ਵਾਧਾ ਹੋਇਆ ਹੈ। ਸਿੱਖੀ ਸਿਧਾਂਤਾਂ ਦੀ ਪ੍ਰਪੱਕਤਾ ਦੀ ਥਾਂ, ਉਨ੍ਹਾਂ ਨੂੰ ਵੱਡਾ ਖੋਰਾ ਲਾਇਆ ਜਾ ਰਿਹਾ ਹੈ। ਬਾਣੀ ਤੇ ਬਾਣੇ ਤੋਂ ਦੂਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਫਿਰ ਵੀ ਅਸੀਂ ਗੁਰੂ ਦੀ ਅਸੀਸ ਭਾਲਦੇ ਹਾਂ? ਸਿੱਖੀ, ਕਰਮ ਭੂਮੀ ਹੈ, ਜਿੱਥੇ ਸਿਰਫ਼ ਤੇ ਸਿਰਫ਼ ਅਮਲਾਂ ਨਾਲ ਪਰਖ ਹੁੰਦੀ ਹੈ ਅਤੇ ਜਦੋਂ ਅਸੀਂ ਅਮਲਾਂ ਦੇ ਇਮਿਤਹਾਨ 'ਚ ਬੁਰੀ ਤਰ੍ਹਾਂ ਫੇਲ੍ਹ ਹੋ ਰਹੇ ਹਾਂ, ਫਿਰ ਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਦੇ ਪਾਤਰ ਕਿਵੇਂ ਬਣ ਸਕਦੇ ਹਾਂ? ਅੱਜ ਲੋੜ ਹੈ ਕਿ ਅਸੀਂ ਮਨਮੱਤ ਦਾ ਤਿਆਗ ਕਰਕੇ ਗੁਰਮਤਿ ਦੇ ਧਾਰਨੀ ਬਣਨ ਵੱਲ ਤੁਰੀਏ। ਨਵੀਂ ਸਦੀ ਦੀ ਨਵੀਂ ਸੋਚ, ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਆਪਣੀ ਕੌਮ ਨੂੰ ਤਿਆਰ ਕਰੀਏ ਅਤੇ ਜਿਸ ਨਿਆਰੇ ਪੰਥ ਦੀ ਨੀਂਹ ਦਸਮੇਸ਼ ਪਿਤਾ ਨੇ ਰੱਖੀ ਸੀ, ਉਸਨੂੰ ਖੋਰੇ ਦੀ ਥਾਂ, ਮਜ਼ਬੂਤ ਬਣਾਈਏ, ਤਦ ਹੀ ਗੁਰੂ ਦੇ ਦਿਹਾੜੇ ਮਨਾਉਣ ਦਾ ਕੋਈ ਅਰਥ ਹੈ। 

Editorial
Jaspal Singh Heran

Click to read E-Paper

Advertisement

International