ਪੰਜਾਬ ਦੇ ਭਵਿੱਖ ਲਈ ਫ਼ਿਕਰਮੰਦੀ ਦੀ ਲੋੜ...

ਜਸਪਾਲ ਸਿੰਘ ਹੇਰਾਂ
ਪੰਜਾਬ ਇਸ ਸਮੇਂ ਆਰਥਿਕ ਪੱਖੋਂ ਟੁੱਟ ਚੁੱਕਿਆ ਹੈ, ਧਰਮ ਪੰਖ ਲਾ ਕੇ ਉੱਡ ਗਿਆ ਹੈ, ਵਾਤਾਵਰਣ ਦਿਨੋ ਦਿਨ ਜ਼ਹਿਰੀਲਾ ਹੋ ਰਿਹਾ ਹੈ, ਜਿਸ ਕਾਰਣ ਭਿਆਨਕ ਬੀਮਾਰੀਆਂ ਨੇ ਪੰਜਾਬ ਨੂੰ ਆਪਣੀ ਜਕੜ 'ਚ ਲੈ ਲਿਆ ਹੈ। ਬੇਰੁਜ਼ਗਾਰੀ ਨੇ ਨਵੀਂ ਪੀੜ੍ਹੀ ਨੂੰ ਮਾਨਸਿਕ ਰੂਪ 'ਚ ਬੇਚੈਨ ਕਰ ਛੱਡਿਆ ਹੈ। ਸਿੱਖਿਆ ਦਾ ਢਾਂਚਾ ਚਰਮਰਾ ਗਿਆ ਹੈ। ਸਿਹਤ ਸਹੂਲਤਾਂ ਸਿਰਫ਼ ਅਮੀਰਾਂ ਜੋਗੀਆਂ ਰਹਿ ਗਈਆਂ ਹਨ। ਪੁਰਾਤਨ ਸੱਭਿਆਚਾਰ ਨੂੰ ਵਰਤਮਾਨ ਲਚਰਤਾ ਖਾ ਗਈ ਹੈ। ਛੋਟਾ ਕਿਸਾਨ ਤਬਾਹੀ ਦੇ ਕੰਢੇ ਹੈ। ਖੇਤ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੈ। ਭ੍ਰਿਸ਼ਟਾਚਾਰ ਦੀ ਅਮਰ ਵੇਲ ਹਰ ਪਾਸੇ ਛਾ ਗਈ ਹੈ,। ਮਾਫ਼ੀਆ ਗਿਰੋਹ ਸ਼ਕਤੀਸ਼ਾਲੀ ਹੋ ਰਹੇ ਹਨ।  ਨਸ਼ਿਆਂ ਦੇ ਸੁਦਾਗਰ ਮੌਤ ਦੀ ਖੇਡ ਸ਼ਰੇਆਮ ਬੇਖੌਫ਼ ਹੋ ਕੇ ਖੇਡ ਰਹੇ ਹਨ। ਧੱਕੇਸ਼ਾਹੀ ਨੇ ਇਨਸਾਫ਼ ਨੂੰ ਸੂਬੇ 'ਚੋਂ 'ਤੜੀਪਾਰ' ਕਰ ਛੱਡਿਆ ਹੈ। ਆਮ ਆਦਮੀ ਦੀ ਚੀਖ਼ ਪੁਕਾਰ ਸੁਣਨ ਦੀ ਸੱਤਾਧਾਰੀਆਂ ਪਾਸ ਵਿਹਲ ਹੀ ਨਹੀਂ। 

ਅੱਜ ਅਸੀਂ ਪੰਜਾਬ ਦੇ ਦੁੱਖਾਂ ਦੀ 'ਪੂਣੀ' 'ਚੋਂ ਪੰਜਾਬ ਦੇ ਜ਼ਹਿਰੀਲੇ ਹੁੰਦੇ 'ਵਾਤਾਵਰਣ' ਦੀ ਤੰਦ ਛੂਹਣਾ ਚਾਹੁੰਦੇ ਹਾਂ, ਕਿਉਂਕਿ ਜੇ ਅਸੀਂ ਵਾਤਾਵਰਣ ਦੇ ਜ਼ਹਿਰੀਲੇਪਣ ਤੋਂ ਅੱਖਾਂ ਮੀਚ ਕੇ, ਇਸੇ ਤਰ੍ਹਾਂ ਘੋਗਲ-ਕੰਨੇ ਬਣੇ ਰਹੇ ਹਾਂ ਤਾਂ ਪੰਜਾਬ ਦੀਆਂ ਅਗਾਮੀ ਪੀੜ੍ਹੀਆਂ ਨੂੰ ਤਿਲ-ਤਿਲ ਕਰਕੇ ਮਰਨਾ ਪੈਣਾ ਹੈ। ਉਨ੍ਹਾਂ ਲਈ ਜੀਵਨ 'ਕੁੰਭੀਨਰਕ' ਬਣ ਜਾਵੇਗਾ ਅਤੇ ਇਸ ਨਰੋਏ ਤੇ ਸੋਹਣੇ ਪੰਜਾਬ ਨੂੰ 'ਕੁੰਭੀ ਨਰਕ' ਬਣਾਉਣ 'ਚ ਸਾਡਾ ਤੇ ਸਾਡੇ ਹਾਕਮਾਂ ਦਾ ਸਭ ਤੋਂ ਵਧੇਰੇ ਦੋਸ਼ ਹੋਵੇਗਾ। ਪੰਜਾਬ ਦੀ ਮਾਲਵਾ ਪੱਟੀ ਜਿਸ ਤਰ੍ਹਾਂ 'ਕੈਂਸਰ' ਦੀ ਪੱਟੀ ਬਣ ਗਈ ਹੈ ਅਤੇ ਪੰਜਾਬ 'ਚ ਆਏ ਦਿਨ ਰੇਲਾਂ ਭਰ ਭਰ ਬੀਕਾਨੇਰ ਇਲਾਜ ਲਈ ਜਾ ਰਹੀਆਂ ਹਨ, ਉਹ ਪੰਜਾਬ ਦੇ ਆਉਣ ਵਾਲੇ ਦਿਨਾਂ ਦੀ ਡਰਾਉਣੀ ਤਸਵੀਰ ਦੇ 'ਖੌਫ਼' ਦਾ ਅਹਿਸਾਸ ਕਰਵਾ ਰਹੀਆਂ ਹਨ। ਕਾਲੇ ਪੀਲੀਏ ਨਾਲ ਹੁੰਦੀਆਂ ਮੌਤਾਂ ਦੀ ਗਿਣਤੀ 'ਚ ਤੇਜ਼ ਵਾਧਾ ਹੋਣ ਦੀਆਂ ਖ਼ਬਰਾਂ ਵੀ ਸਾਡੇ ਲਈ ਚਿਤਾਵਨੀ ਹਨ। ਪ੍ਰੰਤੂ ਅਫ਼ਸੋਸ ਹੈ ਕਿ ਸਾਡੇ ਹਾਕਮ ਆਪਣੀਆਂ ਕੰਪਿਊਟਰ ਪ੍ਰਾਪਤੀਆਂ ਦੇ ਰੌਲੇ 'ਚ ਐਨੇ ਮਸਤ ਹਨ, ਕਿ ਉਨ੍ਹਾਂ ਨੂੰ ਨਰੋਏ ਪੰਜਾਬ ਦਾ ਪਿੰਜਰ ਬਣ ਰਿਹਾ ਢਾਂਚਾ ਵਿਖਾਈ ਹੀ ਨਹੀਂ ਦਿੰਦਾ।

ਪੰਜਾਬ ਦੇ ਪਾਣੀ, ਜਿਨ੍ਹਾਂ 'ਚ ਯੂਰੇਨੀਅਮ ਦੀ ਮਾਤਰਾ 'ਚ ਤੇਜ਼ ਵਾਧਾ ਹੋ ਰਿਹਾ ਹੈ, ਮਨੁੱਖਤਾ ਲਈ ਘਾਤਕ ਬਣ ਰਹੇ ਹਨ। ਪਾਣੀ ਦੇ ਪ੍ਰਦੂਸ਼ਿਤ ਹੋਣ ਨਾਲ ਇਸ ਧਰਤੀ ਤੋਂ ਜੀਵਨ ਨਸ਼ਟ ਹੋ ਜਾਵੇਗਾ। ਇਸ ਭਿਆਨਕ ਸੱਚਾਈ ਨੂੰ ਸਵੀਕਾਰ ਕਰਨਾ ਹੀ ਪੈਣਾ ਹੈ। ਮਾਲਵੇ 'ਚ ਕੈਂਸਰ, ਪੀਲੀਏ ਤੋਂ ਇਲਾਵਾ ਚਮੜੀ ਰੋਗ, ਅੱਖਾਂ ਦੀ ਜੋਤ ਦਾ ਪ੍ਰਭਾਵਤ ਹੋਣਾ, ਹੱਡੀਆਂ ਦਾ ਖੋਖਲਾਪਣ ਹੁਣ ਕਿਸੇ ਤੋਂ ਲੁੱਕਿਆ ਨਹੀਂ ਰਹਿ ਗਿਆ ਅਤੇ ਹਰ ਤੀਜਾ ਵਿਅਕਤੀ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੈ। ਪ੍ਰੰਤੂ ਸਾਡੀ ਸਰਕਾਰ ਹਾਲੇਂ ਤੱਕ ਇਹ ਮੰਨਣ ਲਈ ਤਿਆਰ ਹੀ ਨਹੀਂ ਕਿ ਪੰਜਾਬ ਦੇ ਪਾਣੀ 'ਚ ਘਾਤਕ ਧਾਤਾਂ ਵਧ ਰਹੀਆਂ ਹਨ। ਆਪਣੇ ਹਲਕਿਆਂ 'ਚ ਵੋਟ ਰਾਜਨੀਤੀ ਲਈ ਜੇ ਥੋੜ੍ਹੇ ਬਹੁਤ ਪਾਣੀ ਸ਼ੁਧ ਕਰਨ ਵਾਲੇ (ਆਰ. ਓ.) ਲਾ ਵੀ ਦਿੱਤੇ ਗਏ ਹਨ ਤਾਂ ਉਹ ਸਮੱਸਿਆ ਦਾ ਸਥਾਈ ਹੱਲ ਨਹੀਂ ਹਨ। ਰੋਜ਼ੀ-ਰੋਟੀ ਲਈ ਥਾਂ-ਥਾਂ ਧੱਕੇ ਖਾਣ ਵਾਲੇ ਗਰੀਬ ਪਰਿਵਾਰ, ਇਨ੍ਹਾਂ ਪਾਣੀ ਸ਼ੁਧੀ ਯੰਤਰਾਂ ਦਾ ਕਿੰਨਾ ਕੁ ਲਾਹਾ ਲੈ ਸਕਣਗੇ? ਲੋੜ ਚੋਰ ਦੀ ਮਾਂ ਨੂੰ ਮਾਰਨ ਦੀ ਹੈ। ਪਾਣੀ ਕਿਉਂ ਤੇ ਕਿਵੇਂ ਪ੍ਰਦੂਸ਼ਿਤ ਹੋ ਰਿਹਾ ਹੈ? ਉਨ੍ਹਾਂ ਕਾਰਣਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹ ਕੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ 'ਚ ਉਲਝਾਈ ਰੱਖ ਕੇ, ਪੰਜਾਬ ਨੂੰ ਬੰਜਰ ਬਣਾਉਣ ਦੇ ਖਤਰਨਾਕ ਮਨਸੂਬੇ ਦੀ ਰਾਹ ਤੁਰ ਰਹੀ ਹੈ ਅਤੇ ਅਸੀਂ ਆਪਣੇ ਜੀਵਨ ਦੇ ਅਧਾਰ ਦੇ ਜ਼ਹਿਰੀਲੇ ਹੋਣ ਬਾਰੇ ਬੇਫ਼ਿਕਰੀ ਵਿਖਾ ਕੇ, ਅਗਲੀਆਂ ਪੀੜ੍ਹੀਆਂ ਤੋਂ ਜੀਉਣ ਦਾ ਅਧਿਕਾਰ ਹੀ ਖੋਹੀ ਜਾ ਰਹੇ ਹਾਂ।

ਪੰਜਾਬ ਦੇ ਪਾਣੀਆਂ ਬਾਰੇ, ਪੰਜਾਬੀਆਂ ਨੂੰ ਗੰਭੀਰ ਹੋਣਾ ਚਾਹੀਦਾ ਹੈ ਅਤੇ ਹਵਾ ਤੇ ਜਲ ਪ੍ਰਦੂਸ਼ਣ ਪ੍ਰਤੀ ਸੱਚੀ ਫਿਕਰਮੰਦੀ ਕਰਨੀ ਚਾਹੀਦੀ ਹੈ। ਉਧਰ ਦੂਜੇ ਪਾਸੇ ਪੰਜਾਬ ਦੀ ਧਰਤੀ ਵੀ ਪਾਣੀ 'ਚ ਜ਼ਹਿਰੀਲੇ ਤੱਤਾ ਕਾਰਣ ਬੰਜਰ ਹੋ ਰਹੀ ਹੈ, ਉਸ ਦੀ ਉਪਜਾਊ ਸ਼ਕਤੀ ਦਿਨੋ ਦਿਨ ਕੰਮਜ਼ੋਰ ਹੋ ਰਹੀ ਹੈ, ਕਿਉਂਕਿ ਧਰਤੀ 'ਚੋਂ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਖ਼ਤਮ ਹੋ ਰਹੀ ਹੈ, ਪਾਣੀ 'ਚ ਸੋਡੀਅਮ ਦੀ ਮਾਤਰਾ ਵੱਧ ਹੋਣ ਕਾਰਣ ਇਹ ਗੰਭੀਰ ਸਥਿੱਤੀ ਦਿਨੋ ਦਿਨ ਹੋਰ ਗੰਭੀਰ ਹੋ ਰਹੀ ਹੈ। ਇਕੱਲੇ ਪਟਿਆਲੇ ਜ਼ਿਲੇ 'ਚ 14036 ਮਿੱਟੀ ਦੇ ਨਮੂਨੇ ਲੈ ਕੇ ਕੀਤੀ ਗਈ ਜਾਂਚ ਨੇ ਇਨ੍ਹਾਂ ਭਿਆਨਕ ਸਥਿੱਤੀਆਂ ਦੀ ਪੋਲ੍ਹ ਖੋਲ੍ਹੀ ਹੈ। ਅੱਜ ਲੋੜ ਹੈ ਪੰਜਾਬ ਦੀ ਹਵਾ ਪਾਣੀ ਤੇ ਮਿੱਟੀ ਨੂੰ ਬਚਾਉਣ ਲਈ ਸਾਰੇ ਪੰਜਾਬੀ ਆਪੋ ਆਪਣੀ ਪੱਧਰ ਤੇ ਹੰਭਲਾ ਮਾਰਨ ਅਤੇ ਸਰਕਾਰ ਤੇ ਦਬਾਅ ਬਣਾ ਕੇ, ਉਸਨੂੰ ਵੀ ਇਸ ਪਾਸੇ ਤੋਰਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਸੱਤਵੇਂ ਪਾਤਸ਼ਾਹ ਦੇ ਗੁਰਗੱਦੀ ਦਿਵਸ ਨੂੰ 'ਵਾਤਾਵਰਣ ਦਿਵਸ' ਵਜੋਂ ਮਨਾਉਣ ਦਾ ਫੈਸਲਾ ਤਾਂ ਕੀਤਾ ਹੈ, ਪ੍ਰੰਤੂ  ਸਿਰਫ਼ ਫ਼ੋਕੀ ਬਿਆਨਬਾਜ਼ੀ ਨਾਲ ਕੁਝ ਹੋਣ ਵਾਲਾ ਨਹੀਂ। ਕਿਸਾਨਾਂ, ਖੇਤ ਮਜ਼ਦੂਰਾਂ ਤੇ ਆਮ ਪੰਜਾਬੀਆਂ ਨੂੰ ਜਾਗਰੂਕ ਕੀਤਾ ਜਾਵੇ।

ਸਿਆਣੀਆਂ ਕੌਮਾਂ ਭਵਿੱਖ ਪ੍ਰਤੀ ਹਮੇਸ਼ਾ ਫਿਕਰਮੰਦੀ ਰੱਖਦੀਆਂ ਹਨ। ਪ੍ਰੰਤੂ ਸਾਡੀ ਕੌਮ ਮੁਸੀਬਤ ਦੇ ਸਿਰ ਤੇ ਆ ਜਾਣ ਦੇ ਬਾਵਜੂਦ ਗਫ਼ਲਤ ਦੀ ਨੀਂਦ ਸੁੱਤੀ ਪਈ ਹੈ। ਅੱਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹੋਂਦ ਨੂੰ ਖ਼ਤਰਾ ਹੈ, ਇਹ ਕੌੜੀ ਸੱਚਾਈ ਨੂੰ ਮੰਨ ਕੇ, ਇਸਦੇ ਹੱਲ ਲਈ ਜੂਝਣਾ ਹਰ ਪੰਜਾਬੀ ਦਾ ਮੁੱਢਲਾ ਫਰਜ਼ ਹੈ। ਇਸ ਲਈ ਪੰਜਾਬ ਦੀ ਵਰਤਮਾਨ ਦਸ਼ਾ ਬਾਰੇ ਸਮੁੱਚੇ ਪੰਜਾਬੀਆਂ 'ਚ ਫਿਕਰਮੰਦੀ ਪੈਦਾ ਕਰਨੀ ਅਤੇ ਫ਼ਿਰ 'ਰੰਗਲੇ ਪੰਜਾਬ' ਦੀ ਮੁੜ ਸਥਾਪਤੀ ਲਈ 'ਲਹਿਰ' ਪੈਦਾ ਕਰਨੀ ਇਸ ਸਮੇਂ ਦੀ ਸਭ ਤੋਂ ਵੱਡੀ ਤੇ ਇੱਕੋ-ਇਕ ਲੋੜ ਹੈ, ਇਸ ਲਹਿਰ ਦਾ 'ਅਗਾਜ਼' ਜਿਨ੍ਹਾਂ ਜਲਦੀ ਹੋ ਜਾਵੇ, ਉਨ੍ਹਾਂ ਹੀ ਚੰਗਾ ਹੈ।

Editorial
Jaspal Singh Heran

International