ਪੰਜਾਬੀ ਬੋਲੀ ਦੀ ਸ਼ੁਧਤਾ ਵੱਲ ਤੁਰਿਆ ਜਾਵੇ...

ਜਸਪਾਲ ਸਿੰਘ ਹੇਰਾਂ
ਪੰਜਾਬੀ ਬੋਲੀ ਦੇ ਲੁੱਪਤ ਹੋ ਜਾਣ ਬਾਰੇ ਅਕਸਰ ਤੌਖਲਾ ਪ੍ਰਗਟਾਇਆ ਜਾਂਦਾ ਹੈ। ਪ੍ਰੰਤੂ ਪੰਜਾਬੀ ਪਿਆਰੇ ਇਸ ਤੌਖ਼ਲੇ ਨੂੰ ਬੇਲੋੜਾ ਦੱਸਦੇ ਹਨ ਅਤੇ ਉਨ੍ਹਾਂ ਦਾ ਭਰੋਸਾ ਹੈ ਕਿ ਗੁਰੂ ਸਾਹਿਬਾਨ ਤੋਂ ਵਰੋਸਾਈ ਇਸ ਮਿੱਠੀ ਤੇ ਸਮਰੱਥ ਬੋਲੀ ਦੀ ਹੋਂਦ ਨੂੰ ਕਦੇ ਵੀ ਖ਼ਤਰਾ ਨਹੀਂ ਹੋ ਸਕਦਾ। ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤੱਕ ਜਾਹਿਰਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਧਰਤੀ ਤੇ ਹੁੰਦਾ ਰਹੇਗਾ, ਉਦੋਂ ਤੱਕ ਸਿੱਖੀ ਤੇ ਪੰਜਾਬੀ ਦੀ ਇਸ ਧਰਤੀ ਤੇ ਹੋਂਦ ਬਰਕਰਾਰ ਰਹੇਗੀ। ਪ੍ਰੰਤੂ ਜਿਹੜੀ ਚਿੰਤਾ ਅੱਜ ਪੰਜਾਬੀ ਬੋਲੀ ਤੇ ਖ਼ਾਸ ਕਰਕੇ ਗੁਰਮੁਖੀ ਲਿੱਪੀ ਨੂੰ ਲੈ ਕੇ ਪ੍ਰਗਟਾਈ ਜਾ ਰਹੀ ਹੈ। ਉਸ ਨੂੰ ਵੀ ਅਸੀਂ ਅਣਗੋਲਿਆ ਨਹੀਂ ਕਰ ਸਕਦੇ। ਅੱਜ ਪਹਿਲੀ ਤੋਂ ਐਮ. ਏ. ਤੱਕ ਪੜ੍ਹਦੇ ਪੰਜਾਬੀ ਮਾਵਾਂ ਦੇ ਪੁੱਤਾਂ-ਧੀਆਂ ਨੂੰ ਸ਼ੁਧ ਪੰਜਾਬੀ ਲਿਖਣੀ ਅਤੇ ਪੜ੍ਹਨੀ ਨਹੀਂ ਆਉਂਦੀ, ਇਹੋ ਕਾਰਣ ਹੈ ਕਿ ਸਕੂਲ ਦੀ ਕਿਸੇ ਵੀ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਜਦੋਂ ਪੰਜਾਬੀ ਪੜ੍ਹਦੇ ਹਨ, ਤਾਂ ਉਨ੍ਹਾਂ ਦਾ ਉਚਾਰਣ ਸ਼ੁਧ ਨਹੀਂ ਹੁੰਦਾ ਅਤੇ ਲਿਖਣ ਵੇਲੇ ਤਾਂ 'ਗੁਰਮੁਖੀ ਲਿੱਪੀ' ਦਾ ਜਲੂਸ ਹੀ ਕੱਢ ਦਿੱਤਾ ਜਾਂਦਾ ਹੈ। ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਇਸ ਸਬੰਧੀ ਕਰਵਾਏ ਸਰਵੇਖਣ, ਬੇਹੱਦ ਚਿੰਤਾ ਦਾ ਵਿਸ਼ਾ ਹਨ। ਪੰਜਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਤੋਂ ਦੂਜੀ ਜਮਾਤ ਦੀ ਪੰਜਾਬੀ ਪੁਸਤਕ ਦਾ ਪਹਿਲਾ ਪਾਠ ਸਹੀ ਨਹੀਂ ਪੜ੍ਹਿਆ ਗਿਆ। ਬੀਮਾਰੀ ਦੀ ਛੁੱਟੀ ਲਈ ਲਿਖੀ ਅਰਜ਼ੀ 'ਚ  40 ਫ਼ੀਸਦੀ ਗ਼ਲਤੀਆਂ ਹਨ। ਪ੍ਰਾਈਵੇਟ ਸਕੂਲਾਂ ਦਾ ਤਾਂ ਇਸ ਤੋਂ ਵੀ ਮਾੜਾ ਹਾਲ ਹੈ, ਪ੍ਰਾਈਵੇਟ ਸਕੂਲਾਂ 'ਚ ਹਿੰਦੀ ਨੂੰ ਮਿਲਦੀ ਪ੍ਰਧਾਨਤਾ ਕਾਰਣ, ਸ਼ਹਿਰੀ ਪੰਜਾਬੀ ਵਿਦਿਆਰਥੀਆਂ ਨੂੰ ਸਿਹਾਰੀ-ਬਿਹਾਰੀ ਦੇ ਫ਼ਰਕ ਦਾ ਹੀ ਪਤਾ ਨਹੀਂ। ਲਗ੍ਹਾਂ ਮਾਤਰਾਂ ਬਾਰੇ ਸਕੂਲੀ ਵਿਦਿਆਰਥੀਆਂ ਦਾ ਗਿਆਨ ਨਾ ਵਰਗਾ ਹੈ।

ਇਹੋ ਜਿਹੀ ਹਾਲਤ ਬੀ. ਏ. ਤੱਕ ਦੀਆਂ ਜਮਾਤਾਂ 'ਚ ਹੈ, ਸ਼ੁੱਧ ਸ਼ਬਦ-ਜੋੜ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਿਹਾ। ਪੰਜਾਬੀ ਵਿਆਕਰਣ, ਪਹਿਲਾਂ ਤਾਂ ਹੁਣ ਪੜ੍ਹਾਈ ਹੀ ਨਹੀਂ ਜਾਂਦੀ, ਕਿਉਂਕਿ ਸਕੂਲਾਂ, ਕਾਲਜਾਂ 'ਚ ਹੁਣ ਸਿਰਫ਼ ਤੇ ਸਿਰਫ਼ 'ਗਾਈਡਾਂ' ਨਾਲ ਕੰਮ ਚਲਾਇਆ ਜਾਂਦਾ ਹੈ। ਇਸ ਲਈ ਜਿਸ ਬੱਚੇ ਨੂੰ ਉਸ ਭਾਸ਼ਾ ਦੀ ਵਿਆਕਰਣ, ਜਿਸਨੂੰ ਉਹ ਲਿਖਣਾ-ਪੜ੍ਹਨਾ ਸਿੱਖ ਰਿਹਾ ਹੈ, ਨਹੀਂ ਪੜ੍ਹਾਈ ਤੇ ਸਿਖਾਈ ਜਾਂਦੀ, ਉਦੋਂ ਤੱਕ ਉਸ ਪਾਸੋਂ ਸ਼ੁਧੀ ਦੀ ਆਸ ਨਹੀਂ ਕੀਤੀ ਜਾ ਸਕਦੀ। ਅੱਜ ਪੰਜਾਬੀ ਦੇ ਭਵਿੱਖ ਨੂੰ ਲੈ ਕੇ ਜਿਹੜੇ ਬੁੱਧੀਜੀਵੀ ਇਹ ਸਿੱਟਾ ਕੱਢਦੇ ਹਨ ਕਿ ਜੇ ਅਜਿਹੀ ਸਥਿੱਤੀ ਬਰਕਰਾਰ ਰਹੀ ਤਾਂ ਪੰਜਾਬੀ ਸਿਰਫ਼ ਬੋਲਣ ਤੱਕ ਸੀਮਤ ਰਹਿ ਜਾਵੇਗੀ, ਲਿਖਣ ਅਤੇ ਪੜ੍ਹਨ ਵਾਲਾ 'ਪੱਤਾ' ਸਾਫ਼ ਹੋ ਸਕਦਾ ਹੈ, ਉਨ੍ਹਾਂ ਨੂੰ ਗ਼ਲਤ ਨਹੀਂ ਆਖਿਆ ਜਾ ਸਕਦਾ। ਪੰਜਾਬੀ ਪ੍ਰੇਮੀਆਂ ਅਤੇ ਖ਼ਾਸ ਕਰਕੇ ਬੁੱਧੀਜੀਵੀ ਪੰਜਾਬੀ ਵਰਗ ਨੂੰ ਇਸ ਪਾਸੇ ਤੁਰੰਤ ਧਿਆਨ ਦੇ ਕੇ, ਇਸ 'ਰੋਗ' ਦਾ ਹੱਲ ਲੱਭਣਾ ਚਾਹੀਦਾ ਹੈ। ਪੰਜਾਬੀ ਅਧਿਆਪਕ, ਜਿਹੜੇ ਸਕੂਲਾਂ, ਕਾਲਜਾਂ 'ਚ ਪੰਜਾਬੀ ਪੜ੍ਹਾਉਂਦੇ ਹਨ, ਸਭ ਤੋਂ ਪਹਿਲਾਂ, ਉਨ੍ਹਾਂ ਦੇ ਵਿਸ਼ੇਸ਼ ਸੈਮੀਨਾਰ ਲਾ ਕੇ ਉਨ੍ਹਾਂ ਨੂੰ ਪੰਜਾਬੀ ਦੀ ਵਿਆਕਰਣ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਤਾਂ ਕਿ ਉਹ ਪਹਿਲੀ ਜਮਾਤ ਤੋਂ ਹੀ ਬੱਚੇ ਦੇ ਪੰਜਾਬੀ ਉਚਾਰਣ ਨੂੰ ਠੀਕ ਕਰ ਸਕਣ। ਕਿਸੇ ਸਮੇਂ ਇਹ ਕੰਮ ਗੁਰੂ ਘਰਾਂ ਦੇ ਗ੍ਰੰਥੀ ਕਰਦੇ ਸਨ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਂਦੀ 'ਸੰਥਿਆ' ਪੰਜਾਬੀ ਦੀ ਸ਼ੁਧਤਾ ਦਾ ਮੁੱਢ ਬੰਨਦੀ ਸੀ। ਪੰਜਾਬ ਸਰਕਾਰ ਵੱਲੋਂ ਭਾਵੇਂ ਪੰਜਾਬੀ ਨੂੰ ਸੂਬੇ ਦੀ ਮਾਤ-ਭਾਸ਼ਾ ਦਾ ਦਰਜਾ ਦਿੱਤਾ ਗਿਆ ਹੋਇਆ ਹੈ, ਪ੍ਰੰਤੂ ਹਾਕਮ ਧਿਰਾਂ, ਪੰਜਾਬੀ ਪ੍ਰਤੀ ਕਦੇ ਵੀ ਗੰਭੀਰ ਨਹੀਂ ਹੋਈਆ। ਜਿਸ ਕਾਰਣ ਪੰਜਾਬੀ ਨੂੰ ਅੱਜ ਤੱਕ ਸਰਕਾਰੀ ਦਫ਼ਤਰਾਂ 'ਚ ਮਾਣ-ਸਨਮਾਨ ਨਹੀਂ ਮਿਲਿਆ।

ਅੰਗਰੇਜ਼ੀ ਸਕੂਲਾਂ ਦੇ ਰੁਝਾਨ ਨੇ ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਂਦੇ-ਸਿਖਾਉਂਦੇ, ਉਨ੍ਹਾਂ ਤੋਂ ਪੰਜਾਬੀ ਵੀ ਖੋਹ ਲਈ ਹੈ। ਜਿਸ ਕਾਰਣ ਪਿੰਡਾਂ-ਕਸਬਿਆਂ ਤੇ ਸ਼ਹਿਰਾਂ ਦੇ ਨਾਮ-ਨਿਹਾਦ ਅੰਗਰੇਜ਼ੀ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਨਾ ਤਾਂ 'ਅੰਗਰੇਜ਼' ਹੀ ਬਣ ਸਕੇ ਨਾਂ ਹੀ ਉਨ੍ਹਾਂ ਪਾਸ ਮਾਂ-ਬੋਲੀ ਦੀ ਮੁਹਾਰਤ ਰਹੀ। ਅੱਜ ਸਾਡੇ ਸਾਹਮਣੇ ਜਿਥੇ ਪੰਜਾਬੀ ਨੂੰ ਪੰਜਾਬ 'ਚ ਸਰਕਾਰੇ-ਦਰਬਾਰੇ ਮਾਂ-ਬੋਲੀ ਵਜੋਂ ਸਥਾਪਿਤ ਕਰਵਾਉਣ ਦਾ ਵੱਡਾ ਮੁੱਦਾ ਹੈ, ਉੱਥੇ ਪੰਜਾਬੀ ਬੋਲੀ ਦੀ ਸ਼ੁਧਤਾ ਨੂੰ ਬਚਾਉਣ ਦੀ ਉਸ ਤੋਂ ਵੱਡੀ 'ਚੁਣੌਤੀ' ਵੀ ਹੈ। ਜੇ ਪੁਰਾਣੇ ਪੰਜਾਬੀ ਅਧਿਆਪਕ, ਆਪਣੀ ਮਾਂ-ਬੋਲੀ ਪ੍ਰਤੀ ਆਪਣੇ ਫਰਜ਼ ਨੂੰ ਮੁੱਖ ਰੱਖਦਿਆਂ, ਨਵੇਂ ਪੰਜਾਬੀ ਅਧਿਆਪਕਾਂ ਨੂੰ ਪੰਜਾਬੀ ਵਿਆਕਰਣ ਦਾ ਗਿਆਨ ਦੇਣ ਲਈ ਅੱਗੇ ਆਉਣ ਅਤੇ ਪੰਜਾਬੀ ਪ੍ਰੇਮੀ ਥਾਂ-ਥਾਂ ਲੱਗੇ ਉਨ੍ਹਾਂ ਬੋਰਡਾਂ ਦੀ ਸ਼ੁਧਾਈ ਨੂੰ ਜ਼ਰੂਰੀ ਬਣਾ ਲੈਣ, ਜਿਨ੍ਹਾਂ ਤੇ ਪੰਜਾਬੀ ਗ਼ਲਤ ਲਿਖੀ ਹੋਈ ਹੈ, ਤਾਂ ਪੰਜਾਬੀ ਬੋਲੀ ਦੀ ਸ਼ੁਧਤਾ ਵੱਲ ਤੁਰਿਆ ਜਾ ਸਕਦਾ ਹੈ। ਅੱਜ ਸਾਡੇ ਸਾਹਮਣੇ ਜਿਥੇ ਆਪਣੇ ਧਰਮ, ਵਿਰਸੇ ਤੇ ਸੱਭਿਆਚਾਰ ਨੂੰ ਬਚਾਉਣ ਦਾ ਵੱਡਾ ਸੁਆਲ ਖੜ੍ਹਾ ਹੈ, ਉੱਥੇ ਆਪਣੀ ਮਾਂ-ਬੋਲੀ ਦੀ ਸ਼ੁਧਤਾ ਦਾ ਸੁਆਲ ਵੀ ਗੰਭੀਰ ਬਣਿਆ ਖਲੋਤਾ ਹੈ। ਇਸ ਲਈ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।

Editorial
Jaspal Singh Heran

International