ਐਨ ਆਰ ਆਈ ਵੀਰਾਂ ਦੀ ਸਾਰਥਿਕਤਾ...

ਜਸਪਾਲ ਸਿੰਘ ਹੇਰਾਂ
ਭਰ ਸਰਦੀਆਂ ਦੀ ਰੁੱਤੇ ਵਿਦੇਸ਼ਾਂ ਵਿਚ ਬੈਠੇ ਐਨ ਆਰ ਆਈ ਵੱਡੀ ਗਿਣਤੀ ਵਿਚ ਆਪਣੀ ਮਾਤ ਭੂਮੀ ਦੀ ਗੋਦ ਦਾ ਨਿੱਘ ਮਾਣਨ ਲਈ ਪੰਜਾਬ ਫ਼ੇਰੀ ਮਾਰਦੇ ਹਨ। ਪ੍ਰੰਤੂ ਇਸ ਵਰ੍ਹੇ ਫ਼ੇਰੀ ਪਾਉਣ ਵਾਲਿਆਂ ਦੀ ਗਿਣਤੀ ਵਿਚ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਕਾਰਨ ਕਈ ਹੋ ਸਕਦੇ ਹਨ। ਪ੍ਰੰਤੂ ਵੱਡਾ ਕਾਰਨ ਐਨ ਆਰ ਆਈ ਦਾ ਹੌਲੀ ਹੌਲੀ ਪੰਜਾਬ ਤੋਂ ਮੋਹ ਭੰਗ ਹੋ ਰਿਹਾ ਹੋਣਾ ਹੈ। ਵਿਦੇਸ਼ਾਂ ਦੀ ਧਰਤੀ ਤੇ ਪੱਕੇ ਤੌਰ ਤੇ ਸਥਾਪਿਤ ਹੋ ਜਾਣ ਅਤੇ ਵਿਦੇਸ਼ਾਂ ਦੀ ਧਰਤੀ ਤੇ ਨਵੀਂ ਪੀੜੀ ਦਾ ਪੰਜਾਬ ਦੀ ਮਿੱਟੀ ਪ੍ਰਤੀ ਮੋਹ ਨਾ ਹੋਣਾ ਵੀ ਇਸਦੇ ਕਾਰਨ ਹਨ। ਦੂਜਾ ਪੰਜਾਬ ਦੀ ਦਿਨੋਂ ਦਿਨ ਨਿੱਘਰਦੀ ਹਾਲਤ ਤੋਂ ਮਨੋਂ ਦੁਖੀ ਹੋਣ ਕਾਰਨ ਤੇ ਧਾਰਮਿਕ ਤੇ ਰਾਜਸੀ ਵਿਚਾਰਾਂ ਵਿਚ ਵੀ ਇਧਰਲੇ ਪੰਜਾਬੀਆਂ ਨਾਲੋਂ ਵੱਡੇ ਵੱਖਰੇਵੇ ਹੋਣ ਕਾਰਨ ਫ਼ੇਰੀਆਂ ਘੱਟ ਰਹੀਆਂ ਹਨ। ਪ੍ਰੰਤੂ ਇਸ ਸਭ ਦੇ ਬਾਵਜੂਦ ਵੱਡੀ ਗਿਣਤੀ  ਐਨ ਆਰ ਆਈ ਦਾ ਦਿਲ ਪੰਜਾਬ ਲਈ ਧੜਕਦਾ ਹੈ। ਸਿੱਖੀ ਪ੍ਰਤੀ ਸ਼ਰਧਾ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ। ਭਾਵੇਂ ਪਹਿਲੇ ਨਾਲੋਂ ਕਈ ਗੁਣਾਂ ਘੱਟ ਪ੍ਰੰਤੂ ਫ਼ਿਰ ਵੀ ਵਿਦੇਸ਼ਾਂ 'ਚੋਂ ਆਉਂਦੇ ਜਹਾਜ਼ ਪੰਜਾਬੀਆਂ ਨਾਲ ਭਰੇ ਹੁੰਦੇ ਹਨ। ਪ੍ਰਵਾਸੀ ਪੰਜਾਬੀਆਂ ਪ੍ਰਤੀ ਸਿਆਸੀ ਧਿਰਾਂ ਜਿਹੜਾ ਹੇਜ਼ ਵਿਖਾਉਂਦੀਆਂ ਹਨ, ਉਹ ਸਿਆਸੀ ਪੈਂਤੜੇ ਤੋਂ ਵੱਧ ਕੁਝ ਨਹੀਂ ਹੁੰਦਾ, ਕਿਉਂਕਿ ਅਸਲ 'ਚ ਕਿਸੇ ਸਿਆਸੀ ਧਿਰ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਲਈ ਠੋਸ ਉੁਪਰਾਲੇ ਕਦੇ ਨਹੀਂ ਕੀਤੇ, ਜਿਸ ਕਾਰਣ ਪੰਜਾਬ, ਆਪਣੇ ਵਿਦੇਸ਼ੀ ਬੈਠੇ ਪੁੱਤਰਾਂ-ਧੀਆਂ ਤੋਂ ਉਹ ਸੇਵਾ ਨਹੀਂ ਕਰਵਾ ਸਕਿਆ, ਜਿਹੜੀ ਗੁਜਰਾਤ ਵਰਗੇ ਸੂਬੇ ਨੇ ਕਰਵਾਈ ਹੈ ਅਤੇ ਦੇਸ਼ 'ਚ ਤਰੱਕੀ ਤੇ ਵਿਕਾਸ ਦੀਆਂ ਮੰਜ਼ਿਲਾਂ ਸਰ ਕਰਨ ਵਾਲਾ ਪਹਿਲਾ ਸੂਬਾ ਬਣ ਕੇ ਵਿਖਾਇਆ ਹੈ।

ਪ੍ਰਵਾਸੀ ਪੰਜਾਬੀ, ਪੰਜਾਬ ਦੀਆਂ ਸੱਜੀਆਂ-ਖੱਬੀਆਂ ਬਾਹਾਂ ਹੀ ਨਹੀਂ ਸਗੋਂ ਸੂਬੇ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ। ਉਹ ਪੰਜਾਬ ਦਾ ਸਵੈਮਾਣ ਹਨ, ਇਸ ਲਈ ਉਨ੍ਹਾਂ ਦੀ ਪੰਜਾਬ ਪ੍ਰਤੀ ਸੋਚ, ਪਹੁੰਚ ਅਤੇ ਭਾਵਨਾ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਨੂੰ ਪੰਜਾਬ 'ਚੋਂ ਕਿਵੇਂ ਵੀ ਮਨਫ਼ੀ ਕਰਕੇ ਨਹੀਂ ਵੇਖਿਆ ਜਾ ਸਕਦਾ। ਉਨ੍ਹਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਹੱਡ-ਤੋੜਵੀਂ ਮਿਹਨਤ ਨਾਲ ਕੀਤੀ ਕਮਾਈ ਸਦਕਾ, ਜੇ ਮਾਤ ਭੂਮੀ ਦਾ ਕੁਝ ਸਵਾਰਿਆ ਜਾ ਸਕਦਾ ਹੋਵੇ ਤਾਂ ਉਹ ਆਪਣੀ ਮਿਹਨਤ ਅਤੇ ਕਮਾਈ ਨੂੰ ਸਫਲ ਹੋਇਆ ਮੰਨਣਗੇ। ਪ੍ਰੰਤੂ ਅਫ਼ਸੋਸ ਇਹ ਰਿਹਾ ਕਿ ਅੱਜ ਤੱਕ ਪ੍ਰਵਾਸੀ ਪੰਜਾਬੀਆਂ ਨੂੰ ਸੰਤੁਸ਼ਟ ਕਰਨ ਵਾਲਾ ਰਾਹ ਕਿਸੇ ਸਰਕਾਰ ਨੇ ਨਾ ਤਾਂ ਲੱਭਿਆ ਹੈ ਅਤੇ ਨਾ ਹੀ ਅਜਿਹੇ ਰਾਹ ਤੇ ਤੁਰਨ ਦੀ ਕੋਈ ਇੱਛਾ ਸ਼ਕਤੀ ਵਿਖਾਈ ਹੈ। ਕਿਸੇ ਵੀ ਸਰਕਾਰ ਨੇ ਅਜਿਹਾ ਮਾਹੌਲ ਸਿਰਜਣ ਦੀ ਕੋਈ ਕੋਸ਼ਿਸ ਨਹੀਂ ਕੀਤੀ। ਜਿਸ ਸਦਕਾ ਐਨ. ਆਰ. ਆਈਜ਼. ਪੰਜਾਬ ਦੀ ਖੁਸ਼ਹਾਲੀ, ਵਿਕਾਸ ਅਤੇ ਤਰੱਕੀ 'ਚ ਆਪਣਾ ਪੱਕਾ ਅਤੇ ਭਰਵਾਂ ਯੋਗਦਾਨ ਪਾਉਣ ਦਾ ਮਨ ਬਣਾ ਕੇ ਪੰਜਾਬ 'ਚ ਵਾਪਸੀ ਦੀ ਯੋਜਨਾ ਉਲੀਕੀਣ ਲੱਗ ਪੈਣ। ਉਹ ਸਿਰਫ਼ ਕਦੇ-ਕਦਾਈ ਆਪਣੀ ਮਾਤ ਭੂਮੀ ਦੇ ਪਿਆਰ ਦੀ ਸੰਤੁਸ਼ਟੀ ਲਈ ਪੰਜਾਬ ਗੇੜਾ ਮਾਰਦੇ ਹਨ ਅਤੇ ਪੰਜਾਬ ਦੀ ਮੰਦਹਾਲੀ ਨੂੰ ਵੇਖ ਕੇ ਸਿਰਫ਼ ਠੰਡਾ ਹੋਕਾ ਭਰ ਕੇ ਵਾਪਸ ਉਡਾਰੀ ਮਾਰ ਜਾਂਦੇ ਹਨ। ਅੱਜ ਪੰਜਾਬ 'ਚ ਸਿੱਖਿਆ, ਸਿਹਤ, ਸਹੂਲਤਾਂ ਦਾ ਬੇੜਾ ਗਰਕ ਹੋ ਚੁੱਕਾ ਹੈ ਅਤੇ ਰੁਜ਼ਗਾਰ ਦੇ ਮੌਕੇ ਖ਼ਤਮ ਹੋ ਗਏ ਹਨ। ਜੁਆਨੀ ਨਸ਼ਿਆਂ ਦੇ ਰਾਹ ਤੁਰੀ ਹੋਈ ਹੈ। ਉਸ ਸਮੇਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਇਸ ਕਰੂਪ ਹੋ ਰਹੀ ਤਸਵੀਰ ਦਾ ਡੂੰਘਾ ਅਹਿਸਾਸ ਹੋਣਾ ਬੇਹੱਦ ਜ਼ਰੂਰੀ ਹੈ। ਪ੍ਰੰਤੂ ਉਸਦੀ ਥਾਂ ਜੇ ਉਹ ਆਪਣੀ ਮੌਜ ਮਸਤੀ ਲਈ ਕਬੱਡੀ ਕੱਪਾਂ ਤੇ ਜਾਂ ਸਿਆਸੀ ਲੀਡਰਾਂ ਦੀ ਜਿੱਤ ਲਈ ਕਰੋੜਾਂ ਰੁਪਏ ਫੂਕੀ ਜਾਣ ਤਾਂ ਇਸ ਨੂੰ ਉਨ੍ਹਾਂ ਦਾ ਆਪਣੀ ਮਾਤ ਭੂਮੀ ਪ੍ਰਤੀ ਪਿਆਰ ਨਹੀਂ ਸਗੋਂ ਆਪਣੀ ਚੌਧਰ ਤੇ ਮਸ਼ਹੂਰੀ ਲਈ ਭੁੱਖ ਆਖਿਆ ਜਾਵੇਗਾ।

ਪੰਚਾਇਤੀ ਚੋਣ ਤੋਂ ਲੈ ਕੇ ਲੋਕ ਸਭਾ ਤੱਕ ਹਰ ਚੋਣ ਤੇ ਕਰੋੜਾਂ ਰੁਪਇਆ, ਇਸੇ ਤਰ੍ਹਾਂ ਹਰ ਵਰ੍ਹੇ ਖੇਡ ਮੇਲਿਆਂ ਤੇ ਕਰੋੜਾਂ ਰੁਪਏ ਖਰਚ ਕੇ ਪੰਜਾਬ ਦੀ ਵਿਗੜੀ ਨੂੰ ਸੁਆਰਨ 'ਚ ਭੋਰਾ-ਭਰ ਵੀ ਯੋਗਦਾਨ ਨਹੀਂ ਪੈਂਦਾ। ਕਿਉਂਕਿ ਪੰਜਾਬ ਦੇ ਪਿੰਡ-ਪਿੰਡ ਹੁੰਦੇ ਖੇਡ ਮੇਲੇ ਕਿਸੇ ਨਾਮੀ ਖਿਡਾਰੀ ਨੂੰ ਪੈਦਾ ਕਰਨ ਤੋਂ ਅਸਮਰੱਥ ਹਨ ਅਤੇ ਨਾ ਹੀ ਇਹ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਹਨ। ਫਿਰ ਇਸ ਪੈਸੇ ਦੀ ਬਰਬਾਦੀ ਦਾ ਆਖਰ ਲਾਹਾ ਕੀ ਹੈ? ਇਸ ਲਈ ਡੂੰਘੀ ਸੋਚ ਵਿਚਾਰ ਦੀ ਵੱਡੀ ਲੋੜ ਹੈ। ਪੰਜਾਬ ਅੱਜ ਜਿੱਥੇ ਅਹਿਮ ਤਬਦੀਲੀ ਦੇ ਮੋੜ ਤੇ ਖੜ੍ਹਾ ਹੈ ਉਥੇ ਪੰਜਾਬ ਨੂੰ ਯੋਗ ਤੇ ਸੁਚੱਜੀ ਅਗਵਾਈ ਦੀ ਵੱਡੀ ਲੋੜ ਹੈ। ਜੇ ਪ੍ਰਵਾਸੀ ਪੰਜਾਬੀ, ਪੰਜਾਬ ਦੀ ਅਗਵਾਈ ਲਈ ਅੱਗੇ ਆ ਕੇ ਅਤੇ ਪੰਜਾਬ ਦੀ ਆਰਥਿਕਤਾ ਨੂੰ ਠੁਮੰਣਾ ਦੇਣ 'ਚ ਵੱਡਾ ਯੋਗਦਾਨ ਪਾਉਂਦੇ ਹਨ ਤਦ ਹੀ ਉਹ ਆਪਣੀ ਮਾਤ ਭੂਮੀ ਦੇ ਕਰਜ਼ੇ ਨੂੰ ਲਾਹ ਸਕਣਗੇ। ਪਿੰਡਾਂ ਦੇ ਲੋਕਾਂ ਨੂੰ ਤਿੰਨ ਦਿਨ ਦੇ ਖੇਡ ਮੇਲੇ ਦੀ ਵਖ਼ਤੀ ਖੁਸ਼ੀ ਦੀ ਥਾਂ ਅਤੇ ਸਿਆਸੀ ਲੀਡਰਾਂ ਨੂੰ ਚੋਣਾਂ 'ਚ ਫੰਡ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਥਾਂ ਜੇ ਉਹ ਪੰਜਾਬ ਦੇ ਅਰਥਚਾਰੇ ਦੀ ਤਬਦੀਲੀ ਲਈ ਠੋਸ ਯੋਜਨਾਵਾਂ ਲੈ ਕੇ ਆਉਣ ਤਾਂ ਉਨ੍ਹਾਂ ਦਾ ਯੋਗਦਾਨ ਸਦੀਵੀਂ ਬਣ ਜਾਵੇਗਾ। ਪਿੰਡਾਂ ਦੀਆਂ ਪੰਚਾਇਤਾਂ ਅਤੇ ਪੜ੍ਹੇ-ਲਿਖੇ ਲੋਕ ਆਪੋ-ਆਪਣੇ ਪਿੰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਯੋਜਨਾਵਾਂ ਬਣਾਉਣ ਅਤੇ ਉਸ ਨੂੰ ਪਿੰਡ ਦੇ ਪ੍ਰਵਾਸੀ ਪੰਜਾਬੀਆਂ ਅੱਗੇ ਰੱਖਿਆ ਜਾਵੇ ਅਤੇ ਫਿਰ ਉਸ ਯੋਜਨਾ ਨੂੰ ਰਲ-ਮਿਲ ਕੇ ਸਿਰੇ ਚੜ੍ਹਾਇਆ ਜਾਵੇ। ਅੱਜ ਪੰਜਾਬ ਵਿੱਚ ਸਮੱਸਿਆਵਾਂ ਹੀ ਸਮੱਸਿਆਵਾਂ ਹਨ। ਰੁਜ਼ਗਾਰ ਦੇ ਮੌਕੇ ਖ਼ਤਮ ਹੋ ਗਏ ਹਨ।

ਪੰਜਾਬ ਦਾ ਹਵਾ, ਪਾਣੀ ਦੂਸ਼ਿਤ ਹੋ ਗਿਆ ਹੈ। ਪੰਜਾਬ ਦੀ ਜੁਆਨੀ ਦਿਸ਼ਾਹੀਣ ਹੋ ਗਈ ਹੈ। ਅਜਿਹੀਆਂ ਅਨੇਕਾਂ ਬੁਨਿਆਦੀ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਇਸ ਲਈ ਅੱਜ ਪ੍ਰਵਾਸੀ ਪੰਜਾਬੀ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਫੋਕੀ ਸ਼ੋਹਰਤ ਲਈ ਜਾਂ ਦੋ-ਚਾਰ ਦਿਨ ਦੀ ਮੌਜ-ਮਸਤੀ ਵਿੱਚ ਉਡਾਕੇ ਸੰਤੁਸ਼ਟੀ ਨਹੀਂ ਪ੍ਰਾਪਤ ਕਰ ਸਕਦੇ। ਉਨ੍ਹਾਂ ਨੂੰ ਇਸ ਹਕੀਕਤ ਦਾ ਅਹਿਸਾਸ ਕਰਵਾਉਣਾ ਹੋਵੇਗਾ। ਨਾਲ ਦੀ ਨਾਲ ਉਨ੍ਹਾਂ ਦੇ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਸਹੀ ਥਾਂ ਲਾਉਣ ਦੇ ਮੌਕੇ ਪ੍ਰਦਾਨ ਕਰਨੇ ਸਾਡੀ ਜ਼ਿੰਮੇਵਾਰੀ ਹੈ। ਚਿੰਤਾ ਦੇ ਨਾਲ-ਨਾਲ ਚਿੰਤਨ ਵੀ ਜ਼ਰੂਰੀ ਹੈ। ਜਿਸ ਸਦਕਾ ਪਿੰਡਾਂ ਦੀਆਂ ਗੰਭੀਰ ਸਮੱਸਿਆਵਾਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੇ ਯੋਗਦਾਨ ਨਾਲ ਹੱਲ ਹੋਣਗੀਆਂ। ਲੋਕ ਅਸੀਸਾਂ ਦੇਣਗੇ ਅਤੇ ਪਿੰਡ ਸਵਰਗ ਬਣਨਗੇ। ਅਜਿਹਾ ਹਕੀਕੀ ਨਜ਼ਾਰਾ ਵੇਖ ਕੇ ਹਰ ਸਮਰੱਥ ਪ੍ਰਵਾਸੀ ਪੰਜਾਬ ਆਪਣੀ ਕਮਾਈ ਨੂੰ ਸਾਰਥਿਕ ਕਰਨ ਲਈ ਆਪਣੀ ਮਾਂ ਮਿੱਟੀ ਦੀ ਸੇਵਾ ਕਰਨ ਲਈ ਤੁਰੇਗਾ। ਲੋੜ ਚੇਤੰਨਤਾ ਪੈਦਾ ਕਰਨ ਅਤੇ ਅਗਵਾਈ ਦੇਣ ਦੀ ਹੈ। ਚੰਗਾ ਹੋਵੇ ਜੇ ਸੂਝਵਾਨ ਪ੍ਰਵਾਸੀ ਪੰਜਾਬੀ, ਪੰਜਾਬ ਦੀ ਹਕੀਕੀ ਤਸਵੀਰ ਨੂੰ ਚੰਗੀ ਤਰ੍ਹਾਂ ਵਿਚਾਰ ਦੇ ਇਸ ਨੂੰ ਸੁੰਦਰ ਬਣਾਉਣ ਵੱਲ ਤੁਰ ਪੈਣ।

Editorial
Jaspal Singh Heran

International