ਅਕਾਲੀ ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ...

ਜਸਪਾਲ ਸਿੰਘ ਹੇਰਾਂ
ਜਦੋਂ ਦੋ ਚੋਰ ਆਪੋ 'ਚ ਲੜ੍ਹ ਪੈਣ ਤਾਂ ਉਨ੍ਹਾਂ ਦੇ ਬਹੁਤ ਸਾਰੇ ਗੁੱਝੇ ਭੇਦ ਜੱਗ ਜਾਹਿਰ ਹੁੰਦੇ ਹਨ। ਬਾਦਲਕੇ ਤੇ ਸੰਘ ਵਾਲੇ ਆਪੋ 'ਚ ਲੜੇ ਹਨ ਜਾਂ ਫ਼ਿਰ ਕਿਸੇ ਗੁੱਝੀ ਸਿਆਸਤ ਕਾਰਣ ਡਰਾਮੇਬਾਜ਼ੀ ਹੋ ਰਹੀ ਹੈ, ਇਹ ਭੇਦ ਕੱਢਣਾ ਬਾਕੀ ਹੈ। ਬਾਦਲਕੇ ਇਹ ਨਹੀਂ ਆਖ਼ ਸਕਦੇ ਕਿ ਉਨ੍ਹਾਂ ਨੂੰ ਭਾਜਪਾ ਜਾਂ ਸੰਘ ਪਰਿਵਾਰ ਦੀ ਸਿੱਖਾਂ ਪ੍ਰਤੀ ਨਫ਼ਰਤ ਤੇ ਜ਼ਹਿਰ ਬਾਰੇ ਜਾਣਕਾਰੀ ਨਹੀਂ ਸੀ। ਪੰਜਾਬੀ ਸੂਬੇ ਦੀ ਮੰਗ ਤੋਂ ਲੈ ਕੇ ਸਾਕਾ ਦਰਬਾਰ ਸਾਹਿਬ ਤੱਕ ਇਸ ਫ਼ਿਰਕੂ ਹਿੰਦੂਤਵੀ ਪਾਰਟੀ ਨੇ ਹਮੇਸ਼ਾ ਸਿੱਖੀ ਤੇ ਸਿੱਖਾਂ ਵਿਰੁੱਧ, ਸਿੱਖਾਂ ਦੀ ਮਾਂ ਬੋਲੀ ਪੰਜਾਬੀ ਵਿਰੁੱਧ, ਜ਼ਹਿਰ ਘੋਲਿਆ, ਸਦਾ ਹੀ ਕਰੜਾ ਤੇ ਜ਼ਹਿਰੀਲਾ ਵਿਰੋਧ ਕੀਤਾ। ਇੰਨ੍ਹਾਂ ਫ਼ਿਰਕੂ ਜਾਨੂੰਨੀਆਂ ਨੂੰ ਤਾਂ ਸਰਬੱਤ ਦੇ ਭਲੇ ਦਾ ਨਾਅਰਾ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਇਕ ਯੂਨੀਵਰਸਿਟੀ ਬਣਨੀ ਹਜ਼ਮ ਨਹੀ ਸੀ ਹੋਈ ਸੀ, ਇਸ ਤੋਂ ਵੱਧ ਸਿੱਖ ਵਿਰੋਧਤਾ ਹੋਰ ਕੀ ਹੋ ਸਕਦੀ? ਸਾਕਾ ਦਰਬਾਰ ਸਾਹਿਬ ਲਈ ਅਸੀਂ ਇੰਦਰ ਗਾਂਧੀ ਨੂੰ ਮਜ਼ਬੂਰ ਕੀਤਾ, ਇਹ ਦਾਅਵਾ ਭਾਜਪਾ ਦੇ ਉਸ ਸਮੇਂ ਦੇ ਵੱਡੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬਾਂ 'ਚ ਕੀਤਾ। ਪ੍ਰੰਤੂ ਸੱਤਾ ਲਾਲਸਾ ਲਈ ਬਾਦਲਾਂ ਦੇ ਮੂੰਹ 'ਚ ਘੁੰਗਣੀਆਂ ਪਈਆਂ ਰਹੀਆਂ। ਸੌਦਾ ਸਾਧ ਵਾਗੂੰ ਭਗਵਿਆਂ ਦੇ ਸਿੱਖੀ ਤੇ ਸਿੱਖਾਂ ਉਤੇ ਹਰ ਹੱਲੇ ਨੂੰ ਚੁੱਪ ਕਰਕੇ ਬਰਦਾਸ਼ਤ ਹੀ ਨਹੀ ਕੀਤਾ, ਸਗੋਂ ਅੰਦਰਖ਼ਾਤੇ ਉਸਦੀ ਪੂਰੀ-ਪੂਰੀ ਹਮਾਇਤ ਕੀਤੀ। ਜਿਵੇਂ ਅਸੀਂ ਹਮੇਸ਼ਾ ਹੋਕੇ ਦਿੰਦੇ ਆਏ ਹਾਂ ਕਿ ਸਿੱਖਾਂ ਲਈ ਕਾਂਗਰਸ ਤੇ ਭਾਜਪਾ 'ਚ ਕੋਈ ਬਹੁਤ ਫ਼ਰਕ ਨਹੀਂ। ਜੇ ਇੱਕ ਸੱਪਨਾਥ ਹੈ ਤਾਂ ਦੂਜੀ ਨਾਗਨਾਥ ਹੈ। ਇਤਿਹਾਸ ਇਸ ਗੱਲ੍ਹ ਦਾ ਗਵਾਹ ਹੈ ਕਿ ਭਾਜਪਾ ਤੇ ਭਗਵਾਂ ਬ੍ਰਿਗੇਡ ਨੇ ਹਮੇਸ਼ਾ ਸਿੱਖੀ ਦੀਆਂ ਜੜ੍ਹਾਂ ਤੇ ਹੀ ਕੁਹਾੜਾ ਚਲਾਇਆ, ਜਿਸ ਦੀ ਪੀੜ ਤੋਂ ਕੋਈ ਸੱਚਾ ਸਿੱਖ ਬਚਿਆ ਨਹੀਂ।

ਇਸ ਲਈ ਜੇ ਅੱਜ ਕੋਈ ਬਾਦਲਕਾ ਇਹ ਆਖ਼ੇ ਕਿ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਸਾਨੂੰ ਹੁਣ ਦਿਸਿਆ ਹੈ, ਤਾਂ ਉਹ ਅੰਤਾਂ ਦਾ ਝੂਠਾ, ਮਕਾਰ ਤੇ ਪਾਖੰਡੀ ਹੋਵੇਗਾ। ਜਦੋਂ ਤੱਕ ਭਾਜਪਾ ਦੇ ਸਹਾਰੇ ਸੱਤਾਂ ਦਾ ਸੁੱਖ ਮਿਲਦਾ ਰਿਹਾ, ਉਦੋ ਤੱਕ ਤਾਂ ਭਾਜਪਾ ਨੂੰ ਪਤੀ ਤੱਕ ਪ੍ਰਵਾਨ ਕਰਦੇ ਰਹੇ, ਹੁਣ ਜਦੋਂ ਸਿੱਖਾਂ 'ਚ ਬਾਦਲਾਂ ਹੀ ਸਾਖ਼ ਖ਼ਤਮ ਹੁੰਦੀ ਦੇਖ, ਭਾਜਪਾ ਨਵੇਂ '' ਫ਼ੀਲੇ'' ਲੱਭਣ ਲੱਗ ਪਈ ਹੈ ਤਾਂ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਦਿਸ ਪਿਆ ਹੈ। ਭਾਵੇਂ ਕਿ ਭਾਜਪਾ ਨਾਲੋ ਜੇ ਬਾਦਲਕੇ ਤੋੜ  ਵਿਛੋੜ ਕਰਦੇ ਹਨ ਤਾਂ ਅਸੀਂ ਇਸਨੂੰ ਮਜ਼ਬੂਰੀ 'ਚ ਖੇਡੀ ਗਈ ਸੁਆਰਥੀ ਖੇਡ ਮੰਨਦੇ ਹੋਏ ਵੀ 'ਦੇਰ ਆਏ ਦਰੁੱਸਤ ਆਏ' ਆਖਾਂਗੇ। ਪ੍ਰੰਤੂ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਨਹੀਂ ਬਣਿਆ ਜਾਣਾ। ਸਿੱਖ ਜਗਤ ਜਾਣਦਾ ਹੈ ਕਿ ਖੇਡ ਦੇ ਦੋ ਮੁੱਖ ਬਿੰਦੂ ਹਨ, ਪਹਿਲਾ ਭਾਜਪਾ ਸਿੱਖਾਂ ਦੇ ਪੰਜਾਬੋ ਬਾਹਰਲੇ ਦੋਵਾਂ ਤਖ਼ਤ ਸਾਹਿਬਾਨ ਤੇ ਸਿੱਧੇ ਰੂਪ 'ਚ ਹੀ ਕਾਬਜ਼ ਹੋਣਾ ਚਾਹੁੰਦੀ ਹੈ। ਦੋਵਾਂ ਤਖ਼ਤ ਸਾਹਿਬਾਨ ਤੇ ਕਬਜ਼ੇ ਨਾਲ ਭੇਖੀ ਸਿੱਖਾਂ ਨੂੰ ਭਾਜਪਾ ਨਾਲ ਪੱਕੇ ਤੌਰ ਤੇ ਜੋੜੀ ਰੱਖਣ ਦਾ 'ਫੇਵੀਕੋਲ' ਮਿਲ ਜਾਵੇਗਾ। ਦੂਜਾ ਸਿੱਖਾਂ ਵੱਲੋਂ ਨਕਾਰੇ ਬਾਦਲਾਂ ਦੀ ਥਾਂ ਕਿਸੇ ਹੋਰ ਦੰਭੀ ਸਿੱਖ ਚਿਹਰੇ ਨੂੰ ਅੱਗੇ ਕਰਕੇ ਆਪਣਾ ਉੱਲੂ ਸਿੱਧਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਦੋਵਾਂ ਧਿਰਾਂ ਨੇ ਇੱਕ ਦੂਜੇ  ਵੱਲ ਆਪੋ ਆਪਣੇ ਹਥਿਆਰ ਸਿੱਧੇ ਕੀਤੇ ਹਨ। ਤਿੱਖੇ ਸ਼ਬਦੀ ਹੱਲੇ ਬੋਲੇ ਹਨ। ਪ੍ਰੰਤੂ ਦੋਵਾਂ ਧਿਰਾਂ ਦੇ ਵੱਡੇ ਆਗੂ ਫ਼ਿਲਹਾਲ ਖਾਮੋਸ਼ ਹਨ, ''ਤੇਲ ਦੇਖੋ, ਤੇਲ ਦੀ ਧਾਰ ਦੇਖੇ'' ਦੇ ਫਾਰਮੂਲੇ ਅਨੁਸਾਰ ਇਸ ਹੱਲੇ ਦੀ ਕੀ ਪ੍ਰਤੀਕ੍ਰਿਆ ਹੁੰਦੀ ਹੈ, ਉਸਨੂੰ ਵੇਖਿਆ ਜਾਵੇਗਾ। ਤਾਂ ਕਿ ਘਾਟੇ 'ਚ ਰਹਿਣ ਵਾਲੀ ਧਿਰ, ਦੂਜੀ ਧਿਰ ਦੇ, ਸਾਡੇ ਗੱਠਜੋੜ ਦਾ ਤਾਂ ਨਹੁੰ ਮਾਸ ਦਾ ਰਿਸ਼ਤਾ ਹੈ, ਆਖ਼ਕੇ ਪੈਰੀ ਪੈਣ ਜੋਗੀ ਰਹੇ।

ਅਸੀਂ ਭਵਿੱਖਬਾਣੀ ਕਰ ਸਕਦੇ ਹਾਂ ਕਿ ਦੋਵਾਂ ਧਿਰਾਂ ਦੇ ਪੱਲੇ ਹੁਣ ਐਨੇ ਦਾਣੇ ਨਹੀ ਕਿ ਦੂਜੇ ਧਿਰ ਨਾਲੋ ਮਕੁੰਮਲ ਤੋੜਾ ਵਿਛੋੜਾ ਕਰ ਲੈਣ। ਪ੍ਰੰਤੂ ਭਗਵਾਂ ਬ੍ਰਿਗੇਡ ਪੰਜਾਬ ਦੀਆਂ 8-10 ਸੀਟਾਂ ਨਾਲੋ ਸਿੱਖੀ ਦੇ ਖ਼ਾਤਮੇ ਲਈ ਕੋਸ਼ਿਸ ਕਰਨ ਨੂੰ ਪਹਿਲ ਦੇਵੇਗੀ। ਇਸ ਲਈ ਹੋ ਸਕਦਾ ਹੈ ਕਿ ਬਾਦਲਾਂ ਦਾ ਬਦਲ ਪੈਦਾ ਕਰਕੇ, ਉਸਨੂੰ ਤਕੜਾਂ ਕਰਨ ਦੀ ਕੋਸ਼ਿਸ ਹੋਵੇ। ਲੋਕ ਸਭਾ ਚੋਣਾਂ ਸਿਰਫ਼ ਤਿੰਨ ਮਹੀਨੇ ਦੂਰ ਹਨ। ਪੰਜਾਬ 'ਚ ਸਿਆਸਤ ਤੇ ਖ਼ਾਸ ਕਰਕੇ ਸਿੱਖ ਸਿਆਸਤ ਦਾ ਵਿਹੜਾ ਪੂਰੀ ਤਰ੍ਹਾਂ ਖ਼ਾਲੀ ਹੈ। ਅਜਿਹੇ ਸਮੇਂ ਸਿੱਖਾਂ ਨੂੰ ਮੋਦੀਕਿਆ, ਬਾਦਲਕਿਆਂ ਤੇ ਰਾਹੁਲਕਿਆਂ ਤੋਂ ਇੱਕੋ-ਜਿੰਨੀ ਦੂਰੀ ਰੱਖਕੇ, ਕਿਸੇ ਤੀਜੀ ਧਿਰ ਨੂੰ ਜਿਹੜੀ ਪੰਥ ਤੇ ਪੰਜਾਬ ਦੋਵਾਂ ਦੀ ਬਰਾਬਰ ਹਿਤੈਸ਼ੀ ਹੋਵੇ, ਉਸਨੂੰ ਥਾਪੜਾ ਦੇਣ ਲਈ ਸਾਂਝੀ ਰਣਨੀਤੀ ਘੜਨ ਹਿੱਤ ਜਲਦੀ ਤੋਂ ਜਲਦੀ ਕੋਈ ਬਾਨਣੂੰ ਬੰਨਣਾ ਹੀ ਪਵੇਗਾ।  ਨਹੀਂ ਤਾਂ ਫ਼ਿਰ ਸਿੱਖਾਂ ਤੇ ਪੰਜਾਬ ਦਾ ਮਾਸ ਚੂੰਡਣ ਲਈ ਉਤਾਵਲੀਆਂ ਗਿਰਝਾਂ ਨੂੰ ਰੋਕ ਸਕਣਾ ਮੁਸ਼ਕਲ ਹੀ ਨਹੀਂ ਅਸੰਭਵ ਹੋ ਜਾਵੇਗਾ।

Editorial
Jaspal Singh Heran

International